ਮੈਲਬਰਨ ਰਹਿਣ ਵਾਲੇ ਪ੍ਰਵਾਸ ਮਾਹਰ ਨਵਜੋਤ ਸਿੰਘ ਕੈਲੇ ਦਾ ਕਹਿਣਾ ਹੈ ਕਿ ਹਾਲ ਵਿੱਚ ਹੀ ਉਹਨਾਂ ਦੇ ਸਾਹਮਣੇ ਕਈ ਅਜਿਹੇ ਕੇਸ ਆਏ ਹਨ ਜਿਹਨਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਵਾਈ ਅੱਡਿਆਂ ਤੇ ਪਹੁੰਚਣ ਸਾਰ ਹੀ ਡਿਪੋਰਟ ਕੀਤਾ ਗਿਆ ਹੈ।
“ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਸਥਾਪਤ ਪ੍ਰਵਾਸ ਮਾਹਰ ਬਿਨੇਕਾਰਾਂ ਨੂੰ ਦੱਸੇ ਬਿਨਾ ਹੀ ਉਹਨਾਂ ਦੀਆਂ ਅਰਜ਼ੀਆਂ ਨਾਲ ਫਰਜ਼ੀ ਦਸਤਾਵੇਜ਼ ਲਗਾ ਦਿੰਦੇ ਹਨ ਜਿਹਨਾਂ ਵਿੱਚ ਪੜਾਈ ਦੀਆਂ ਡਿਗਰੀਆਂ, ਕੰਮ ਦੇ ਤਜ਼ਰਬੇ ਅਤੇ ਬੈਂਕਾਂ ਦੀਆਂ ਸਟੇਟਮੈਂਟਾਂ ਆਦਿ ਪ੍ਰਮੁੱਖ ਹੁੰਦੀਆਂ ਹਨ”, ਸ਼੍ਰੀ ਕੈਲੇ ਨੇ ਦਸਿਆ।
ਪ੍ਰਮੁੱਖ ਨੁਕਤੇ:
- ਪ੍ਰਵਾਸ ਮਾਹਰਾਂ ਅਨੁਸਾਰ ਆਸਟ੍ਰੇਲੀਆ ਦੇ ਪ੍ਰਵਾਸ ਵਿਭਾਗ ਨੇ ਵਿਦਿਆਰਥੀ ਵੀਜ਼ੇ ਨਾਲ਼ ਜੁੜੇ ਦਸਤਾਵੇਜ਼ਾਂ ਦੀ ਜਾਂਚ ਨੂੰ ਹੋਰ ਸਖਤ ਕਰ ਦਿੱਤਾ ਹੈ।
- ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਵਾਈ ਅੱਡਿਆਂ ਤੋਂ ਉਨ੍ਹਾਂ ਦੇ ਮੂਲ ਦੇਸ਼ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ।
- ਆਸਟ੍ਰੇਲੀਆ ਦੇ ਪ੍ਰਵਾਸ ਵਿਭਾਗ ਨੇ ਵੀ ਇਹਨਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।
ਆਸਟ੍ਰੇਲੀਅਨ ਪ੍ਰਵਾਸ ਵਿਭਾਗ ਨੇ ਐਸ ਬੀ ਐਸ ਪੰਜਾਬੀ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦੇ ਕਈ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ "ਜਾਅਲੀ ਦਸਤਾਵੇਜ਼" ਹਨ।
ਆਸਟ੍ਰੇਲੀਅਨ ਬੋਰਡਰ ਸਿਕਿਓਰਿਟੀ ਫੋਰਸ ਵਲੋਂ ਪ੍ਰਦਾਨ ਕੀਤੀ ਜਾਣਕਾਰੀ ਤੋਂ ਪਤਾ ਚਲਿਆ ਹੈ ਕਿ ਸਾਲ 2020-21 ਦੌਰਾਨ ਕੁੱਲ 154 ਵਿਦਿਆਥੀ ਵੀਜ਼ੇ ਰੱਦ ਕੀਤੇ ਗਏ ਸਨ ਜਿਹਨਾਂ ਵਿੱਚੋਂ 9 ਭਾਰਤੀ ਸਨ।
ਜਦਕਿ ਸਾਲ 2021-22 ਦੇ ਜਨਵਰੀ ਮਹੀਨੇ ਤੱਕ ਹੀ ਅਜਿਹੇ ਕੁੱਲ 119 ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ ਜਿਹਨਾਂ ਵਿੱਚੋਂ 29 ਭਾਰਤੀ ਹਨ।ਸ਼੍ਰੀ ਕੈਲੇ ਅਨੁਸਾਰ ਬਹੁਤ ਸਾਰੇ ਵੀਜ਼ਾ ਬਿਨੇਕਾਰਾਂ ਨੂੰ ਇਹ ਗਿਆਨ ਹੀ ਨਹੀਂ ਹੁੰਦਾ ਕਿ ਉਹਨਾਂ ਦੀਆਂ ਅਰਜ਼ੀਆਂ ਦੇ ਨਾਲ ਪ੍ਰਵਾਸ ਮਾਹਰਾਂ ਵਲੋਂ ਜਾਅਲੀ ਦਸਤਾਵੇਜ਼ ਲਗਾਏ ਗਏ ਹਨ।
Cancelled Australian visa. Source: AAP
“ਇਸ ਲਈ ਜਰੂਰੀ ਹੈ ਕਿ ਹਰ ਬਿਨੇਕਾਰ ਆਪਣੀ ਅਰਜ਼ੀ ਨੂੰ, ਬੇਸ਼ਕ ਉਹ ਕਿਸੇ ਪ੍ਰਵਾਸ ਮਾਹਰ ਵਲੋਂ ਹੀ ਤਿਆਰ ਕੀਤੀ ਗਈ ਹੋਵੇ, ਚੰਗੀ ਤਰਾਂ ਨਾਲ ਜਰੂਰ ਜਾਂਚੇ ਕਿਉਂਕਿ ਆਖਰਕਰ ਇਸਦੇ ਸੰਭਾਵੀ ਬੁਰੇ ਨਤੀਜੇ ਉਸ ਵਿਦਿਆਰਥੀ ਨੂੰ ਹੀ ਭੁਗਤਣੇ ਹੁੰਦੇ ਹਨ,” ਉਨ੍ਹਾਂ ਕਿਹਾ।
ਉਨ੍ਹਾਂ ਦੱਸਿਆ ਕਿ ਇਸਦੇ ਉਲਟ ਹਰ ਸਹੀ ਅਰਜ਼ੀ ਅਤੇ ਦਸਤਾਵੇਜ਼ਾਂ ਵਾਲੇ ਬਿਨੇਕਾਰਾਂ ਨੂੰ ਤੁਰੰਤ ਹੀ ਵੀਜ਼ੇ ਪ੍ਰਦਾਨ ਕੀਤੇ ਜਾ ਰਹੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।