ਕਈ ਕੇਸਾਂ ਵਿੱਚ ਤਾਂ ਕਰੋਨਾਵਾਇਰਸ ਕਾਰਨ ਨਿਮੋਨੀਆ ਵੀ ਹੋ ਜਾਂਦਾ ਹੈ ਅਤੇ ਇਸ ਸਮੇਂ ਲੋੜ ਪੈਂਦੀ ਹੈ ਵੈਂਟੀਲੇਟਰ ਨਾਮੀ ਮਸ਼ੀਨ ਦੀ ਜੋ ਕਿ ਵਿਅਕਤੀ ਦੇ ਫੇਫੜਿਆਂ ਵਿੱਚ ਸਾਹ ਲੈਣ ਲਈ ਹਵਾ ਭਰਨ ਦਾ ਕੰਮ ਕਰਦੀ ਹੈ। ਇਹ ਉਸ ਮਰੀਜ਼ ਨੂੰ ਲਗਾਈ ਜਾਂਦੀ ਹੈ ਜੋ ਕਿ ਆਪਣੇ ਆਪ ਸਾਹ ਨਹੀਂ ਲੈ ਪਾਉਂਦੇ।
ਖਾਸ ਨੁੱਕਤੇ:
ਵੈਂਟੀਲੇਟਰ ਇੱਕ ਮਹਿੰਗੀ ਮਸ਼ੀਨ ਹੈ ਜੋ ਬਿਮਾਰ ਵਿਅਕਤੀ ਦਾ ਸਾਹ ਲੈਣਾ ਅਸਾਨ ਕਰਦੀ ਹੈ। ਵੈਂਟੀਲੇਟਰ, ਆਸਟ੍ਰੇਲੀਆ ਦੇ ਸਾਰੇ ਇੰਟੈਨਸਿਵ ਕੇਅਰ ਯੂਨਿਟਾਂ ਅਤੇ ਉਪਰੇਸ਼ਨ-ਕਮਰਿਆਂ ਵਿੱਚ ਉਪਲਬਧ ਹੈ। ਆਸਟ੍ਰੇਲੀਆ ਕੋਲ ਲੋੜ ਪੈਣ ਉੱਤੇ ਲੋਕਲ ਤੇ ਵਿਦੇਸ਼ੀ ਕੰਪਨੀਆਂ ਤੋਂ ਵੈਂਟੀਲੇਟਰ ਖਰੀਦਣ ਦੀ ਸਮਰੱਥਾ ਵੀ ਹੈ।
ਅਮਰੀਕਾ, ਇਟਲੀ, ਸਪੇਨ ਵਰਗੇ ਕਈ ਦੇਸ਼ਾਂ, ਜਿੱਥੇ ਕਰੋਨਾਵਾਇਰਸ ਦੇ ਕੇਸਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਵਿੱਚ ਵੈਂਟੀਲੇਟਰਾਂ ਦੀ ਘਾਟ ਪੂਰਾ ਕਰਨ ਲਈ ਹਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇਸ ਘਾਟ ਨੂੰ ਪੂਰਾ ਕਰਨ ਲਈ ਇੱਕ ਮਸ਼ਹੂਰ ਆਟੋ ਕੰਪਨੀ ‘ਜਨਰਲ ਮੋਟਰਸ’ ਨੂੰ ਵੈਂਟੀਲੇਟਰ ਬਣਾਕੇ ਦੇਣ ਦੀ ਹਿਦਾਇਤ ਵੀ ਕੀਤੀ ਹੈ।
ਵੈਂਟੀਲੇਟਰ ਕੰਮ ਕਿਵੇਂ ਕਰਦੇ ਹਨ?
