Key Points
- ਵਿਸ਼ਵ ਸਿਹਤ ਸੰਗਠਨ ਗਰਭਵਤੀ ਔਰਤਾਂ ਜਾਂ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਐਂਟੀਵਾਇਰਲ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ ਦੀ ਸਿਫਾਰਸ਼ ਕਰਦਾ ਹੈ
- ਆਸਟ੍ਰੇਲੀਆ ਵਿੱਚ ਗਰਭਵਤੀ, ਦੁੱਧ ਚੁੰਘਾਉਣ ਅਤੇ ਬੱਚੇ ਲਈ ਕੋਸ਼ਿਸ਼ ਕਰ ਰਹੀਆਂ ਔਰਤਾਂ ਲਈ ‘ਪੈਕਸਲੋਵਿਡ’ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ
- ‘ਜੌਨਸ ਹੋਪਕਿੰਜ਼ ਮੈਡੀਸਨ’ ਦੀ ਖੋਜ ਦਰਸਾਉਂਦੀ ਹੈ ਕਿ ‘ਪੈਕਸਲੋਵਿਡ’ ਗੋਲੀ ਗਰਭ ਅਵਸਥਾ ਵਿੱਚ ਸੁਰੱਖਿਅਤ ਹੈ
ਵਿਸ਼ਵ ਸਿਹਤ ਸੰਗਠਨ ਨੇ 13 ਜਨਵਰੀ ਨੂੰ ਆਪਣੀ ਤਾਜ਼ਾ ਸਿਫ਼ਾਰਸ਼ ਵਿੱਚ ਹਲਕੇ ਕੋਵਿਡ-19 ਲੱਛਣਾਂ ਵਾਲੀਆਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ‘ਪੈਕਸਲੋਵਿਡ’ ਲੈਣ ਉੱਤੇ ਵਿਚਾਰ ਕਰਨ ਲਈ ਕਿਹਾ ਹੈ।
ਸੰਗਠਨ ਦਾ ਸੁਝਾਅ ਹੈ ਕਿ ਗਰਭਵਤੀ ਔਰਤਾਂ ਅਤੇ ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਇਸ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਇਸ ਬਾਰੇ ਸਲਾਹ ਕਰਨੀ ਚਾਹੀਦੀ ਹੈ।
ਹਾਲਾਂਕਿ ਆਸਟ੍ਰੇਲੀਆ ਦੀਆਂ ਔਰਤਾਂ ਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਦੇਸ਼ ਦੇ ਚੋਟੀ ਦੇ ਡਰੱਗ ਰੈਗੂਲੇਟਰ, ਥੈਰੇਪਿਊਟਿਕ ਗੁੱਡਜ਼ ਐਡਮਿਿਨਸਟ੍ਰੇਸ਼ਨ ਨੇ ਗਰਭਵਤੀ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਹੋਣ ਦੀ ਸੰਭਾਵਨਾ ਵਾਲੀਆਂ ਔਰਤਾਂ ਨੂੰ ‘ਪੈਕਸਲੋਵਿਡ’ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਟੀ.ਜੀ.ਏ ਵੱਲੋਂ ਸਿਰਫ ਵਧੇਰੇ ਸੰਵੇਦਨਸ਼ੀਲ ਮੈਡੀਕਲ ਸਥਿਤੀਆਂ ਵਾਲੇ ਸਮੂਹਾਂ ਵਿੱਚ ਹੀ ਦਵਾਈ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਆਸਟ੍ਰੇਲੀਆ ਆਪਣੇ ਫੈਸਲੇ ਉੱਤੇ ਕਾਇਮ ਹੈ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਟੀ.ਜੀ.ਏ ਵੱਲੋਂ 18 ਜਨਵਰੀ 2022 ਨੂੰ ਜਦੋਂ ਆਪਣੀ ਸ਼ੁਰੂਆਤੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਫਾਈਜ਼ਰ ਨੇ ਗਰਭਵਤੀ ਔਰਤਾਂ ਵਿੱਚ 'ਪੈਕਸਲੋਵਿਡ' ਦੀ ਵਰਤੋਂ ਬਾਰੇ ਡਾਟਾ ਮੁਹੱਈਆ ਨਹੀਂ ਕੀਤਾ ਸੀ।
