ਅੰਮ੍ਰਿਤਸਰ ਤੋਂ ਮੈਲਬਰਨ ਦੇ ਐਵਲਨ ਹਵਾਈ ਅੱਡੇ 'ਤੇ ਪਹੁੰਚੀ ਇੱਕ ਭਾਰਤੀ ਔਰਤ ਦੇ ਸਮਾਨ ਦੀ ਤਲਾਸ਼ੀ ਦੌਰਾਨ ਉਸਦੇ ਵਿਦਿਅਕ ਸਰਟੀਫਿਕੇਟ ਮਿਲਣ ਉਪਰੰਤ ਉਸਦਾ ਵਿਜ਼ਿਟਰ ਵੀਜ਼ਾ ਰੱਦ ਕਰ ਕੇ ਭਾਰਤ ਵਾਪਸ ਭੇਜਿਆ ਗਿਆ ਹੈ।
23 ਸਾਲ ਦੀ ਗੁਰਪ੍ਰੀਤ ਕੌਰ* ਆਪਣੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਸੱਦੇ 'ਤੇ ਆਸਟ੍ਰੇਲੀਆ ਪਹੁੰਚੀ ਸੀ। ਜਿਸ ਵੇਲੇ ਉਸਦੇ ਰਿਸ਼ਤੇਦਾਰ ਏਅਰਪੋਰਟ ਦੇ ਬਾਹਰ ਉਸਦੀ ਉਡੀਕ ਕਰ ਰਹੇ ਸਨ, ਬਾਰਡਰ ਫੋਰਸ ਦੇ ਅਧਿਕਾਰੀ ਉਸਦੇ ਸਮਾਨ ਦੀ ਤਲਾਸ਼ੀ ਲੈ ਕੇ ਉਸ ਤੋਂ ਪੁੱਛ ਗਿੱਛ ਕਰ ਰਹੇ ਸਨ।
"ਮੈਂ ਕੁਝ ਦਵਾਈਆਂ ਅਤੇ ਖਾਣ-ਪੀਣ ਦਾ ਸਮਾਨ ਨਾਲ ਲੈ ਕੇ ਗਈ ਸੀ ਜੋ ਮੈਂ ਆਪਣੇ ਇਮੀਗ੍ਰੇਸ਼ਨ ਕਾਰਡ 'ਤੇ ਲਿਖ ਦਿੱਤਾ ਸੀ। ਸ਼ਾਇਦ ਇਸ ਕਾਰਨ ਮੇਰੇ ਸਮਾਨ ਦੀ ਤਲਾਸ਼ੀ ਹੋਈ," ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਜਿਸ ਵੇਲੇ ਗੁਰਪ੍ਰੀਤ ਨੇ ਸਾਡੇ ਨਾਲ ਗੱਲ ਕੀਤੀ ਉਹ ਪਿਛਲੇ 48 ਘੰਟਿਆਂ ਤੋਂ ਕੁਆਲਾਲਮਪੁਰ ਹਵਾਈ ਅੱਡੇ 'ਤੇ ਆਪਣੀ ਅਗਲੀ ਫਲਾਈਟ ਦੀ ਉਡੀਕ ਕਰ ਰਹੀ ਸੀ।
ਐਲਵਨ ਹਵਾਈ ਅੱਡੇ 'ਤੇ ਗੁਰਪ੍ਰੀਤ ਤੋਂ ਕਈ ਘੰਟਿਆਂ ਤੱਕ ਪੁੱਛ-ਗਿੱਛ ਕੀਤੀ ਗਈ।
"ਅਸੀਂ ਹਵਾਈਅੱਡੇ ਦੇ ਟਰਮਿਨਲ ਦੇ ਬਾਹਰ ਰਾਤ 9:30 ਤੋਂ ਉਸਦੀ ਉਡੀਕ ਕਰ ਰਹੇ ਸੀ ਅਤੇ ਸਵੇਰੇ 5 ਵਜੇ ਤੱਕ ਓਥੇ ਰਹੇ। ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀ ਬਾਹਰ ਅਤੇ ਅਤੇ ਸਾਨੂੰ ਕੁਝ ਸੁਆਲ ਕੀਤੇ, ਪੁੱਛਿਆ ਕਿ ਉਹ ਕਿੰਨਾਂ ਸਮਾਂ ਸਾਡੇ ਨਾਲ ਰਹੇਗੀ," ਗੁਰਪ੍ਰੀਤ ਦੀ ਮਾਮੀ ਰਮਨ ਨੇ ਦੱਸਿਆ।
