ਐਸ ਬੀ ਐਸ ਪੰਜਾਬੀ ਨਾਲ ਕੀਤੀ ਗਲਬਾਤ ਦੌਰਾਨ, ਸਿਡਨੀ ਦੇ ਰਹਿਣ ਵਾਲੇ ਇਸ ਜੋੜੇ ਨੇ ਦੱਸਿਆ ਕਿ, ਪਿਛਲੇ ਸੱਤਾਂ ਸਾਲਾਂ ਦੌਰਾਨ ਨਿਵੇਸ਼ ਨੂੰ ਸੁਚਾਰੂ ਢੰਗ ਨਾਲ ਸੰਚਾਲਤ ਕਰਦੇ ਹੋਏ ਮਾਰਕੀਟ ਵਿੱਚ ਇੱਕ ਬਹੁਤ ਪ੍ਰਭਾਵਸ਼ਾਲੀ ਸਥਾਨ ਬਣਾ ਲਿਆ ਹੋਇਆ ਹੈ।
ਮਿਸ ਧਨੋਟਾ ਅਤੇ ਮਿ ਸਿੰਘ ਨੇ ਸਾਲ 2004 ਵਿੱਚ ਆਸਟ੍ਰੇਲੀਆ ਪ੍ਰਵਾਸ ਕੀਤਾ ਸੀ।
ਮਿਸ ਧਨੋਟਾ ਜੋ ਕਿ ਇਕ ਸਰਕਾਰੀ ਕਰਮਚਾਰੀ ਹੈ, ਦਾ ਕਹਿਣਾ ਹੈ ਕਿ ਉਸ ਨੇ ਸਾਲ 2009 ਵਿੱਚ ਆਪਣਾ ਪਹਿਲਾ ਨਿਵੇਸ਼, ਬੈਂਕਸਟਾਊਨ ਵਿੱਚ ਸਿਰਫ 28 ਸਾਲਾਂ ਦੀ ਉਮਰ ਵਿੱਚ ਹੀ ਕੀਤਾ ਸੀ।
ਮਿ ਸਿੰਘ ਜੋ ਕਿ ਨਿਜੀ ਵਪਾਰੀ ਹਨ, ਨੇ ਵੀ ਆਪਣੀ ਪਹਿਲੀ ਜਾਇਦਾਦ – ਜੋ ਕਿ ਇੱਕ ਦੋ ਕਮਰਿਆਂ ਦਾ ਯੂਨਿਟ ਸੀ, ਸਾਲ 2009 ਵਿੱਚ ਹੀ ਲਿਵਰਪੂਲ ਸਬਰਬ ਵਿੱਚ ਉਦੋਂ ਖਰੀਦੀ, ਜਦੋਂ ਉਹ ਸਿਰਫ 30 ਸਾਲਾਂ ਦੇ ਸਨ।
ਸਾਲ 2010 ਵਿੱਚ ਇਸ ਜੋੜੇ ਦੇ ਵਿਆਹ ਕਰਵਾਉਣ ਉਪਰੰਤ, ਮਿ ਸਿੰਘ, ਮਿਸ ਧਨੋਟਾ ਦੇ ਘਰ ਰਹਿਣ ਲਗਿਆ ਅਤੇ ਇਹਨਾਂ ਨੇ ਆਪਣੀ ਲਿਵਰਪੂਲ ਵਾਲੀ ਪਰਾਪਰਟੀ ਨੂੰ ਕਿਰਾਏ ਤੇ ਦੇ ਦਿੱਤਾ।
ਮਿਸ ਧਨੋਟਾ ਨੇ ਦੱਸਿਆ ਕਿ, ‘ਮੈ ਇੱਕ ਘਰ ਖਰੀਦਿਆ, ਅਤੇ ਮੇਰੇ ਪਤੀ ਨੇ ਵੀ ਇੱਕ ਘਰ ਖਰੀਦਿਆ। ਜਦੋਂ ਅਸੀਂ ਦੋਵੇਂ ਇਕੱਠੇ ਰਹਿਣ ਲੱਗੇ ਤਾਂ ਮੇਰੇ ਪਤੀ ਵਾਲੇ ਘਰ ਨੂੰ ਅਸੀਂ ਕਿਰਾਏ ਤੇ ਦੇ ਦਿੱਤਾ। ਅਸੀਂ ਹੁਣ ਕੁੱਝ ਵੀ ਆਪਣੀ ਜੇਬ ਵਿੱਚੋਂ ਨਹੀਂ ਭਰ ਰਹੇ ਸੀ, ਤਾਂ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇੱਕ ਹੋਰ ਜਾਇਦਾਦ ਖਰੀਦੀਏ?’