ਯੂਨਿਵਰਸਿਟੀ ਆਫ ਐਨ ਐਸ ਡਬਲਿਊ ਦੇ ਡਾ ਯਾਹਿਆ ਸ਼ਿਹਾਬੀ ਅਨੁਸਾਰ ਵੈਂਟੀਲੇਟਰ ਅਜਿਹੀ ਮਸ਼ੀਨ ਹੈ ਜਿਸ ਨਾਲ ਵਿਅਕਤੀ ਦੇ ਫੇਫੜਿਆਂ ਵਿੱਚ ਜਿਆਦਾ ਸਮੇਂ ਤੱਕ ਸਾਹ ਪਹੁੰਚਾਇਆ ਜਾ ਸਕਦਾ ਹੈ। ਕਈ ਮਰੀਜ ਇਹਨਾਂ ਦੇ ਸਹਾਰੇ ਕਈ ਦਿਨ, ਹਫਤੇ ਅਤੇ ਮਹੀਨਿਆਂ ਤੱਕ ਵੀ ਰਹਿੰਦੇ ਹਨ।
ਇਹ ਮਹਿੰਗੀ ਮਸ਼ੀਨ ਆਸਟ੍ਰੇਲੀਆ ਦੇ ਸਾਰੇ ਇੰਟੈਨਸਿਵ ਕੇਅਰ ਯੂਨਟਾਂ ਅਤੇ ਉਪਰੇਸ਼ਨ ਕਰਨ ਵਾਲਿਆਂ ਕਮਰਿਆਂ ਵਿੱਚ ਉਪਲਬਧ ਹੈ।ਡਾ ਸ਼ਿਹਾਬੀ ਦਸਦੇ ਹਨ, "ਇਹ ਵੈਂਟੀਲੇਟਰ ਜਿੱਥੇ ਬਿਮਾਰ ਵਿਅਕਤੀ ਦੇ ਫੇਫੜਿਆਂ ਵਿੱਚ ਆਕਸੀਜਨ ਵਾਲੀ ਹਵਾ ਭਰਦੇ ਹਨ ਉੱਥੇ ਨਾਲ ਹੀ ਲੌੜੀਦਾ ਦਬਾਅ ਵੀ ਪ੍ਰਦਾਨ ਕਰਦੇ ਹਨ। ਇਹਨਾਂ ਤੋਂ ਬਿਨਾਂ ਬਿਮਾਰ ਵਿਅਕਤੀ ਦੇ ਫੇਫੜੇ ਜਲਦ ਹੀ ਕੰਮ ਕਰਨਾ ਬੰਦ ਕਰ ਦਿੰਦੇ ਹਨ।"
ਜਿੱਥੇ ਇਹ ਵੈਂਟੀਲੇਟਰ ਸਾਹ ਲੈਣ ਵਿੱਚ ਮਦਦ ਕਰਦੇ ਹਨ, ਉੱਥੇ ਕਈ ਕੇਸਾਂ ਵਿੱਚ ਤਾਂ ਇਹ ਬਿਮਾਰ ਵਿਅਕਤੀ ਦੀ ਸੰਪੂਰਨ ਸਾਹ ਪ੍ਰਣਾਲੀ ਨੂੰ ਹੀ ਕਾਰਜਸ਼ੀਲ ਕਰਨ ਦਾ ਕੰਮ ਵੀ ਕਰਦੇ ਹਨ।
ਜੇ ਕਿਤੇ ਵੈਂਟੀਲੇਟਰ ਮੌਜੂਦ ਨਾ ਹੋਣ?
ਕਈ ਸਾਹ ਲੈਣ ਵਾਲੇ ਮਾਸਕ ਇਸ ਦਾ ਬਦਲ ਸਿੱਧ ਹੋ ਸਕਦੇ ਹਨ ਪਰ ਇਹ ਥੋੜੇ ਸਮੇਂ ਲਈ ਮਦਦ ਕਰ ਸਕਦੇ ਹਨ।
ਡਾ ਸ਼ਿਹਾਬੀ ਅਨੁਸਾਰ ਲੋੜਵੰਦ ਵਿਅਕਤੀ ਨੂੰ ਵੈਂਟੀਲੇਟਰ ਨਾ ਪ੍ਰਦਾਨ ਕੀਤੇ ਜਾਣ ਨਾਲ ਉਸ ਦੀ ਮੌਤ ਵੀ ਹੋ ਸਕਦੀ ਹੈ।
ਕੀ ਆਸਟ੍ਰੇਲੀਆ 'ਮਾੜੇ ਹਾਲਾਤ' ਲਈ ਤਿਆਰ ਹੈ?
ਵਲੋਂ 30 ਮਾਰਚ ਨੂੰ ਕੀਤੀ ਇੱਕ ਖੋਜ ਵਿੱਚ ਪਤਾ ਚਲਿਆ ਹੈ ਕਿ ਆਸਟ੍ਰੇਲੀਆ ਕੋਲ ਜਿਆਦਾ ਲੋੜ ਪੈਣ ਦੀ ਸੂਰਤ ਵਿੱਚ ਵੀ ਉਚਿਤ ਮਾਤਰਾ ਵਿੱਚ ਵੈਂਟੀਲੇਟਰ ਮੌਜੂਦ ਹਨ।ਅਗਰ ਜਰੂਰਤ ਹੋਈ ਤਾਂ ਆਸਟ੍ਰੇਲੀਆ ਆਪਣੇ ਇੰਟੈਨਸਿਵ ਕੇਅਰ ਬਿਸਤਰਿਆਂ ਦੀ ਮਾਤਰਾ ਨੂੰ 189% ਜਾਂ 4,261 ਤੱਕ ਵੀ ਵਧਾ ਸਕਦਾ ਹੈ।
ਆਸਟ੍ਰੇਲੀਆ ਕੋਲ ਹੋਰ ਜਰੂਰਤ ਪੈਣ ਉੱਤੇ ਲੋਕਲ ਅਤੇ ਵਿਦੇਸ਼ੀ ਕੰਪਨੀਆਂ ਤੋਂ ਵੈਂਟੀਲੇਟਰ ਤੁਰੰਤ ਖਰੀਦਣ ਦੀ ਸਮਰੱਥਾ ਵੀ ਹੈ।
ਇੱਕ ਰਿਪੋਰਟ ਮੁਤਾਬਿਕ ਕੁਝ ਹਫਤਿਆਂ ਵਿੱਚ ਹੀ 7,000 ਵੈਂਟੀਲੇਟਰ ਹੋਰ ਵੀ ਮੰਗਵਾਏ ਜਾ ਸਕਦੇ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।