ਭਾਈ ਸਾਹਿਬ ਦਾ ਮੰਨਣਾ ਹੈ ਕਿ “ਰੱਬ ਦੇ ਦਰਸਾਏ ਹੋਏ ਮਾਰਗ ਤੇ ਚਲਣਾ ਕਿਹੜਾ ਸੌਖਾ ਹੁੰਦਾ ਹੈ, ਹਰ ਚੰਗੀ ਚੀਜ਼ ਲਈ ਮਿਹਨਤ ਅਤੇ ਲਗਨ ਜਰੂਰੀ ਹੁੰਦੀ ਹੈ।”
ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਸਮਾਜਕ ਅਤੇ ਸਿਆਸੀ ਉਥੱਲ - ਪੁਥੱਲ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਰਕੇ ਸੰਗੀਤਕ ਅਤੇ ਹੋਰ ਸਿੱਖਿਆਵਾਂ ਤੋਂ ਲੋਕ ਦੂਰ ਹੁੰਦੇ ਰਹੇ ਹਨ।
ਭਾਈ ਸਾਹਿਬ ਦਾ ਮੰਨਣਾ ਹੈ ਕਿ 20 ਵੀਂ ਸਦੀ ਵਿੱਚ ਜੋ ਨੁਕਸਾਨ ਹੋਇਆ, ਇਸ ਕਾਰਨ ਲੋਕ ਤਾਂਤੀ ਸਾਜ਼ਾਂ ਅਤੇ ਰਾਗਾਂ ਦੀ ਸਿੱਖਿਆ ਨੂੰ ਅਗਲੀ ਪੀੜੀ ਤੱਕ ਇੰਨੇ ਸੁਖਾਲੇ ਤਰੀਕੇ ਨਾਲ ਨਹੀਂ ਪਹੁੰਚਾ ਸਕੇ।
“ਇਸ ਦੀ ਭਰਪਾਈ ਕਰਨ ਲਈ ਕਈ ਪੀੜੀਆਂ ਲੱਗਣਗੀਆਂ,” ਕਹਿੰਦੇ ਹਨ ਭਾਈ ਬਲਦੀਪ ਜੀ।
ਭਾਈ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ “ਅੱਜ ਕਲ ਲੋਕਾਂ ਨੂੰ ਪਤਾ ਹੀ ਨਹੀਂ ਕਿ ਜੋੜੀ (ਤਬਲਾ) ਕਿਸ ਨੂੰ ਕਹਿੰਦੇ ਹਨ, ਤਾਊਸ ਅਤੇ ਰਬਾਬ ਕੀ ਹਨ ਅਤੇ ਅਫਗਾਨੀ ਅਤੇ ਹਿੰਦੁਸਤਾਨੀ ਰਬਾਬ ਦਾ ਫ਼ਰਕ ਵੀ ਲੋਕ ਨਹੀਂ ਜਾਣਦੇ"।
Credit: ਭਾਈ ਬਲਦੀਪ ਸਿੰਘ
ਭਾਈ ਸਾਹਿਬ ਬਾਰੇ ਜਾਣਕਾਰੀ
ਭਾਈ ਬਲਦੀਪ ਸਿੰਘ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖ ਭਾਈ ਸਾਧਾਰਨ ਜੀ ਦੇ ਵੰਸ਼ ਵਿੱਚੋਂ ਹਨ।
1990 ਵਿੱਚ ਭਾਈ ਸਾਹਿਬ ਨੇ ਦੇਹਰਾਦੂਨ ਵਿਖੇ ‘ਫਲਾਇੰਗ ਕੋਰਸ’ ਵਿਚ ਦਾਖਲਾ ਲਿਆ ਪਰ ਸ਼ੁਰੂਆਤ ਨਹੀਂ ਕੀਤੀ।
ਬਲਕਿ ਭਾਈ ਸਾਹਿਬ ਨੇ ਆਪਣੇ ਹੱਥੀਂ ਤਾਊਸ, ਰਬਾਬ ਤੇ ਸਾਰੰਦਾ ਤਿਆਰ ਕੀਤਾ ਅਤੇ ਪੁਰਾਣੀਆਂ ਰੀਤਾਂ ‘ਤੇ ਪੁਰਾਣੇ ਰਾਗਾਂ ਦੀਆਂ ਕਿਸਮਾਂ ਦੀ ਖੋਜ ਕੀਤੀ ਅਤੇ ਉਨ੍ਹਾਂ ਦੀ ਮੁੜ ਸਥਾਪਨਾ ਕਰਨ ਨੂੰ ਪਹਿਲ ਦਿੱਤੀ।
Credit: ਭਾਈ ਬਲਦੀਪ ਸਿੰਘ
ਪੁਰਸਕਾਰ
ਭਾਈ ਸਾਹਿਬ ਨੇ ਸਾਂਝਾ ਕੀਤਾ ਕਿ ਦਿੱਲੀ ਸਰਕਾਰ ਨੇ 2003 ਵਿੱਚ ਭਾਈ ਸਾਹਿਬ ਨੂੰ ‘ਕਲਾਸੀਕਲ ਮਿਊਜ਼ਿਕ ਅਤੇ ਗੁਰਬਾਣੀ ਸੰਗੀਤ ਪ੍ਰਤੀ ਯੋਗਦਾਨ' ਲਈ ਸਨਮਾਨਿਤ ਕੀਤਾ ਹੈ।
ਭਾਈ ਸਾਹਿਬ ਨੂੰ ਪੰਜਾਬ ਸਰਕਾਰ ਵੱਲੋਂ ਵੀ ਕਈ ਪੁਰਸਕਾਰ ਮਿਲੇ ਹਨ ਅਤੇ ਯੂ ਕੇ ਦੇ ‘ਸਿੱਖ ਅਵਾਰਡਜ਼' ਵਿਖੇ ਵੀ ਸਨਮਾਨਿਆ ਜਾ ਚੁੱਕਿਆ ਹੈ।
ਗਲ ਬਾਤ ਦੌਰਾਨ ਭਾਈ ਸਾਹਿਬ ਦਾ ਕਹਿਣਾ ਹੈ, “ਕਿ ਮੈਂ ਪੰਜਾਬ ਲਈ ਸਦਾ ਅਰਦਾਸ ਕਰਦਾ ਹਾਂ ਕਿ ਪੰਜਾਬ ਵਿੱਚ ਮੁੜ ਤੋਂ ਬਸੰਤ ਹੋਵੇ, ਮੁੜ ਬਹਾਰਾਂ ਹੋਣ, ਤੇ ਆਉਣ ਵਾਲੀਆਂ ਪੀੜੀਆਂ ਖ਼ੁਸ਼ਹਾਲ ਹੋਣ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਣ”।