ਆਸਟ੍ਰੇਲੀਆ ਵਿੱਚ ਤਕਰੀਬਨ 11,000 ਬੀਚਾਂ ਹਨ ਜਿਨ੍ਹਾਂ ਵਿੱਚੋਂ 5 ਪ੍ਰਤੀਸ਼ਤ ਤੋਂ ਵੀ ਘੱਟ ਉੱਤੇ ਲਾਈਫਗਾਰਡਾਂ ਜਾਂ ਸਰਫ ਲਾਈਫ ਸੇਵਰਾਂ ਦੁਆਰਾ ਗਸ਼ਤ ਕੀਤੀ ਜਾਂਦੀ ਹੈ।
ਪਿਛਲੀਆਂ ਗਰਮੀਆਂ ਵਿੱਚ ਆਸਟ੍ਰੇਲੀਆ ਵਿੱਚ 54 ਲੋਕਾਂ ਦੀ ਡੁੱਬ ਕੇ ਮੌਤ ਹੋਈ ਜਿਸ ਵਿੱਚ 28 ਲੋਕ ਨਿਊ ਸਾਊਥ ਵੇਲਜ਼ ਦੇ ਸਨ ਜੋ ਕਿ ਇਸ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੀ ਸੰਖਿਆ ਸੀ।
ਧਿਆਨ ਯੋਗ ਹੈ ਕਿ ਕੁੱਲ ਮੌਤਾਂ ਵਿੱਚੋਂ 80 ਪ੍ਰਤੀਸ਼ਤ ਡੁੱਬਣ ਦੀਆਂ ਘਟਨਾਵਾਂ ਦਾ ਮੁੱਖ ਕਾਰਨ 'ਰਿਪ ਕਰੰਟ' ਵਿੱਚ ਲੋਕਾਂ ਦੇ ਫਸਣ ਨਾਲ਼ ਜੁੜਿਆ ਸੀ।
ਇਹ ਜਾਨਣਾ ਜ਼ਰੂਰੀ ਹੈ ਕਿ ਆਸਟ੍ਰੇਲੀਅਨ ਸਮੁੰਦਰੀ ਤਟਾਂ 'ਤੇ ਤੈਰਾਕੀ ਕਰਨ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਲਾਲ ਅਤੇ ਪੀਲੇ ਝੰਡਿਆਂ ਦੇ ਵਿਚਕਾਰ ਹੈ ਜੋ ਅਕਸਰ ਸਿਖਲਾਈ ਪ੍ਰਾਪਤ ਲਾਈਫਗਾਰਡਾਂ ਅਤੇ ਸਰਫ ਲਾਈਫ ਸੇਵਰਾਂ ਦੀ ਨਿਗਰਾਨੀ ਹੇਠ ਹੁੰਦੇ ਹਨ।
ਇਸ ਸੰਦੇਸ਼ ਨੂੰ ਅਗਰ ਲੋਕਾਂ ਵਲੋਂ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤਾਂ ਕਈ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।