ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਸਾਬਕਾ ਚੇਅਰ, ਐਲਨ ਫੈਲਜ਼ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਰਪੋਰੇਸ਼ਨਾਂ ਦੁਆਰਾ ਕੀਮਤਾਂ ਵਿੱਚ ਬੇਲੋੜਾ ਵਾਧਾ ਮਹਿੰਗਾਈ ਸੰਕਟ ਦਾ ਮੁੱਖ ਕਾਰਨ ਹੈ।
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੇ ਮੁਖੀ, ਮਿਸ਼ੇਲ ਬੋਲਕ ਨੇ ਕੁੱਝ ਸਮਾਂ ਪਹਿਲਾਂ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਾਲ ਕੱਟਣ ਵਾਲ਼ੇ ਅਤੇ ਦੰਦਾਂ ਦੇ ਡਾਕਟਰਾਂ ਦਾ ਮਹਿੰਗਾਈ ਦਰ ਵਿੱਚ ਸੱਭ ਤੋਂ ਵੱਡਾ ਯੋਗਦਾਨ ਹੈ।
ਮਾਰਚ 2021 ਅਤੇ ਸਤੰਬਰ 2023 ਦੇ ਵਿਚਾਲ਼ੇ ਮਹਿੰਗਾਈ ਦਰ ਵਿੱਚ 14.8 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਜਦ ਕਿ ਇਸ ਸਮੇਂ ਦੌਰਾਨ ਤਨਖ਼ਾਹਾਂ ਵਿੱਚ ਵਾਸਤਵਿਕ ਤੋਰ ਤੇ 5.6 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਆਮ ਲੋਕਾਂ ਦਾ ਜੀਵਨ ਪੱਧਰ ਘਟੋ-ਘੱਟ ਦਸ ਸਾਲ ਪਿਛਾਂ ਚਲਾ ਗਿਆ ਹੈ।
ਰਿਪੋਰਟ ਅਨੁਸਾਰ, ਵਾਹਨ ਚਾਲਕਾਂ ਲਈ ਤੇਲ ਵਿੱਚ 45.4 ਪ੍ਰਤੀਸ਼ਤ, ਅੰਤਰਰਾਸ਼ਟਰੀ ਯਾਤਰਾ ਅਤੇ ਰਿਹਾਇਸ਼ ਵਿੱਚ 36.3 ਪ੍ਰਤੀਸ਼ਤ, ਪਨੀਰ ਵਿੱਚ 27.3 ਪ੍ਰਤੀਸ਼ਤ, ਦੁੱਧ ਦੀਆਂ ਕੀਮਤਾਂ ਵਿਚ 22.7 ਫੀਸਦੀ ਅਤੇ ਬ੍ਰੈਡ ਦੀ ਕੀਮਤ ਵਿੱਚ 24.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।