ਭਾਰਤ ਦੀ ਬਾਸਕਟਬਾਲ ਖੇਡ ਵਿੱਚ ਪੰਜਾਬ ਦੇ ‘ਚੀਮਾ ਬ੍ਰਦਰਜ਼’ ਦਾ ਯੋਗਦਾਨ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਅੱਜ ਕੱਲ੍ਹ ਆਸਟ੍ਰੇਲੀਆ ਦੌਰੇ ’ਤੇ ਆਏ ਸਾਬਕਾ ਬਾਸਕਟਬਾਲ ਖਿਡਾਰੀ ਕੁਲਦੀਪ ਸਿੰਘ ਚੀਮਾ ਨੇ ਐਸਬੀਐਸ ਨਾਲ ਗੱਲਬਾਤ ਕਰਦਿਆਂ ਆਪਣੇ ਖੇਡ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਸਫਲਤਾ ਹਾਸਲ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ ਹਨ।
ਆਪਣੇ ਖੇਡ ਸਫਰ ਅਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕੁਲਦੀਪ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਬੀਏ ਭਾਗ ਪਹਿਲਾ ਦੀ ਪੜ੍ਹਾਈ ਕਰਦਿਆਂ ਪਹਿਲੀ ਵਾਰ ਬਾਸਕਟਬਲ ਖੇਡਣਾ ਸ਼ੁਰੂ ਕੀਤਾ ਸੀ ਅਤੇ ਆਪਣੀ ਖੇਡ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਤੋਂ ਅਗਲੇ ਸਾਲ 1973 ਵਿੱਚ ਬੀਐੱਸਐੱਫ (ਬਾਰਡਰ ਸਿਕਓਰਿਟੀ ਫੋਰਸ) ਵਿੱਚ ਭਰਤੀ ਹੋ ਗਏ ਸਨ।
ਉਨ੍ਹਾਂ ਲਗਾਤਾਰ 20 ਸਾਲ ਬਾਸਕਟਬਾਲ ਵਿੱਚ ਬੀਐੱਸਐੱਫ ਦੀ ਨੁਮਾਇੰਦਗੀ ਕੀਤੀ।ਫੋਰਸ ਵਿਚ ਹੇਠਲੇ ਰੈਂਕ ਤੋਂ ਸ਼ੁਰੂ ਹੋ ਕੇ ਉਹ ਸਿਖਰਲੇ ਅਹੁਦਿਆਂ ਉੱਤੇ ਪੁੱਜੇ ਅਤੇ ਡਿਪਟੀ ਕਮਾਂਡੈਂਟ ਵਜੋਂ ਵਾਲੰਟੀਅਰ ਰਿਟਾਇਰ ਹੋਏ।
ਖੇਡ ਦੇ ਸ਼ੁਰੂਆਤੀ ਦਿਨਾਂ ਬਾਰੇ ਕੁਲਦੀਪ ਸਿੰਘ ਚੀਮਾ ਦੱਸਦੇ ਹਨ ਕਿ ਉਨ੍ਹਾਂ ਦੇ ਖੇਡ ਪ੍ਰਦਰਸ਼ਨ ਕਾਰਨ ਸਾਲ 1976 ਵਿੱਚ ਉਨ੍ਹਾਂ ਨੂੰ ਇੰਡੀਅਨ ਆਲ ਸਟਾਰ ਐਲਾਨਿਆ ਗਿਆ। 1979 ਦੀਆਂ ਪ੍ਰੀ-ਏਸ਼ੀਅਨ ਗੇਮਜ਼ ਵਿੱਚ ਉਹ ਸਭ ਤੋਂ ਵੱਧ ਅੰਕ ਲੈਣ ਵਾਲੇ ਖਿਡਾਰੀ ਬਣੇ। ਉਹ ਕਹਿੰਦੇ ਨੇ ਕਿ ਬਾਸਕਟਬਾਲ ਵਿੱਚ ਪੰਜਾਬ ਸੂਬੇ ਨੂੰ ਉਦੋਂ ਪਹਿਲੀ ਵਾਰ ਇਹ ਮਾਣ ਹਾਸਲ ਹੋਇਆ ਸੀ।
Credit: Cheema family
