ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਕੰਮ ਕਰਦੇ ਸੈਂਕੜੇ ਸੀਜ਼ਨਲ ਜਾਂ ਆਰਜ਼ੀ ਕਾਮੇ ਹੁੰਦੇ ਸ਼ੋਸ਼ਣ ਦੇ ਖਿਲਾਫ ਹੁਣ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਜਾਣਕਾਰੀ ਲੈ ਸਕਣਗੇ।
ਇਸ ਕਾਰਜ ਲਈ ਸਰਕਾਰ ਨੇ $580,000 ਦੇ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਐਸ ਬੀ ਐਸ ਅਤੇ ਹੋਰ ਮੀਡਿਆ ਅਦਾਰਿਆਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਕੰਮ ਕਰਦੇ ਕਾਮਿਆਂ ਦੇ ਸ਼ੋਸ਼ਣ ਦੀ ਚਿੰਤਾਜਨਕ ਰਿਪੋਰਟ ਪੇਸ਼ ਕਾਰਨ ਤੋਂ ਬਾਅਦ ਆਇਆ ਹੈ।
ਇਹ ਦੋ-ਸਾਲਾ ਕਾਨੂੰਨੀ ਸਹਾਇਤਾ ਪ੍ਰੋਗਰਾਮ ਸ਼ੇਪਰਟਨ ਅਤੇ ਜੀਲੌਂਗ ਵਰਗੇ ਪੇਂਡੂ ਖੇਤਰ ਇਲਾਕਿਆਂ ਵਿੱਚ ਵਿਕਟੋਰੀਨ ਲੀਗਲ ਏਡ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।
ਵਿਕਟੋਰੀਅਨ ਮੁਲਾਜਮ ਜਥੇਬੰਦੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।
ਦੱਸਣਯੋਗ ਹੈ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਕੁਝ ਸੀਜ਼ਨਲ ਜਾਂ ਆਰਜ਼ੀ ਕਾਮੇ ਰਹਿਣ-ਸਹਿਣ ਦੇ ਮਾੜ੍ਹੇ ਹਾਲਾਤ, ਬਣਦੀ ਉਜਰਤ ਨਾ ਮਿਲਣਾ, ਝੂਠੇ ਵਾਇਦੇ ਤੇ ਲੋੜ ਤੋਂ ਜਿਆਦਾ ਕੰਮ ਦੇ ਚਲਦਿਆਂ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।
ਵਿਕਟੋਰੀਆ ਦੇ ਸ਼ੇਪਰਟਨ ਇਲਾਕੇ ਵਿੱਚ ਕੰਮ ਕਰਦੇ ਫਿਜੀਅਨ ਭਾਈਚਾਰੇ ਵਿੱਚ ਪਿਛਲੇ ਛੇ ਸਾਲਾਂ ਵਿੱਚ ਚੌਦਾਂ ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕ ਖੇਤਾਂ ਵਿੱਚ ਆਰਜੀ ਕੰਮ ਜਾਂ ਦਿਹਾੜੀ-ਜੋਤਾ ਕਰਦੇ ਸਨ। ਇਹਨਾਂ ਮੌਤਾਂ ਪਿੱਛੋਂ ਖੇਤੀ ਸਨਅਤ ਵਿੱਚ ਕਾਮਿਆਂ ਦੇ ਹਾਲਾਤ ਬਾਰੇ ਤਫਤੀਸ਼ ਦੀ ਮੰਗ ਵੀ ਜ਼ੋਰ ਫੜ ਰਹੀ ਹੈ।