ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਸਥਾ ਦੇ ਮੁਤਾਬਕ ਪੰਛੀਆਂ ਦੇ ਹਵਾਈ ਜਹਾਜ਼ਾਂ ਨਾਲ ਟਕਰਾਉਣ ਦੀਆਂ 90 ਫੀਸਦੀ ਘਟਨਾਵਾਂ ਹਵਾਈ ਅੱਡਿਆਂ ਦੇ ਨੇੜੇ ਹੁੰਦੀਆਂ ਹਨ।
ਆਮ ਤੌਰ 'ਤੇ ਇਹ ਹਾਦਸੇ ਉਦੋਂ ਹੁੰਦੇ ਹਨ ਜਦੋਂ ਜਹਾਜ਼ ਉਡਾਣ ਭਰ ਰਿਹਾ ਜਾਂ ਲੈਂਡ ਕਰ ਰਿਹਾ ਹੁੰਦਾ ਹੈ ਜਾਂ ਫਿਰ ਜਹਾਜ਼ ਘੱਟ ਉਚਾਈ 'ਤੇ ਉੱਡ ਰਿਹਾ ਹੁੰਦਾ ਹੈ।
ਇਹ ਵੀ ਗ਼ੌਰਤਲਬ ਹੈ ਕਿ ਇਹ ਘਟਨਾਵਾਂ ਜ਼ਿਆਦਾਤਰ ਸਵੇਰ ਵੇਲ਼ੇ ਜਾਂ ਸੂਰਜ ਡੁੱਬਣ ਵੇਲੇ ਹੁੰਦੀਆਂ ਹਨ ਜਦੋਂ ਪੰਛੀ ਸਭ ਤੋਂ ਵੱਧ ਸਰਗਰਮ ਹੁੰਦੇ ਹਨ।
ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਵਰਜਿਨ ਆਸਟ੍ਰੇਲੀਆ ਦੀ ਫਲਾਈਟ ਵੀਏ-148, ਜੋ ਕਿ ਨਿਊਜ਼ੀਲੈਂਡ ਦੇ ਕਵੀਨਸਟਾਊਨ ਸ਼ਹਿਰ ਤੋਂ ਮੈਲਬੌਰਨ ਜਾ ਰਹੀ ਸੀ, ਨੂੰ ਐਮਰਜੈਂਸੀ ਲੈਂਡਿੰਗ ਵੀ ਇਸੀ ਕਾਰਨ ਕਰਨੀ ਪਈ ਸੀ ਕਿਉਂਕਿ ਉਸ ਨਾਲ ਵੀ ਇੱਕ ਪੰਛੀ ਟਕਰਾ ਗਿਆ ਸੀ।
ਇੰਜਣ ਨਿਰਮਾਤਾ ਜਹਾਜ਼ਾਂ ਦੇ ਇੰਜਣਾਂ ਦੀ ਸੁਰੱਖਿਆ ਦੀ ਜਾਂਚ ਕਰਦੇ ਸਮੇਂ ਤੀਬਰ ਗਤੀ ਨਾਲ ਇੰਜਣ ਵਲ ਫਰੋਜ਼ਨ ਮੁਰਗੇ ਸੁੱਟ ਕੇ ਇੰਜਣ ਦੀ ਸਹਿਣਸ਼ੀਲਤਾ ਦੀ ਜਾਂਚ ਕਰਦੇ ਹਨ।
ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਈ ਵਾਰ ਰਨਵੇਅ ਦੇ ਨੇੜੇ ਸ਼ਾਟਗਨ ਵਰਗੀ ਆਵਾਜ਼ ਕੱਢਣ ਲਈ ਛੋਟੇ ਗੈਸ ਧਮਾਕੇ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਰਨਵੇ ਦੇ ਨੇੜੇ ਇਹੋ ਜਹੀ ਵਨਸਪਤੀ ਉਗਾਈ ਜਾਂਦੀ ਹੈ ਜਿਸ ਦੇ ਨੇੜੇ ਪੰਛੀ ਆਉਣਾ ਪਸੰਦ ਨਹੀਂ ਕਰਦੇ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।