ਭਾਰਤੀ ਬਾਸਕਟਬਾਲ ਖੇਡ ਵਿੱਚ ਚੀਮਾ ਪਰਿਵਾਰ ਦੀ ਭੂਮਿਕਾ
ਕੁਲਦੀਪ ਸਿੰਘ ਚੀਮਾ ਦੇ ਭਰਾ ਬਲਕਾਰ ਸਿੰਘ ਚੀਮਾ ਭਾਰਤੀ ਟੀਮ ਦਾ ਹਿੱਸਾ ਰਹੇ, ਦੂਜਾ ਭਰਾ ਸੱਜਣ ਸਿੰਘ ਚੀਮਾ ਵੀ ਕੌਮਾਂਤਰੀ ਪੱਧਰ ਦਾ ਬਾਸਕਟਬਾਲ ਖਿਡਾਰੀ ਅਤੇ ਭਾਰਤ ਸਰਕਾਰ ਵਲੋਂ ਅਰਜੁਨਾ ਐਵਾਰਡੀ ਹੈ।
ਇਸੇ ਤਰ੍ਹਾਂ ਸੁਖਦੇਵ ਸਿੰਘ ਚੀਮਾ ਕੌਮੀ ਪੱਧਰ ਦੇ ਮੁਕਾਬਲਿਆਂ ਖੇਡੇ, ਜਦਕਿ ਗੁਰਮੀਤ ਸਿੰਘ ਚੀਮਾ ਵੀ ਭਾਰਤ ਵਲੋਂ ਟੈਸਟ ਮੈਚ ਖੇਡ ਚੁੱਕੇ ਹਨ।
ਦੂਜੀ ਪੀੜੀ ਵਿਚੋਂ ਕੁਲਦੀਪ ਸਿੰਘ ਚੀਮਾ ਦਾ ਵੱਡਾ ਪੁੱਤਰ ਬਿਕਰਮਦੀਪ ਸਿੰਘ ਜੂਨੀਅਰ ਨੈਸ਼ਨਲ ਚੈਂਪੀਅਨ ਗੋਲਡ ਮੈਡਲਿਸਟ ਹੈ ਅਤੇ ਉਸ ਨੂੰ ਆਲ ਇੰਡੀਆ ਇੰਟਰਵਰਸਿਟੀ ਮੁਕਾਬਲਿਆਂ ਦੌਰਾਨ ‘ਮੋਸਟ ਵੈਲੂਏਬਲ ਪਲੇਅਰ’ ਦਾ ਖਿਤਾਬ ਵੀ ਮਿਲ ਚੁੱਕਾ ਹੈ।
Credit: Cheema family
ਹੁਣ ਚੀਮਾ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਵੀ ਬਾਸਕਟਬਾਲ ਵਿੱਚ ਐਂਟਰੀ ਮਾਰ ਲਈ ਹੈ ਅਤੇ ਕੁਲਦੀਪ ਸਿੰਘ ਚੀਮਾ ਦੀ ਪੋਤਰੀ ਨੈਸ਼ਨਲ ਪੱਧਰ ਦੀ ਖਿਡਾਰਨ ਬਣ ਚੁੱਕੀ ਹੈ।
‘ਚੀਮਾ ਬ੍ਰਦਰਜ਼’ ਭਾਰਤ ਦੇ ਸਿਖਰਲੇ 16 ਖਿਡਾਰੀਆਂ ਵਿੱਚ ਵੀ ਰਹੇ ਸ਼ੁਮਾਰ
ਕੁਲਦੀਪ ਸਿੰਘ ਚੀਮਾ ਨੇ ਦੱਸਿਆ ਕਿ ਭਾਰਤੀ ਬਾਸਕਟਬਾਲ ਟੀਮ ਦੇ ਸਿਖਰਲੇ 16 ਖਿਡਾਰੀਆਂ ਵਿੱਚ ਵੀ ਉਹ ਤਿੰਨੋਂ ਭਰਾ ਵੀ ਸ਼ਾਮਿਲ ਸਨ ਅਤੇ ਦੋ ਭਰਾ ਇਕੱਠੇ ਸਾਊਥ ਕੋਰੀਆ ਖੇਡਣ ਵੀ ਗਏ ਸਨ।
ਬਾਸਕਟਬਾਲ ਵਿੱਚ ਕੁਲਦੀਪ ਸਿੰਘ ਚੀਮਾ ਦੇ ਮੈਡਲ
ਕੁਲਦੀਪ ਸਿੰਘ ਚੀਮਾ ਮੁਤਾਬਿਕ ਉਹ ਜਿੰਨੇ ਸਾਲ ਵੀ ਖੇਡੇ, ਆਪਣੀ ਟੀਮ ਦੇ ਮੁੱਖ ਖਿਡਾਰੀ ਹੋਣ ਦੇ ਨਾਲ-ਨਾਲ ਸਭ ਤੋਂ ਵੱਧ ਸਕੋਰ ਹਾਸਲ ਕਰਨ ਵਾਲੇ ਖਿਡਾਰੀ ਸਨ
ਬੀਐੱਸਐੱਫ ਵਲੋਂ ਖੇਡਦਿਆਂ 12 ਗੋਲਡ, 4 ਸਿਲਵਰ ਅਤੇ 1 ਬਰਾਊਂਜ਼ ਮੈਡਲ ਜਿੱਤੇ
