ਕੰਮ-ਕਾਜ ਵਾਲੀ ਥਾਂ ਤੇ ਜਿਣਸੀ ਸ਼ੋਸ਼ਣ ਗੈਰ ਕਾਨੂੰਨੀ ਹੈ: ਆਪਣੇ ਹੱਕਾਂ ਬਾਰੇ ਜਾਣੋ

Sexual harassment

File image Source: Getty Images

ਕੰਮ-ਕਾਜ ਵਾਲੀ ਥਾਂ ਤੇ ਹੋਣ ਵਾਲੀ ਜਿਣਸੀ ਛੇੜਛਾੜ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਪਰ ਫੇਰ ਵੀ ਅਜਿਹਾ ਅਕਸਰ ਵਾਪਰਦਾ ਹੀ ਰਹਿੰਦਾ ਹੈ।


ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਵਲੋਂ ਕਰਵਾਏ ਇੱਕ ਹਾਲੀਆ ਸਰਵੇਖਣ ਵਿੱਚ ਪਤਾ ਚਲਿਆ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਤਿੰਨਾਂ ਵਿੱਚੋਂ ਇੱਕ ਵਿਅਕਤੀ ਨਾਲ ਉਸ ਦੀ ਕੰਮ-ਕਾਜ ਵਾਲੀ ਥਾਂ ਤੇ ਜਿਣਸੀ ਸ਼ੋਸ਼ਣ ਹੋਇਆ ਸੀ। ਪਰ ਕੰਮ-ਕਾਜ ਵਾਲੀ ਥਾਂ ਤੇ ਹੋਣ ਵਾਲਾ ਜਿਣਸੀ ਸ਼ੋਸ਼ਣ ਗੈਰ-ਕਾਨੂੰਨੀ ਹੁੰਦਾ ਹੈ ਅਤੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਪਰ ਫੇਰ ਵੀ ਜੇਕਰ ਅਜਿਹਾ ਤੁਹਾਡੇ ਜਾਂ ਕਿਸੇ ਜਾਣਕਾਰ ਨਾਲ ਵਾਪਰਦਾ ਹੈ ਤਾਂ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਭਲੀ ਪਰਕਾਰ ਪਤਾ ਹੋਣਾ ਚਾਹੀਦਾ ਹੈ।

ਕੰਮ-ਕਾਜ ਵਾਲੀ ਥਾਂ ਤੇ ਹੋਣ ਵਾਲੀ ਜਿਣਸੀ ਛੇੜਛਾੜ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਪਰ ਫੇਰ ਵੀ ਅਜਿਹਾ ਅਕਸਰ ਵਾਪਰਦਾ ਹੀ ਰਹਿੰਦਾ ਹੈ। ਸੈਕਸ ਡਿਸਕਰਿਮੀਨੇਸ਼ਨ ਕਮਿਸ਼ਨਰ ਕੇਟ ਜੈਨਕਿਨਸ ਦਾ ਕਹਿਣਾ ਹੈ ਕਿ ਕਾਫੀ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਜਿਣਸੀ ਛੇੜਛਾੜ ਵਿੱਚ ਕੀ ਸ਼ਾਮਲ ਹੁੰਦਾ ਹੈ।

ਉਹ ਸਾਫ ਕਰਦੇ ਹੋਏ ਕਹਿੰਦੀ ਹੈ ਕਿ ਇਸ ਵਿੱਚ ਕਈ ਪਰਕਾਰ ਦੇ ਵਰਤਾਰੇ ਜਿਨਾਂ ਵਿੱਚ ਨਿਜੀ ਤੌਰ ਤੇ ਅਤੇ ਆਨ-ਲਾਈਨ ਕੀਤੇ ਜਾਣ ਵਾਲੇ ਵਰਤਾਰੇ ਵੀ ਸ਼ਾਮਲ ਹੁੰਦੇ ਹਨ।

ਬੇਸ਼ਕ ਜਿਣਸੀ ਸ਼ੋਸ਼ਣ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਆਂਕੜਿਆਂ ਅਨੁਸਾਰ ਅਕਸਰ ਨੌਜਵਾਨ ਔਰਤਾਂ ਹੀ ਇਸ ਦਾ ਸ਼ਿਕਾਰ ਜਿਆਦਾ ਹੁੰਦੀਆਂ ਹਨ।

