ਹੈਲਨ ਕਲੈਫਾਮ, 56 ਸਾਲਾਂ ਦੀ ਉਸ ਸਿਹਤਮੰਦ ਔਰਤ ਦੀ ਜਿੰਦਗੀ ਹਮੇਸ਼ਾਂ ਲਈ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ ਸਟੇਜ 3 ਦੇ ਬੋਅਲ ਕੈਂਸਰ ਬਾਰੇ ਦਸਿਆ ਗਿਆ ਸੀ।
ਉਸ ਦਾ ਮੰਨਣਾ ਹੈ ਕਿ ਇਸ ਦੀ ਜਿੰਦਗੀ 50 ਸਾਲਾਂ ਤੋਂ ਉਪਰ ਦੀ ਉਮਰ ਦੇ ਲੋਕਾਂ ਲਈ ਮੁਫਤ ਕਰਵਾਏ ਜਾਂਦੇ ਸਕਰੀਨਿੰਗ ਟੈਸਟਾਂ ਕਾਰਨ ਹੀ ਬਚ ਸਕੀ ਹੈ।
ਪਰ ਸਰਕਾਰੀ ਸੇਵਾਵਾਂ ਬਾਰੇ ਉਤਪਾਦਕਤਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਕ੍ਰੀਨਿੰਗ ਪਰੋਗਰਾਮਾਂ ਵਿੱਚ ਭਾਗ ਲੈਣ ਵਾਲੇ 50 ਤੋਂ 74 ਸਾਲਾਂ ਦੇ ਲੋਕਾਂ ਵਿੱਚ ਪਿਛਲੇ ਪੰਜਾਂ ਸਾਲਾਂ ਦੌਰਾਨ ਸਿਰਫ 5% ਦਾ ਹੀ ਵਾਧਾ ਹੋ ਸਕਿਆ ਹੈ ਅਤੇ ਇਹ ਹਾਲੇ ਵੀ 42 ਪ੍ਰਤੀਸ਼ਤ ਤੱਕ ਹੀ ਪਹੁੰਚ ਸਕੀ ਹੈ। ਕੈਂਸਰ ਕਾਉਂਸਲ ਦੀ ਮੁਖੀ ਸਾਂਚੀਆ ਅਰਾਂਡਾ ਵਰਗੇ ਮਾਹਰ ਮੰਨਦੇ ਹਨ ਕਿ ਇਸ ਪਰੋਗਰਾਮ ਵਿੱਚ ਨਿਰੰਤਰ ਨਿਵੇਸ਼ ਨਾਲ ਇਹ ਗਿਣਤੀ ਹੋਰ ਤੇਜ਼ੀ ਨਾਲ ਸੁਧਰੇਗੀ।
ਛਾਤੀ ਦੇ ਕੈਂਸਰ ਦੀ ਜਾਂਚ ਵੀ ਕਾਫੀ ਹੋਲੀ ਗਤੀ ਨਾਲ ਹੀ ਅੱਗੇ ਵਧ ਰਹੀ ਹੈ। ਪਿਛਲੇ ਸਾਲ ਸਿਰਫ ਅੱਧੀਆਂ ਔਰਤਾਂ ਨੇ ਹੀ ਇਸ ਵਿੱਚ ਭਾਗ ਲਿਆ ਸੀ। ਮਲਟੀਕਲਚਰਲ ਸੈਂਟਰ ਫਾਰ ਵਿਮੈਨਸ ਹੈਲਥ ਦੀ ਐਡਿਲ ਮੁਰਦੋਲੋ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਵਿੱਚ ਤਾਂ ਇਹ ਦਰ ਹੋਰ ਵੀ ਘੱਟ ਹੈ।
ਅਤੇ ਅਜਿਹਾ ਜਾਪਦਾ ਹੈ ਕਿ ਸਿਰਫ ਸਕ੍ਰੀਨਿੰਗ ਤੋਂ ਹੀ ਲੋਕ ਪ੍ਰਹੇਜ਼ ਨਹੀਂ ਕਰ ਰਹੇ, ਬਲਿਕ 3.4% ਤਾਂ ਆਪਣੇ ਡਾਕਟਰ ਕੋਲ ਨਹੀਂ ਜਾਂਦੇ ਅਤੇ 7% ਇਸ ਕਾਰਨ ਦਵਾਈਆਂ ਨਹੀਂ ਖਰੀਦਦੇ ਕਿਉਂਕਿ ਇਹ ਮਹਿੰਗੀਆਂ ਹੁੰਦੀਆਂ ਹਨ। ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪਰੈਕਟੀਸ਼ਨਰਜ਼ ਦੇ ਪ੍ਰਧਾਨ ਡਾ ਹੈਰੀ ਨੇਸਪੋਲਨ ਚਿਤਾਵਨੀ ਦਿੰਦੇ ਹਨ ਕਿ ਅਗਰ ਸਰਕਾਰ ਨੇ ਇਸ ਮਾਮਲੇ ਵਿੱਚ ਦਖਲ ਨਾ ਦਿੱਤਾ ਤਾਂ ਲੋਕਲ ਕਲਿਨਿਕਾਂ ਵਿੱਚ ਲਈਆਂ ਜਾਣ ਵਾਲੀਆਂ ਫੀਸਾਂ ਵਾਲਾ ਪਾੜਾ ਬਹੁਤ ਜਿਆਦਾ ਵਧ ਜਾਵੇਗਾ।
ਪਰ ਇਹ ਜਰੂਰ ਸਕੂਨ ਦੇਣ ਵਾਲੀ ਗਲ ਹੈ ਕਿ ਬੱਚਿਆਂ ਦਾ ਟੀਕਾਕਰਨ ਚੰਗੀ ਤਰਾਂ ਨਾਲ ਹੋ ਰਿਹਾ ਹੈ। 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋੜੀਂਦੇ ਟੀਕੇ ਸਮੇਂ ਸਿਰ ਲਗਾਏ ਜਾ ਰਹੇ ਹਨ।