ਇਸ ਨਵੀਂ ਖੋਜ ਅਨੁਸਾਰ ਮਹਿੰਗਾਈ ਅਤੇ ਰਹਿਣ-ਸਹਿਣ ਦੀ ਵੱਧਦੀ ਲਾਗਤ ਕਾਰਨ ਲੱਖਾਂ ਆਸਟ੍ਰੇਲੀਅਨ ਕ੍ਰੈਡਿਟ ਕਾਰਡ ਦੇ ਕਰਜ਼ ਦੀ ਅਦਾਇਗੀ ਕਰਨ ਵਿੱਚ ਅਸਮਰੱਥ ਹੋ ਰਹੇ ਹਨ।
ਤੁਲਨਾ ਵੈਬਸਾਈਟ, ਫਾਈਂਡਰ, ਦੀ 2024 ਦੀ ਕ੍ਰੈਡਿਟ ਕਾਰਡ ਰਿਪੋਰਟ ਅਨੁਸਾਰ, ਅੱਠਾਂ ਵਿੱਚੋਂ ਇੱਕ ਕ੍ਰੈਡਿਟ ਕਾਰਡ ਧਾਰਕ ਪਿਛਲੇ ਤਿੰਨ ਮਹੀਨਿਆਂ ਵਿੱਚ ਅਦਾਇਗੀ ਕਰਨ ਵਿੱਚ ਅਸਮਰਥ ਰਿਹਾ ਹੈ। ਜਿਸਦਾ ਮਤਲਬ ਹੈ ਕਿ ਅਕਤੂਬਰ ਤੋਂ ਹੁਣ ਤੱਕ ਤਕਰੀਬਨ 1.75 ਮਿਲੀਅਨ ਆਸਟ੍ਰੇਲੀਅਨ ਆਪਣੇ ਕ੍ਰੈਡਿਟ ਕਾਰਡ ਦੀ ਕਿਸ਼ਤ ਦਾ ਘੱਟੋ-ਘੱਟ ਭੁਗਤਾਨ ਵੀ ਨਹੀਂ ਕਰ ਸਕੇ।
ਫਾਈਂਡਰ ਦੁਆਰਾ ਆਪਣੀ ਪਿਛਲੀ ਰਿਪੋਰਟ ਵਿੱਚ ਵੀ ਇਹ ਪਾਇਆ ਗਿਆ ਸੀ ਕਿ ਆਸਟ੍ਰੇਲੀਆ ਵਿੱਚ 15 ਪ੍ਰਤੀਸ਼ਤ ਲੋਕਾਂ ਨੇ ਪਿਛਲੇ 12 ਮਹੀਨਿਆਂ ਵਿੱਚ ਨਵਾਂ ਕ੍ਰੈਡਿਟ ਕਾਰਡ ਲਿਆ ਅਤੇ ਇਸ ਵਿੱਚੋਂ ਘੱਟੋ ਘੱਟ 6 ਪ੍ਰਤੀਸ਼ਤ ਲੋਕ ਉਹ ਸਨ ਜ੍ਹਿਨ੍ਹਾਂ ਨੂੰ ਆਪਣੇ ਬੁਨਿਆਦੀ ਖ਼ਰਚੇ ਪੂਰੇ ਕਰਨ ਲਈ ਇਹ ਕਦਮ ਚੁੱਕਣਾ ਪਿਆ।
ਕ੍ਰੈਡਿਟ ਕਾਰਡ ਦੇ ਕਰਜ਼ੇ ਅਤੇ ਮੁੜ ਅਦਾਇਗੀਆਂ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਮਾਹਰਾਂ ਦੀ ਇਹ ਸਲਾਹ ਹੈ ਕਿ ਆਪਣੇ ਆਪ ਨੂੰ ਵੱਡੇ ਕਰਜ਼ ਤੋਂ ਬਚਾਉਣ ਲਈ ਉਹ ਘੱਟੋ-ਘੱਟ ਬਣਦਾ ਭੁਗਤਾਨ ਕਰਦੇ ਰਹਿਣ। ਆਪਣੇ ਰਿਣਦਾਤਾ ਨੂੰ ਵੀ ਆਪਣੇ ਹਲਾਤਾਂ ਬਾਰੇ ਜਾਣੂ ਕਰਾਉਣਾ ਬਹੁਤ ਅਹਿਮ ਹੈ ਅਤੇ ਹੋਰ ਵਿਕਲਪਾਂ ਦੀ ਵੀ ਪੜਚੋਲ ਕਰਨੀ ਚਾਹੀਦੀ ਹੈ ਜਿਸ ਨਾਲ ਕਰਜ਼ੇ ਦਾ ਭੁਗਤਾਨ ਛੇਤੀ ਹੋ ਸਕੇ।