ਇਸ ਲਈ ਆਸਟ੍ਰੇਲੀਆ ਦੇ ਸਿਹਤ ਵਿਭਾਗ ਵੱਲੋਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਐਂਟੀਵਾਇਰਲ ਦਵਾਈ ਦੀ ਵਰਤੋਂ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।
ਇਹ ਸਿਫ਼ਾਰਸ਼ 'ਯੂਰਪੀਅਨ ਮੈਡੀਸਨ ਏਜੰਸੀ' ਅਤੇ 'ਯੂਕੇ ਦੀ ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਦੀ ਰੈਗੂਲੇਟਰੀ ਏਜੰਸੀ' ਦੁਆਰਾ ਪ੍ਰਦਾਨ ਕੀਤੀ ਗਈ ਸਲਾਹ ਉੱਤੇ ਅਧਾਰਿਤ ਹੈ।
ਪੱਛਮੀ ਆਸਟ੍ਰੇਲੀਆ ਸਰਕਾਰ ਦਾ ਇੱਕ ਸਿਹਤ ਨਿਰਦੇਸ਼ ਗਰਭਵਤੀ ਔਰਤਾਂ ਜਾਂ ਬੱਚੇ ਦੀ ਯੋਜਨਾ ਬਣਾਉਣ ਵਾਲੀਆਂ ਔਰਤਾਂ ਨੂੰ ‘ਪੈਕਸਲੋਵਿਡ’ ਨਾ ਲੈਣ ਦੀ ਸਲਾਹ ਦਿੰਦਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਦਵਾਈਆਂ ਲੈਂਦੇ ਸਮੇਂ ਤੁਹਾਨੂੰ ਪਤਾ ਲਗਦਾ ਹੈ ਕਿ ਤੁਸੀਂ ਗਰਭਵਤੀ ਹੋ ਤਾਂ ਤੁਰੰਤ ਆਪਣੇ ਡਾਕਟਰ ਨੂੰ ਕਾਲ ਕਰੋ - ‘ਪੈਕਸਲੋਵਿਡ’ ਜਨਮ ਨਿਯੰਤਰਣ ਵਾਲੀਆਂ ਗੋਲੀਆਂ, ਪੈਚ ਅਤੇ ਯੋਨੀ ਦੀਆਂ ਰਿੰਗਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੀ ਹੈ'।
ਇਸ ਦੀਆਂ ਹਿਦਾਇਤਾਂ ਵਿੱਚ ਇਹ ਵੀ ਸ਼ਾਮਲ ਹੈ ਕਿ ‘ਪੈਕਸਲੋਵਿਡ’ ਲੈਂਦੇ ਸਮੇਂ ਵਿਕਲਪਕ ਗਰਭ ਨਿਰੋਧਕ ਜਾਂ ਵਾਧੂ ਰੁਕਾਵਟ ਵਿਧੀ ਜਿਵੇਂ ਕਿ ‘ਕੰਡੋਮ’ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਜਨਮ ਨਿਯੰਤਰਣ ਦੇ ਪ੍ਰਭਾਵੀ ਤਰੀਕਿਆਂ ਬਾਰੇ ਆਪਣੇ ਸਿਹਤ ਪ੍ਰੈਕਟੀਸ਼ਨਰ ਨਾਲ ਗੱਲ ਕਰਨੀ ਚਾਹੀਦੀ ਹੈ।
ਹਾਲਾਂਕਿ ਮੈਲਬੌਰਨ-ਅਧਾਰਤ ਮਾਹਿਰ ਡਾਕਟਰ ਨਿਸ਼ਾ ਖੋਤ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਸਰਕਾਰ ਜਲਦ ਹੀ ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਸ਼ਾਂ ਅਤੇ ਨਵੀਨਤਮ ਅਧਿਐਨਾਂ ਦੇ ਅਨੁਸਾਰ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰੇਗੀ।
ਡਾਕਟਰ ਖੋਤ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ ਡਾਕਟਰੀ ਪੇਸ਼ੇਵਰ ਫੈਡਰਲ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ‘ਪੈਕਸਲੋਵਿਡ’ ਜਾਂ ਕੋਈ ਹੋਰ ਦਵਾਈ ਲਿਖ ਕੇ ਨਹੀਂ ਦੇ ਸਕਦੇ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ‘ਪੈਕਸਲੋਵਿਡ’ ਨੂੰ ਮਨਜ਼ੂਰੀ ਮਿਲ ਜਾਵੇਗੀ ਤਾਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਇਹ ਇੱਕ ਵਾਧੂ ਵਿਕਲਪ ਵਜੋਂ ਕੰਮ ਕਰੇਗੀ। ਇਸ ਨਾਲ ਉਹਨਾਂ ਦਾ ਤਣਾਅ ਅਤੇ ਚਿੰਤਾ ਵੀ ਘੱਟ ਹੋ ਸਕਣਗੇ।
