2021 ਵਿੱਚ ਹੀ ਬਹੁਤ ਸਾਰੇ ਮਾਹਰ ਇਸ ਗੱਲ ਦਾ ਅਨੁਮਾਨ ਲਗਾ ਰਹੇ ਸਨ ਕਿ ਵਿਸ਼ਵਿਆਪੀ ਅਰਥ-ਵਿਵਸਥਾ ਦੇ ਦੁਬਾਰਾ ਖੁੱਲਣ ਨਾਲ ਮਹਿੰਗਾਈ ਵੱਧ ਸਕਦੀ ਹੈ।
ਪਰ ਇੱਕ ਗੱਲ ਜਿਸਦਾ ਅੰਦਾਜ਼ਾ ਮਾਹਰਾਂ ਨੇ ਨਹੀਂ ਲਗਾਇਆ ਸੀ ਉਹ ਸੀ ਰੂਸ ਦਾ ਯੂਕਰੇਨ ਉੱਤੇ ਹਮਲਾ।
ਇਸ ਲੜਾਈ ਕਾਰਨ ਭੋਜਨ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਗਈਆਂ, ਖ਼ਾਸ ਕਰ ਕਣਕ ਦੀਆਂ ਕੀਮਤਾਂ ਵਿੱਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ।
ਇਹ ਦੋਵੇਂ ਦੇਸ਼ ਸੰਸਾਰ ਦੀ ਕੁੱਲ ਕਣਕ ਦਾ ਇੱਕ ਚੌਥਾਈ ਹਿੱਸਾ ਬਾਕੀ ਦੇਸ਼ਾਂ ਨੂੰ ਸਪਲਾਈ ਕਰਦੇ ਹਨ।
ਇਸ ਤੋਂ ਇਲਾਵਾ ਇਸਦਾ ਅਸਰ ਊਰਜਾ ਉੱਤੇ ਵੀ ਕਾਫੀ ਪਿਆ।
'ਓਪੇਕ' ਦੇ ਸਪਲਾਈ ਨੂੰ ਸੀਮਤ ਕਰਨ ਦੇ ਕਦਮ ਨਾਲ ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ।
ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਅਪ੍ਰੈਲ ਮਹੀਨੇ ਵਿੱਚ ਰਿਕਾਰਡ-ਤੋੜ ਸਨ।
ਹਾਲਾਂਕਿ ਬਾਕੀ ਚੀਜ਼ਾਂ ਵਿੱਚ ਕੁੱਝ ਫਰਕ ਆਇਆ ਹੈ ਪਰ ਊਰਜਾ ਦਾ ਸੰਕਟ ਖਾਸ ਕਰਕੇ ਯੂਰੋਪ ਵਿੱਚ ਉਂਝ ਹੀ ਬਰਕਰਾਰ ਹੈ।
ਖੁਰਾਕ, ਊਰਜਾ ਅਤੇ ਪੈਟਰੋਲ ਦੀਆਂ ਕੀਮਤਾਂ ਇਕੱਠੀਆਂ ਵੱਧਣ ਨਾਲ ਦੁਨੀਆ ਭਰ ਵਿੱਚ ਮਹਿੰਗਾਈ ਵੱਧ ਗਈ ਹੈ।
ਆਸਟ੍ਰੇਲੀਆ ਵਿੱਚ ਇਹ 7.3 ਫੀਸਦ ਦੀ ਸਾਲਾਨਾ ਦਰ ਨਾਲ 1990 ਤੋਂ ਬਾਅਦ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਈ ਹੈ।
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਵੱਲੋਂ ਇਸ ਸਾਲ ਸਭ ਤੋਂ ਵੱਧ ਵਿਆਜ਼ ਦਰਾਂ ਦਾ ਵਾਧਾ ਵੀ ਦਰਜ ਕੀਤਾ ਗਿਆ ਹੈ।
ਜਿਵੇਂ ਹੀ ਬੈਂਕਾਂ ਨੇ ਇੰਨ੍ਹਾਂ ਦਰਾਂ ਨੂੰ ਆਪਣਿਆਂ ਗਾਹਕਾਂ ਉੱਤੇ ਲਾਗੂ ਕੀਤਾ ਉਸ ਨਾਲ ਮੌਰਗੇਜ਼ ਅਦਾ ਕਰਨ ਵਾਲਿਆਂ ਲਈ ਅਦਾਇਗੀ ਕਾਫੀ ਵੱਧ ਗਈ ਅਤੇ ਇਸ ਨੇ ਘਰ ਖਰੀਦਣ ਵਾਲਿਆਂ ਲਈ ਉਧਾਰ ਲੈਣ ਦੀ ਰਕਮ ਨੂੰ ਵੀ 27 ਫੀਸਦ ਤੱਕ ਸੀਮਤ ਕਰ ਦਿੱਤਾ।
ਹਾਲਾਂਕਿ, ਨਵੇਂ ਸਾਲ ਵਿੱਚ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਯਾਤਰੀਆਂ ਲਈ ਇਹ ਥੋੜ੍ਹਾ ਆਰਾਮਦਾਇਕ ਹੋ ਸਕਦਾ ਹੈ, ਪਰ ਅੰਤਰਰਾਸ਼ਟਰੀ ਉਡਾਣਾਂ ਦੀਆਂ ਕੀਮਤਾਂ ਵਰਤਮਾਨ ਵਿੱਚ 15 ਸਾਲਾਂ ਦੇ ਉੱਚੇ ਪੱਧਰ 'ਤੇ ਹਨ।
ਇਸ ਬਾਰੇ ਪੂਰੀ ਜਾਣਕਾਰੀ ਲਈ ਸੁਣੋ ਸਾਡੀ ਖਾਸ ਆਡੀਓ ਰਿਪੋਰਟ...