ਫੇਅਰ ਵਰਕ ਅੰਬਡਸਮੈਨ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਸਾਫ-ਸਫਾਈ ਦਾ ਠੇਕਾ ਲੈਣ ਵਾਲੀ ਇੱਕ ਕੰਪਨੀ ਨੇ ਆਪਣੇ ਕਾਮਿਆਂ ਨੂੰ ਘੱਟ ਤਨਖਾਹਾਂ ਦਿੱਤੀਆਂ ਸਨ।
ਇਹਨਾਂ ਕਾਮਿਆਂ ਵਿੱਚ ਜਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ ਜਿੰਨਾ ਦਾ ਸਬੰਧ ਭਾਰਤ, ਫਿਲਪੀਨਜ਼, ਕੋਲੰਬੀਆ ਤੇ ਬ੍ਰਾਜ਼ੀਲ ਨਾਲ ਹੈ।
ਫੇਅਰ ਵਰਕ ਅੰਬਡਸਮੈਨ ਵੱਲੋਂ ਨੈਟਲੀ ਜੇਮਜ਼ ਨੇ ਦੱਸਿਆ ਕਿ ਗਿਆਰਾਂ ਕਾਮਿਆਂ ਨੂੰ ੨੦੧੪ ਵਿੱਚ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਏ ਐਫ ਐਲ ਮੈਚਾਂ ਬਾਅਦ ਸਾਫ-ਸਫਾਈ ਦੇ ਕੰਮ ਬਦਲੇ ਸੈਂਤੀ ਹਜ਼ਾਰ ਡਾਲਰ ਘੱਟ ਦਿੱਤੇ ਗਏ ਸਨ -
"ਅਸੀਂ ਚੁਤਾਲੀ ਕਾਮਿਆਂ ਨਾਲ ਗੱਲ ਕੀਤੀ ਜਿੰਨਾ ਦੀਆਂ ਸ਼ਿਫਟਾਂ ਰਾਤ ਨੌਂ ਵਜੇ ਤੋਂ ਅੱਧੀ ਰਾਤ ਤੱਕ ਹੁੰਦੀਆਂ ਸਨ। ਇਹ ਸਾਰੇ ਸਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਸਨ। ਇਹਨਾਂ ਚ' ਜਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਹਨ ਜਿੰਨਾ ਦਾ ਸਬੰਧ ਭਾਰਤ, ਫਿਲਪੀਨਜ਼, ਕੋਲੰਬੀਆ ਤੇ ਬ੍ਰਾਜ਼ੀਲ ਨਾਲ ਹੈ।“
ਸਫਾਈ ਕਾਮਿਆਂ ਨੂੰ ਫਲੈਟ ਰੇਟ ਉੱਤੇ ੧੮ ਤੋਂ ੨੫ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਜਰਤ ਦਿੱਤੀ ਗਈ ਜੋਕਿ ਮਿੱਥੇ ਸ਼ਿਫਟ ਵਰਕ ਲੋਡਿੰਗ, ਵਾਧੂ ਕੰਮ ਦੀ ਤਨਖਾਹ ਅਤੇ ਘੱਟੋ-ਘੱਟ ਉਜਰਤਮਾਪਦੰਡਾਂ ਤੋਂ ਘੱਟ ਸੀ।
ਫੈਡਰਲ ਸਰਕਟ ਕੋਰਟ ਨੇ ਇਸ ਦੋਸ਼ ਦੇ ਚਲਦਿਆਂ ਸਾਫ-ਸਫਾਈ ਦਾ ਠੇਕਾ ਲੈਣ ਵਾਲੀ ਕੰਪਨੀ ਆਈ ਐਸ ਐਸ ਫਸਿਲਟੀ ਸਰਵਿਸਜ਼ ਆਸਟ੍ਰੇਲੀਆ ਨੂੰ ਇੱਕ ਲੱਖ ਬੱਤੀ ਹਜ਼ਾਰ ਡਾਲਰ ਦਾ ਜੁਰਮਾਨਾ ਸੁਣਾਇਆ ਹੈ।
ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਰੁਜ਼ਗਾਰਦਾਤਾ ਸਹੀ ਤਨਖਾਹ ਜਾਂ ਸਰਕਾਰੀ ਭੱਤੇ ਨਹੀਂ ਦੇ ਰਿਹਾ ਤਾਂ ਸ਼ਿਕਾਇਤ ਦਰਜ ਕਰਵਾਉਣ ਲਈ ਫੇਅਰ ਵਰਕ ਓਮਬੁਡਸਮਨ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ - ਵੈਬਸਾਈਟ ਅਤੇ ਫੋਨ ਨੰਬਰ 13 13 94