1800 ਰਿਸਪੈਕਟ ਨਾਮੀ ਸੰਸਥਾ ਜਿਸ ਦਾ ਮੁੱਖ ਮਕਸਦ ਜਿਣਸੀ ਛੇੜਛਾੜ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨਾ ਹੈ, ਦੀ ਜਨਰਲ ਮੈਨੇਜਰ ਨਿਕੋਲ ਮੈਕਮੋਹਨ ਕਹਿੰਦੀ ਹੈ ਕਿ ਪਰਵਾਸੀਆਂ ਨੂੰ ਤਾਂ ਮਦਦ ਲੈਣ ਸਮੇਂ ਕੁੱਝ ਜਿਆਦਾ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਥੇ ਇਹ ਜਾਨਣਾ ਜਰੂਰੀ ਹੈ ਕਿ ਸੈਕਸ ਡਿਸਕਰਿਮੀਨੇਸ਼ਨ ਐਕਟ ਅਧੀਨ ਕੰਮ ਕਾਜ ਵਾਲੀ ਥਾਂ ਤੇ ਜਿਣਸੀ ਸ਼ੋਸ਼ਣ ਗੈਰ ਕਾਨੂੰਨੀ ਹੁੰਦਾ ਹੈ। ਆਪਣੇ ਹੱਕਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ 1300 656 419 ਉੱਤੇ ਫੋਨ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਅਜਿਹੀ ਹੀ ਮੁਸ਼ਕਲ ਵਿੱਚ ਹੋ ਤਾਂ ਆਪਣੇ ਕਿਸੇ ਵਿਸ਼ਵਾਸ਼ਪਾਤਰ ਨਾਲ ਤੁਰੰਤ ਗਲ ਕਰੋ ਜਾਂ ਫੇਰ 1800 ਰਿਸਪੈਕਟ ਤੇ ਫੋਨ ਕਰੋ।

ਜੇ ਜਰੂਰਤ ਹੋਵੇ ਤਾਂ ਦੁਭਾਸ਼ੀਏ ਦੀ ਸੇਵਾ ਵੀ ਆਸਟ੍ਰੇਲੀਅਨ ਰਾਈਟਸ ਕਮਿਸ਼ਨ ਦੀ ਜਾਣਕਾਰੀ ਵਾਲੀ ਲਾਈਨ ਤੋਂ ਜਾਂ ਫੇਰ 1800 ਰਿਸਪੈਕਟ ਤੇ ਫੋਨ ਕਰ ਕੇ ਲਈ ਜਾ ਸਕਦੀ ਹੈ। ਜੇਕਰ  ਤੁਸੀਂ ਸ਼ਿਕਾਇਤ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਤੁਸੀਂ ਆਪਣੀ ਕੰਮ-ਕਾਜ ਵਾਲੀ ਥਾਂ ਦੇ ਹਿਊਮਨ ਰਿਸੋਰਸਿਸ ਮੈਨੇਜਰ ਨਾਲ, ਆਪਣੇ ਰੁਜ਼ਗਾਰਦਾਤਾ ਨਾਲ, ਜਾਂ ਉੱਥੋਂ ਦੀ ਯੁਨਿਅਨ ਨਾਲ ਗਲ ਕਰ ਸਕਦੇ ਹੋ। ਕੇਟ ਜੈਨਕਿਨਸ ਦਾ ਕਹਿਣਾ ਹੈ ਕਿ ਰੁਜ਼ਗਾਰਦਾਤਾ ਲਈ ਇਹ ਜਰੂਰੀ ਹੋਵੇਗਾ ਕਿ ਉਹ ਤੁਹਾਡੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਵੇ, ਪਰ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਇਹੀ ਪਤਾ ਨਾ ਹੋਵੇ ਕਿ ਕਰਨਾ ਕੀ ਹੈ।

ਜੇ ਤੁਹਾਡੇ ਰੁਜ਼ਗਾਰਦਾਤਾ ਵਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਸੀਂ ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਨਾਲ ਗਲ ਕਰ ਸਕਦੇ ਹੋ ਤਾਂ ਕਿ ਤੁਹਾਡੇ ਹੱਕਾਂ ਦਾ ਸਨਮਾਨ ਹੋ ਸਕੇ। ਹੋ ਸਕਦਾ ਹੈ ਕਿ ਗਲਬਾਤ ਨਾਲ ਹੀ ਮਸਲਾ ਸੁਲਝ ਜਾਵੇ ਨਹੀਂ ਤਾਂ ਇਹ ਅਦਾਲਤ ਤਕ ਵੀ ਜਾ ਸਕਦਾ ਹੈ। ਪਰ ਕੇਟ ਜੈਨਕਿਨਸ ਅਨੁਸਾਰ ਬਹੁਤ ਸਾਰੇ ਮਸਲੇ ਗਲਬਾਤ ਨਾਲ ਹੀ ਸੁਲਝ ਜਾਂਦੇ ਹਨ।

ਕੰਮ-ਕਾਜਾਂ ਵਾਲੀ ਥਾਂ ਤੇ ਹੋਣ ਵਾਲੇ ਜਿਣਸੀ ਸ਼ੋਸ਼ਣ ਅਤੇ ਆਪਣੇ ਹੱਕਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਜਾਂ ਫੇਅਰ ਵਰਕ ਉਮਬਡਸਮਨ ਦੀ ਵੈਬਸਾਈਟ ਤੇ ਜਾਇਆ ਜਾ ਸਕਦਾ ਹੈ, ਅਤੇ ਇਹਨਾਂ ਉੱਤੇ ਕਈ ਭਾਸ਼ਾਵਾਂ ਵਿੱਚ ਵੀ ਜਾਣਕਾਰੀ ਉਪਲਬਧ ਕੀਤੀ ਹੋਈ ਹੈ।

Listen to  Monday to Friday at 9 pm. Follow us on  and 

Share