ਮੈਲਬੌਰਨ ਦੇ ਟਰੂਗਨੀਨਾ ਇਲਾਕੇ ਵਿੱਚ ਸਨਿੱਚਰਵਾਰ ਅੱਧੀ-ਰਾਤ ਹੋਏ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ।
ਹਾਦਸੇ ਵਿੱਚ ਜ਼ਖਮੀ ਚਾਰ-ਸਾਲਾ ਬੱਚਾ ਕੱਲ੍ਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ, ਬੱਚਿਆਂ ਦੀ ਮਾਂ ਵੀ ਗੰਭੀਰ ਹਾਲਤ ਵਿੱਚ ਜ਼ੇਰੇ-ਇਲਾਜ ਹੈ।
ਪਰਿਵਾਰ ਹਾਦਸੇ ਵਾਲੀ ਰਾਤ ਕਿਸੇ ਜਨਮਦਿਨ ਦੀ ਪਾਰਟੀ ਤੋਂ ਵਾਪਿਸ ਘਰ ਆ ਰਿਹਾ ਸੀ ਕਿ ਉਹਨਾਂ ਦੀ ਕਾਰ ਇੱਕ ਦੁਰਘਟਨਾ ਦੀ ਚਪੇਟ ਵਿੱਚ ਆ ਗਈ।
ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਫੋਰਡ ਟੈਰੀਟਰੀ ਕਾਰ ਰਾਹ ਜਾਂਦੀ ਇੱਕ ਹੋਰ ਕਾਰ ਨੂੰ 'ਓਵਰਟੇਕ' ਕਰਨ ਵੇਲੇ ਸਾਮਣੇ ਤੋਂ ਆ ਰਹੀ ਇਸ ਪਰਿਵਾਰ ਦੀ ਫੋਰਡ ਫੋਕਸ ਕਾਰ ਨਾਲ ਆ ਟਕਰਾਈ।
ਵਿਕਟੋਰੀਆ ਪੁਲਿਸ ਅਨੁਸਾਰ ਇੱਕ ਦਸ ਸਾਲਾ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਬਾਕੀ ਤਿੰਨ ਜੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ।
ਇੱਕ ਹੋਂਡਾ ਐਸ ਯੂ ਵੀ ਕਾਰ ਵੀ ਇਸ ਦੁਰਘਟਨਾ ਵਿੱਚ ਚਪੇਟ ਵਿੱਚ ਆਈ ਸੀ ਪਰ ਇਸ ਵਿੱਚ ਸਵਾਰ ਪੰਜ ਲੋਕਾਂ ਦਾ ਸੱਟ-ਫੇਟ ਤੋਂ ਬਚਾ ਹੋ ਗਿਆ ਹੈ।
ਹਾਦਸੇ ਵਿੱਚ ਜ਼ਖਮੀ ਚਾਰ-ਸਾਲਾ ਬੱਚਾ ਕੱਲ ਰਾਤ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਰਾਇਲ ਚਿਲਡਰਨਜ਼ ਹਸਪਤਾਲ ਵਿੱਚ ਦਮ ਤੋੜ ਗਿਆ ਹੈ।
ਬੱਚਿਆਂ ਦੇ ਪਿਤਾ ਜੋ ਇਸ ਹਾਦਸੇ ਵਿੱਚ ਵਾਲ਼-ਵਾਲ਼ ਬਚੇ ਹਨ, ਇਸ ਵੇਲੇ ਹਸਪਤਾਲ ਵਿੱਚ ਆਪਣੀ ਜ਼ੇਰੇ-ਇਲਾਜ ਪਤਨੀ ਦੀ ਗੰਭੀਰ ਹਾਲਤ ਨੂੰ ਲੈਕੇ ਚਿੰਤਤ ਹਨ।
ਫੋਰਡ ਟੈਰੀਟਰੀ ਗੱਡੀ ਦਾ ਡਰਾਈਵਰ ਵੀ ਹਸਪਤਾਲ ਵਿੱਚ ਦਾਖਿਲ ਹੈ, ਇੱਕ ਖ਼ਬਰ ਮੁਤਾਬਿਕ ਉਸਦੀਆਂ ਸੱਟਾਂ ਗੰਭੀਰ ਨਹੀਂ ਹਨ।
ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਹੈ, ਅਗਰ ਇਸ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਕਰਾਈਮ ਸਟਾਪਰਜ਼ ਨੂੰ 1800 333 000 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:

ਪੁਲਿਸ ਵੱਲੋਂ ਏ ਟੀ ਐਮ ਸਕਿਮਿੰਗ ਘਟਨਾ ਦੀ ਤਫਤੀਸ਼