14 ਨਵੰਬਰ ਨੂੰ ‘ਵਰਲਡ ਡਾਇਬੀਟੀਜ਼ ਡੇਅ’ ਮਨਾਇਆ ਗਿਆ ਸੀ, ਅਤੇ ਖੁਰਾਕ ਮਾਹਰ ਪੂਰਵਾ ਗੂਲੀਆਨੀ ਸਾਰੇ ਹੀ ਆਸਟ੍ਰੇਲੀਅਨ ਭਾਰਤੀਆਂ ਨੂੰ ਇਸ ਬਾਬਤ ਜਾਗਰੂਕ ਕਰਵਾਉਣਾ ਚਾਹੁੰਦੀ ਹੈ।
‘ਇੰਟਰਨੈਸ਼ਨਲ ਡਾਇਬੀਟੀਜ਼ ਫੈਡੇਰੇਸ਼ਨ ਵਲੋਂ ਸਾਲ 2017 ਵਿੱਚ ਪਤਾ ਚਲਿਆ ਹੈ ਕਿ ਸਾਰੇ ਹੀ ਦੱਖਣੀ ਏਸ਼ੀਆਈਆਂ ਵਿੱਚੋਂ ਭਾਰਤੀਆਂ ਵਿੱਚ ਸ਼ੂਗਰ ਰੋਗ ਸਭ ਤੋਂ ਜਿਆਦਾ ਫੈਲ ਰਿਹਾ ਹੈ’, ਕਿਹਾ ਪੂਰਵਾ ਨੇ।
ਇਕ ਹੋਰ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਭਾਰਤੀ ਪ੍ਰਵਾਸੀਆਂ ਨੂੰ ਇਸ ਦੀ ਰੋਕਥਾਮ ਲਈ ਸਾਰੇ ਲੌੜੀਂਦੇ ਉਪਾਅ ਕਰਨੇ ਚਾਹੀਦੇ ਹਨ।
ਸਭ ਤੋਂ ਜਿਆਦਾ ਖਤਰੇ ਵਾਲੀ ਗਲ ਇਹ ਹੈ ਕਿ ਹਰ ਦੋ ਵਿੱਚੋਂ ਇਕ ਨੂੰ ਤਾਂ ਇਹੀ ਪਤਾ ਨਹੀਂ ਹੁੰਦਾ ਕਿ ਉਸ ਨੂੰ ਵੀ ਸ਼ੂਗਰ ਰੋਗ ਹੈ।
‘ਜਿਹੜੇ ਵਿਅਕਤੀਆਂ ਦੇ ਪੇਟ ਦਾ ਆਕਾਰ ਵੱਡਾ ਹੁੰਦਾ ਹੈ, ਉਹਨਾਂ ਨੂੰ ਸਿਰਫ ਸ਼ੂਗਰ ਹੋਣ ਦਾ ਹੀ ਨਹੀਂ ਬਲਕਿ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਬਾਕੀਆਂ ਨਾਲੋਂ ਛੇ ਗੁਣਾ ਜਿਆਦਾ ਹੁੰਦਾ ਹੈ। ਅਤੇ ਭਾਰਤੀਆਂ ਦੇ ਪੇਟ ਅਕਸਰ ਹੀ ਭਾਰੇ ਹੁੰਦੇ ਹਨ’।
ਇਸ ਲਈ ਭਾਈਚਾਰੇ ਨੂੰ ਇਸ ਬਾਬਤ ਸੰਜੀਦਾ ਹੋਣਾ ਪਵੇਗਾ।
‘ਇਹਨਾਂ ਆਂਕੜਿਆਂ ਵਿੱਚ ਕੁਝ ਤਾਂ ਉਹ ਲੋਗ ਹਨ ਜਿਨ੍ਹਾਂ ਦੇ ਪਰਿਵਾਰ ਵਿਚ ਪੀੜੀ ਦਰ ਪੀੜੀ ਇਹ ਰੋਗ ਚਲਿਆ ਆ ਰਿਹਾ ਹੈ, ਪਰ ਬਹੁਤਾਤ ਉਹਨਾਂ ਲੋਗਾਂ ਦੀ ਹੈ ਜੋ ਸੰਤੁਲਤ ਖਾਣਾ ਨਹੀਂ ਲੈਂਦੇ, ਕਸਰਤ ਤੋਂ ਭਜਦੇ ਹਨ ਅਤੇ ਜੋ ਸੋਚਦੇ ਹਨ ਕਿ ਇਹ ਬਿਮਾਰੀ ਸਾਨੂੰ ਤਾਂ ਹੋ ਹੀ ਨਹੀਂ ਸਕਦੀ’।
ਸ਼ੂਗਰ ਦੇ ਕਈ ਚਿੰਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਇਸ ਕਾਰਨ ਜਖਮ ਜਲਦ ਨਹੀਂ ਭਰਦੇ। ਇਸ ਦੀ ਪਹਿਚਾਣ ਜਲਦ ਹੀ ਕਰ ਲੈਣੀ ਲਾਹੇਵੰਦ ਹੁੰਦੀ ਹੈ। ਜਿਆਦਾਤਰ ਥਕਾਵਟ ਨਾਲ ਪਿਆਸੇ ਮਹਿਸੂਸ ਕਰਨਾ ਅਤੇ ਪਿਸ਼ਾਬ ਦਾ ਬਾਰ ਬਾਰ ਆਉਣਾ ਵੀ ਇਸ ਦੀ ਪਛਾਣ ਕਰਵਾ ਸਕਦੇ ਹਨ।
ਅਗਰ ਤੁਹਾਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਤੁਰੰਤ ਆਪਣੇ ਜੀਪੀ ਨਾਲ ਸੰਪਰਕ ਕਰੋ ਅਤੇ ਸਾਰੇ ਲੌੜੀਂਦੇ ਟੈਸਟ ਕਰਵਾਉ।
‘ਵਰਲਡ ਡਾਇਬੀਟੀਜ਼ ਡੇਅ ਦਾ ਇਸ ਸਾਲ ਦਾ ਮੰਤਵ ਸੀ – ਇਸ ਤੋਂ ਬਚਾਅ।
‘ਇਸ ਲਈ ਮੇਰਾ ਸੁਨੇਹਾ ਵੀ ਇਹੀ ਹੈ ਕਿ ਇਕ ਨਿਯਮਤ ਅਤੇ ਸੰਤੁਲਿਤ ਖੁਰਾਕ ਦਾ ਸੇਵਨ ਕਰੋ, ਕਸਰਤ ਨਾਲ ਜੁੜੋ, ਅਤੇ ਸਭ ਤੋਂ ਜਰੂਰੀ ਇਹ ਕਿ ਆਪਣੇ ਹਫਤੇ ਭਰ ਦੀ ਖੁਰਾਕ ਦੀ ਸੂਚੀ ਬਣਾਉ,’ ਮਿਸ ਗੂਲੀਆਨੀ ਨੇ ਕਿਹਾ।