"ਜੇ ਸਾਨੂੰ ਪਤਾ ਹੁੰਦਾ ਕਿ ਉਹ ਆਪਣੇ ਸਰਟੀਫਿਕੇਟ ਨਾਲ ਲਿਆ ਰਹੀ ਹੈ ਤਾਂ ਅਸੀਂ ਉਸਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਰੋਕ ਦਿੰਦੇ। ਅਸੀਂ ਤਾਂ ਚਾਹੁੰਦੇ ਸੀ ਕਿ ਕੁਝ ਸਮਾਂ ਇੱਕਠੇ ਵਤੀਤ ਕਰਦੇ। ਬਲਕਿ ਅਸੀਂ ਉਸਨੂੰ ਨਾਲ ਲੈਕੇ ਕ੍ਰਿਸਮਸ 'ਤੇ ਸਿੰਗਾਪੁਰ ਜਾਣਾ ਸੀ," ਉਸਨੇ ਕਿਹਾ।
ਅਧਿਕਾਰੀਆਂ ਨੇ ਜਦੋਂ ਗੁਰਪ੍ਰੀਤ ਦਾ ਸੂਟਕੇਸ ਖੋਲਿਆ ਤਾਂ ਉਸਦੇ ਵਿੱਚ ਈਐਲਟਸ ਦਾ ਸਰਟੀਫਿਕੇਟ ਮਿਲਿਆ। ਹੋਰ ਤਲਾਸ਼ੀ ਲੈਣ ਤੇ ਉਸਦੇ ਬਾਕੀ ਸਕੂਲ ਅਤੇ ਕਾਲਜ ਦੇ ਸਰਟੀਫਿਕੇਟ ਵੀ ਕੱਪੜਿਆਂ ਵਿੱਚ ਲਪੇਟ ਹੋਏ ਮਿਲੇ। ਇਹ ਦਸਤਾਵੇਜ਼ ਨਾਲ ਲਿਆਉਣ ਦੇ ਕਾਰਨ ਬਾਰੇ ਉਹ ਕੋਈ ਤਸੱਲੀਬਕਸ਼ ਜੁਆਬ ਨਾ ਦੇ ਸਕੀ।
ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਉਸ ਕੋਲੋਂ ਕੇਵਲ $100 ਮਿਲੇ ਜਦਕਿ ਉਸਨੇ ਕਿਹਾ ਸੀ ਕਿ ਉਹ ਤਿੰਨ ਮਹੀਨੇ ਆਪਣੇ ਮਾਮਾ ਮਾਮੀ ਦੇ ਨਾਲ ਰਹਿਣਾ ਚਾਹੁੰਦੀ ਹੈ। ਜਦੋਂ ਉਸਦੇ ਹਵਾਈ ਅੱਡੇ ਦੇ ਬਾਹਰ ਉਸਦੇ ਮਾਮਾ ਮਾਮੀ ਨੂੰ ਅਧਿਕਾਰੀਆਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਉਹਨਾਂ ਦੇ ਨਾਲ ਇੱਕ ਮਹੀਨਾ ਰਹੇਗੀ। ਗੁਰਪ੍ਰੀਤ ਅਧਿਕਾਰੀਆਂ ਨੂੰ ਉਹਨਾਂ ਥਾਵਾਂ ਦੇ ਨਾਂ ਵੀ ਨਹੀਂ ਦੱਸ ਸਕੀ ਜੋ ਕਿ ਉਹ ਆਸਟ੍ਰੇਲੀਆ ਵਿੱਚ ਦੇਖਣਾ ਚਾਹੁੰਦੀ ਸੀ।
ਉਸਦਾ ਵੀਜ਼ਾ ਰੱਦ ਕਰਨ ਵਾਲੇ ਅਧਿਕਾਰੀ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਆਪਣੇ ਸਾਰੇ ਸਰਟੀਫਿਕੇਟ ਨਾਲ ਲਿਆਉਣ ਦਾ ਇਹ ਵਤੀਰਾ ਸੱਚਮੁੱਚ ਆਸਟ੍ਰੇਲੀਆ ਘੁੱਮਣ ਆਉਣ ਵਾਲੇ ਲੋਕਾਂ ਨਾਲੋਂ ਵੱਖ ਹੈ। ਉਸਨੇ ਇਹ ਲਿਖਿਆ ਕਿ ਗੁਰਪ੍ਰੀਤ ਨੂੰ ਆਸਟ੍ਰੇਲੀਆ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਸਦੇ ਕੋਲ ਕੇਵਲ $100 ਸਨ ਜੋ ਉਸਦੇ ਖਰਚ ਲਈ ਨਾਕਾਫ਼ੀ ਸਨ ਅਤੇ ਉਸਦੀ ਰਿਹਾਇਸ਼ ਦਾ ਇੰਤਜ਼ਾਮ ਕੇਵਲ ਇੱਕ ਮਹੀਨੇ ਲਈ ਸੀ।
