ਮੈਲਬੌਰਨ-ਅਧਾਰਤ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ (ਐਸ.ਵੀ.ਏ) ਵਲੋਂ ਵਿਸਾਖੀ ਦੇ ਸਬੰਧ ਵਿੱਚ ਕਰਵਾਏ ਆਪਣੇ ਸਲਾਨਾ ਸਮਾਗਮ ਦੌਰਾਨ ਜਿੱਥੇ ਇਸ ਸੰਸਥਾ ਨਾਲ ਜੁੜੇ ਸੇਵਾਦਾਰਾਂ ਨੂੰ ਉਹਨਾਂ ਦੀਆਂ ਸੇਵਾਵਾਂ ਪ੍ਰਤੀ ਸਨਮਾਨਿਆ ਗਿਆ ਉੱਥੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ, ਰੂਸ ਐਮਪੀ ਜੂਲੀਅਨ ਹਿੱਲ ਅਤੇ ਹੋਰਨਾਂ ਨਾਮਵਰ ਹਸਤੀਆਂ ਨੂੰ ਸੱਦ ਕੇ ਅਗਲੇ ਕਾਰਜਾਂ ਬਾਰੇ ਵੀ ਸਾਂਝ ਪਾਈ ਗਈ।
ਇਸ ਸਮਾਗਮ ਦੌਰਾਨ ਜਿੱਥੇ ਸੰਸਥਾ ਦੀਆਂ ਪਿਛਲੀਆਂ ਪ੍ਰਾਪਤੀਆਂ ਉੱਤੇ ਝਾਤ ਮਰਵਾਈ ਗਈ ਨਾਲ ਹੀ ਅਗਲੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ ਗਿਆ।
2014 ਤੋਂ ਘਰ ਦੇ ਪਿਛਲੇ ਵਿਹੜੇ ਤੋਂ ਖਾਣਾ ਪ੍ਰਦਾਨ ਕਰਨ ਵਾਲੀ ਇੱਕ ਛੋਟੀ ਜਿਹੀ ਸੇਵਾ ਕਰਨ ਦੀ ਸ਼ੁਰੂਆਤ ਕਰਦੇ ਹੋਏ, ਇਸ ਸਮੇਂ ਸਿੱਖ ਵਲੰਟੀਅਰਸ ਆਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਕੁਰਦਤੀ ਆਫਤਾਂ ਨਾਲ ਜੂਝ ਰਹੇ ਵਿਆਪਕ ਭਾਈਚਾਰੇ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ।
ਸੰਸਥਾ ਦੇ ਨੁਮਾਇੰਦੇ ਜਸਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਸੰਸਥਾ ਵੱਲੋਂ ਭਾਈਚਾਰੇ ਦੀ ਕੀਤੀ ਮੱਦਦ ਨੂੰ ਸਰਾਹੁੰਦੇ ਹੋਏ, ਸਰਕਾਰ ਵੱਲੋਂ 7 ਲੱਖ ਡਾਲਰਾਂ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਸੀ ਜਿਸ ਨੂੰ ਇੱਕ ਉੱਚ ਕੋਟੀ ਦੀ ਰਸੋਈ ਬਨਾਉਣ ਲਈ ਵਰਤਿਆ ਜਾ ਰਿਹਾ ਹੈ"।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੋ ਕਿ ਸਿਟੀ ਔਫ ਕੇਸੀ ਵਿਖੇ ਇਸ ਸਮਾਗਮ ਲਈ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ, ਨੇ ਸੰਸਥਾ ਦੇ ਕਾਰਜਾਂ ਪ੍ਰਤੀ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਦਾ ਵਚਨ ਦਿੱਤਾ।
ਉਹਨਾਂ ਦੇ ਨਾਲ ਆਸਟ੍ਰੇਲੀਆ ਸਰਕਾਰ ਅਤੇ ਵਿਰੋਧੀ ਧਿਰ ਦੇ ਕਈ ਹੋਰ ਨੁਮਾਇੰਦਿਆਂ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਸ਼੍ਰੀ ਜਸਵਿੰਦਰ ਸਿੰਘ ਨੇ ਕਿਹਾ ਕਿ,"ਕੁਦਰਤੀ ਆਫਤਾਂ ਨਾਲ ਜੂਝ ਰਹੇ ਭਾਈਚਾਰੇ ਦੀ ਮੱਦਦ ਕਰਨ ਤੋਂ ਅਲਾਵਾ, ਇਹ ਸੰਸਥਾ ਪੰਜਾਬੀ ਬੋਲੀ ਦੇ ਪਸਾਰ ਅਤੇ ਪ੍ਰਚਾਰ ਲਈ ਵੀ ਕਈ ਪ੍ਰਕਾਰ ਦੇ ਕਾਰਜ ਕਰ ਰਹੀ ਹੈ।"
"ਸੰਸਥਾ ਵਲੋਂ ਬਜ਼ੁਰਗਾਂ ਦੀ ਸਹਾਇਤਾ ਦੇ ਮੱਦੇਨਜ਼ਰ ਇੱਕ ਦੁਵੱਲੀ ਭਾਸ਼ਾ ਦਾ ਛੋਟਾ ਕਿਤਾਬਚਾ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ ਬਾਰੇ ਸਰਲ ਤਰੀਕੇ ਨਾਲ ਦੱਸਿਆ ਹੋਇਆ ਹੈ"।
Credit: Sikh Volunteers Australia
"ਕਿਸੇ ਵੀ ਭਾਈਚਾਰੇ ਦਾ ਭਵਿੱਖ ਉਸ ਦੀ ਨੌਜਵਾਨ ਪੀੜੀ ਹੁੰਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਹੁਣ ਤੋਂ ਹੀ ਵਿਆਪਕ ਭਾਈਚਾਰੇ ਪ੍ਰਤੀ ਕੀਤੇ ਜਾਣ ਵਾਲੇ ਕਾਰਜਾਂ ਨਾਲ ਜੋੜੀਏ।"
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।