ਤੇ ਇਸ ਤਰਾਂ, ਇਸ ਜੋੜੇ ਨੇ ਘਰਾਂ ਵਿੱਚ ਨਿਵੇਸ਼ ਦੀ ਸ਼ੁਰੂਆਤ ਕੀਤੀ।
ਮਿਸ ਧਨੋਟਾ ਦਾ ਮੰਨਣਾ ਹੈ ਕਿ ਉਹਨਾਂ ਦੀ ਇਸ ਸਫਲਤਾ ਦੀ ਕੁੰਜੀ ਹੈ, ਘਰਾਂ ਨੂੰ ਵਾਜਬ ਕੀਮਤ ਤੇ ਖਰੀਦਣਾ।
ਮਿਸ ਧਨੋਟਾ ਨੇ ਕਿਹਾ, ‘ਸਾਡੀ ਮੰਨਸ਼ਾ ਕਦੀ ਵੀ ਜਾਇਦਾਦਾਂ ਵਿੱਚ ਨਿਵੇਸ਼ ਕਰਨ ਦੀ ਨਹੀਂ ਸੀ ਪਰ, ਅਸੀਂ ਜਦੋਂ ਸ਼ੁਰੂਆਤ ਕੀਤੀ ਤਾਂ ਉਸ ਸਮੇਂ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਸੀ ਅਤੇ ਸਾਨੂੰ ਬਹੁਤ ਵਧੀਆ ਕੀਮਤ ਤੇ ਘਰ ਮਿਲ ਗਏ ਸਨ’।
took calculated risks to create sound portfolio in properties. Source: Arvinder
ਪਿਛਲੇ ਸੱਤ ਸਾਲਾਂ ਦੇ ਸਮੇਂ ਦੌਰਾਨ ਇਸ ਜੋੜੇ ਨੇ ਸਿਡਨੀ ਅਤੇ ਮੈਲਬਰਨ ਵਿੱਚ ਜਾਇਦਾਦਾਂ ਬਣਾ ਲਈਆਂ ਹਨ।
ਇਹਨਾਂ ਕੋਲ ਇਸ ਸਮੇਂ ਬਲੈਕਟਾਊਨ ਵਿੱਚ ਇੱਕ ਅਪਾਰਟਮੈਂਟ ਹੈ, ਗਲੈਨਵੁੱਡ ਵਿੱਚ ਇਕ ਮਕਾਨ, ਕਿੰਗਜ਼ਵੁੱਡ ਵਿਚ ਇੱਕ ਫਲੈਟ ਅਤੇ ਮੈਲਬਰਨ ਵਿੱਚ ਜਮੀਨ ਦਾ ਟੋਟਾ ਵੀ ਹੈ।
ਹਾਲ ਵਿੱਚ ਹੀ ਉਹਨਾਂ ਨੇ ਆਪਣਾ ਬੈਂਕਸਟਾਊਨ ਵਾਲਾ ਘਰ, ਖਰੀਦ ਕੀਮਤ ਤੋਂ ਦੁੱਗਣਾ ਵੇਚਿਆ ਹੈ।
ਮਿ ਸਿੰਘ ਨੇ ਦੱਸਿਆ, ‘ਅਸੀਂ ਸਿਰਫ ਆਪਣੇ ਪਹਿਲੇ ਘਰਾਂ ਵਾਸਤੇ ਹੀ ਡਿਪੋਜ਼ਿਟ ਆਪਣੀ ਜੇਬ ਵਿੱਚੋਂ ਭਰਿਆ ਸੀ, ਬਾਅਦ ਦੀਆਂ ਸਾਰੀਆਂ ਜਾਇਦਾਦਾਂ ਉਹਨਾਂ ਤੋਂ ਪੈਦਾ ਹੋਈ ਇਕੂਈਟੀ ਯਾਨਿ ਕੇ ਲਾਭ ਤੋਂ ਹੀ ਲਈਆਂ ਗਈਆਂ ਹਨ’।
ਇਸ ਜੋੜੇ ਨੇ ਜਾਇਦਾਦਾਂ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ ਹਨ।
ਆਪਣਾ ਪਹਿਲਾ ਘਰ, ਛੋਟਾ ਅਤੇ ਘੱਟ ਕੀਮਤ ਤੇ ਖਰੀਦੋ, ਉਸ ਨੂੰ ਲੋੜ ਅਨੁਸਾਰ ਮੁਰੰਮਤ ਆਦਿ ਕਰਵਾ ਕੇ ਕਿਰਾਏ ਤੇ ਚਾੜ ਦਿਉ, ਪਬਲਿਕ ਟਰਾਂਸਪੋਰਟ, ਸਕੂਲਾਂ ਆਦਿ ਦੇ ਨਜ਼ਦੀਕ ਹੀ ਖਰੀਦੋ, ਅਤੇ ਬਜਟ ਦਾ ਪੂਰਾ ਧਿਆਨ ਰੱਖੋ।
ਕਦੀ ਵੀ ਬਹੁਤ ਮਹਿੰਗੀਆਂ ਜਾਇਦਾਦਾਂ ਪਿੱਛੇ ਨਾ ਦੋੜੋ ਕਿਉਂਕਿ ਤੁਹਾਨੂੰ ਪਹਿਲੀ ਵਾਰ ਵਿੱਚ ਹੀ ਇੱਕ ਵੱਡਾ ਬੈਂਕ ਕਰਜਾ ਮਿਲਣਾ ਮੁਸ਼ਕਲ ਹੋ ਸਕਦਾ ਹੈ।