ਪੰਜਾਬ ਵਲੋਂ ਖੇਡਦਿਆਂ 2 ਸਿਲਵਰ ਮੈਡਲ ਅਤੇ 4 ਬਰਊਂਜ਼ ਮੈਡਲ ਜਿੱਤੇ
ਇਸ ਤੋਂ ਇਲਾਵਾ ਆਲ ਇੰਡਆ ਮੈਚਾਂ ਵਿੱਚ ਅਣਗਿਣਤ ਸਨਮਾਨ ਹਾਸਿਲ ਕੀਤੇ ਹਨ।
Credit: Cheema family
ਨੌਜਵਾਨਾਂ ਨੂੰ ਬਾਸਕਟਬਾਲ ਨਾਲ ਜੋੜਨ ਲਈ ਉਪਰਾਲੇ
ਕੁਲਦੀਪ ਸਿੰਘ ਚੀਮਾ ਦੱਸਦੇ ਹਨ ਕਿ ਬਾਸਕਟਬਾਲ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਨੌਜਵਾਨ ਮੁੰਡੇ/ਕੁੜੀਆਂ ਨੂੰ ਇਸ ਖੇਡ ਨਾਲ ਜੋੜਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੇ ਭਰਾ ਸੱਜਣ ਸਿੰਘ ਚੀਮਾ ਦੇ ਯਤਨਾਂ ਸਦਕਾ ਪਿੰਡ ਵਿੱਚ ਬਾਸਕਟਬਾਲ ਦੀਆਂ ਗਰਾਊਂਡਾਂ ਅਤੇ ਖੂਬਸੂਰਤ ਸਟੇਡੀਅਮ ਬਣਵਾਇਆ ਗਿਆ ਜਿੱਥੇ ਲਗਭਗ 100 ਉਭਰਦੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗਰਾਉਂਡਾਂ ਵਿੱਚ ਸਿਖਲਾਈ ਲੈਣ ਉਪਰੰਤ ਆਰਥਿਕ ਪੱਖੋਂ ਕਮਜ਼ੋਰ ਘਰਾਂ ਦੀਆਂ ਕੁੜੀਆਂ ਬਾਸਕਟਬਾਲ ਖੇਡਣ ਸਦਕਾ ਵੱਖ -ਵੱਖ ਵਿਦਿਦਅਕ ਅਦਾਰਿਆਂ ਵਿੱਚ ਮੁਫਤ ਉਚੇਰੀ ਪੜਾਈ ਹਾਸਲ ਕਰ ਰਹੀਆਂ ਹਨ।
ਜ਼ਿੰਦਗੀ ਵਿੱਚ ਜੋ ਵੀ ਕਰੋ, ਪੂਰੀ ਮਿਹਨਤ ਨਾਲ ਕਰੋ
ਭਾਰਤੀ ਫੌਜ ਵਿੱਚੋਂ ਬਤੌਰ ਡਿਪਟੀ ਕਮਾਂਡੈਂਟ ਸੇਵਾਮੁਕਤ ਹੋਏ ਕੁਲਦੀਪ ਸਿੰਘ ਚੀਮਾ ਨੇ ਸਫਲਤਾ ਦਾ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਮਿਹਨਤ ਅਤੇ ਸ਼ਿੱਦਤ ਤੋਂ ਬਿਨਾਂ ਹਾਸਲ ਨਹੀਂ ਹੋ ਸਕਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਖੇਡਾਂ ਸਰੀਰਕ ਤੌਰ ’ਤੇ ਫਿੱਟ ਰੱਖਦੀਆਂ ਹਨ ਅਤੇ ਹਰੇਕ ਬੱਚੇ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਪੜ੍ਹਾਈ-ਲਿਖਾਈ ਨੂੰ ਵੀ ਪੂਰੀ ਅਹਿਮੀਅਤ ਦੇਣੀ ਚਾਹੀਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।