ਮਾਈਗ੍ਰੇਸ਼ਨ ਏਜੇਂਟ ਜੁਝਾਰ ਬਾਜਵਾ ਮੁਤਾਬਕ ਆਸਟ੍ਰੇਲੀਆ ਵਿੱਚ ਆਰਜ਼ੀ ਤੌਰ ਤੇ ਰਹਿਣ ਦੀ ਨੀਅਤ ਨਾ ਹੋਣਾ ਵੀਜ਼ਾ ਰੱਦ ਕੀਤੇ ਜਾਣ ਦਾ ਕਾਰਨ ਬਣ ਸਕਦਾ ਹੈ।
"ਵੀਜ਼ਾ ਅਰਜ਼ੀ ਵਿੱਚ ਦਿੱਤੀ ਜਾਣਕਾਰੀ ਅਤੇ ਇੱਥੇ ਪਹੁੰਚ ਕੇ ਅਧਿਕਾਰੀਆਂ ਨਾਲ ਇੰਟਰਵਿਊ ਵਿੱਚ ਜੋ ਕਿਹਾ ਜਾਂਦਾ ਹੈ - ਜੇਕਰ ਦੋਹਾਂ ਵਿੱਚ ਫਰਕ ਆ ਜਾਵੇ ਤਾਂ ਇਸਦੇ ਨਾਲ ਮੁਸੀਬਤ ਹੋ ਸਕਦੀ ਹੈ। ਪਰੰਤੂ ਵਿਦਿਅਕ ਦਸਤਾਵੇਜ਼ ਸਮਾਨ ਵਿੱਚ ਮਿਲਨੇ ਅਤੇ ਉਸਦਾ ਕੋਈ ਤਸੱਲੀਬਖਸ਼ ਕਾਰਨ ਨਾ ਹੋਣਾ ਸ਼ਾਇਦ ਇਹ ਜ਼ਾਹਰ ਕਰਦਾ ਹੈ ਕਿ ਉਹ ਕਿਸੇ ਤਰੀਕੇ ਆਸਟ੍ਰੇਲੀਆ ਵਿੱਚ ਜ਼ਿਆਦਾ ਸਮੇਂ ਲਈ ਰਹਿਣਾ ਚਾਹੁੰਦੀ ਸੀ ਜੋ ਕਿ ਵਿਜ਼ਿਟਰ ਵੀਜ਼ਾ ਨਿਯਮਾਂ ਦੇ ਵਿਰੁੱਧ ਹੈ," ਉਹਨਾਂ ਕਿਹਾ।
ਗੁਰਪ੍ਰੀਤ ਨੇ ਕਿਹਾ ਕਿ ਉਹ ਪੁੱਛ-ਗਿੱਛ ਦੌਰਾਨ ਘਬਰਾ ਗਈ ਅਤੇ ਉਸਨੇ ਮੰਨਿਆ ਕਿ ਉਸਤੋਂ "ਕੁਝ ਗ਼ਲਤੀਆਂ" ਹੋਈਆਂ।
"ਪਰੰਤੂ ਇਸਦਾ ਮਤਲਬ ਇਹ ਨਹੀਂ ਕਿ ਮੈਨੂੰ ਹੱਥਕੜੀ ਲਗਾਕੇ ਅਪਰਾਧੀਆਂ ਜਿਹਾ ਮਹਿਸੂਸ ਕਰਾਇਆ ਜਾਵੇ। ਮੇਰੇ ਲਈ ਇਹ ਬਹੁਤ ਹੀ ਸ਼ਰਮਿੰਦਾ ਕਰਨ ਵਾਲਾ ਸੀ। ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਇਥੇ ਆਉਂਦੀ ਹੀ ਨਾ," ਉਸਨੇ ਕਿਹਾ।
ਗੁਰਪ੍ਰੀਤ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਬਰੋੜਮੇਡੌ ਡਿਟੈਂਸ਼ਨ ਸੈਂਟਰ ਲੈ ਕੇ ਜਾਂਦਾ ਗਿਆ ਅਤੇ ਅਗਲੇ ਦਿਨ ਮਲੇਸ਼ੀਆ ਦੀ ਫਲਾਈਟ ਤੇ ਬਿਠਾ ਦਿੱਤਾ। ਓਥੇ ਦੋ ਦਿਨ ਦੀ ਉਡੀਕ ਮਗਰੋਂ ਉਹ ਭਾਰਤ ਆਪਣੇ ਘਰ ਪਹੁੰਚੀ ਹੈ।
*ਉਸਦਾ ਅਸਲੀ ਨਾਮ ਨਹੀਂ