ਡਾਕਟਰ ਖੋਤ ਨੇ ਦੱਸਿਆ ਕਿ ਵਿਕਟੋਰੀਆ ਵਿੱਚ ਜ਼ਿਆਦਾਤਰ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਕੋਵਿਡ-19 ਦੇ ਹਲਕੇ ਲੱਛਣ ਹੀ ਦੇਖਣ ਨੂੰ ਮਿਲ ਰਹੇ ਹਨ।
ਉਹਨਾਂ ਮੁਤਾਬਕ ਇਹ ਉੱਚ ਟੀਕਾਕਰਨ ਅਤੇ ਬੂਸਟਰ ਦਰਾਂ ਦੇ ਕਾਰਨ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਕੋਵਿਡ-19 ਟੀਕਾਕਰਨ ਉੱਤੇ ਡਾਕਟਰਾਂ ਵੱਲੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।
‘ਜੌਨਸ ਹੌਪਕਿੰਜ਼ ਮੈਡੀਸਨ ਰਿਸਰਚ’ ਦੇ ਇੱਕ ਤਾਜ਼ਾ ਅਧਿਐਨ ‘ਜਾਮਾ ਨੈੱਟਵਰਕ ਓਪਨ’ ਵਿੱਚ ਦਿਖਾਇਆ ਗਿਆ ਹੈ ਕਿ ‘ਸਾਰਸ-ਕੋਵ-2’ ਨਾਲ ਸੰਕਰਮਿਤ ਗਰਭਵਤੀ ਔਰਤਾਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਸੁਰੱਖਿਅਤ ਢੰਗ ਨਾਲ ‘ਪੈਕਲੋਵਿਡ’ ਲੈ ਸਕਦੀਆਂ ਹਨ।
ਜਨਮ ਦੇਣ ਵਾਲੇ ਮਾਤਾ-ਪਿਤਾ ਜਾਂ ਉਹਨਾਂ ਦੀ ਔਲਾਦ ਨੂੰ ਬਿਨ੍ਹਾਂ ਪ੍ਰਭਾਵਿਤ ਕਰਨ ਵਾਲੀਆਂ ਪੇਚੀਦਗੀਆਂ ਦੇ ਇਸ ਦਵਾਈ ਦੇ ਸਕਾਰਾਤਮਕ ਪ੍ਰਭਾਵ ਦੇਖੇ ਗਏ ਸਨ।
ਅਧਿਐਨ ਵਿੱਚ ਨੋਟ ਕੀਤਾ ਗਿਆ ਹੈ ਕਿ ਨਿਰਮਾਟ੍ਰੇਲਵਿਰ ਅਤੇ ਰਿਟੋਨਾਵਿਰ (ਪੈਕਲੋਵਿਡ) ਨਾਲ ਇਲਾਜ ਤੋਂ ਬਾਅਦ ਲਗਭਗ ਅੱਧੇ ਜਣੇਪੇ ਸਿਜੇਰੀਅਨ ਡਿਲੀਵਰੀ ਦੁਆਰਾ ਹੋਏ ਸਨ।
ਆਸਟ੍ਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਟੀ.ਜੀ.ਏ ਗਰਭਵਤੀ ਔਰਤਾਂ ਵਿੱਚ ‘ਪੈਕਸਲੋਵਿਡ’ ਦੀ ਵਰਤੋਂ ਬਾਰੇ ਛੋਟੇ ਅਧਿਐਨਾਂ ਤੋਂ ਜਾਣੂ ਹੈ ਅਤੇ 'ਫਾਈਜ਼ਰ' ਵੱਲੋਂ ਦਿੱਤੀ ਗਈ ਨਵੀਂ ਜਾਂ ਅਪਡੇਟ ਕੀਤੀ ਐਪਲੀਕੇਸ਼ਨ ਉੱਤੇ ਵਿਚਾਰ ਕਰ ਸਕਦੀ ਹੈ।
ਹਾਲਾਂਕਿ 'ਫਾਈਜ਼ਰ' ਉੱਤੇ ਐਪਲੀਕੇਸ਼ਨ ਭੇਜਣ ਲਈ ਜ਼ੋਰ ਨਹੀਂ ਪਾਇਆ ਜਾ ਸਕਦਾ।
ਐਸ ਬੀ ਐਸ ਨੂੰ 'ਫਾਈਜ਼ਰ' ਨੇ ਦੱਸਿਆ ਹੈ ਕਿ ਉਸ ਕੋਲ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਵਿੱਚ ‘ਪੈਕਸਲੋਵਿਡ’ ਦੀ ਸੁਰੱਖਿਅਤ ਵਰਤੋਂ ਨੂੰ ਲੈ ਕੇ ਕੋਈ ਡਾਟਾ ਨਹੀਂ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਔਰਤਾਂ ਨੂੰ ਇਲਾਜ ਦੌਰਾਨ ਅਤੇ ‘ਪੈਕਸਲੋਵਿਡ’ ਨੂੰ ਰੋਕਣ ਤੋਂ ਸੱਤ ਦਿਨਾਂ ਬਾਅਦ ਤੱਕ ਗਰਭਵਤੀ ਹੋਣ ਤੋਂ ਬਚਣਾ ਚਾਹੀਦਾ ਹੈ।
‘ਪੈਕਸਲੋਵਿਡ’ ਨਾਲ ਇਲਾਜ ਦੌਰਾਨ ਅਤੇ ਇਸਦੀ ਆਖਰੀ ਖੁਰਾਕ ਤੋਂ ਬਾਅਦ ਸੱਤ ਦਿਨਾਂ ਲਈ ਛਾਤੀ ਦਾ ਦੁੱਧ ਚੁੰਗਾਉਣਾ ਬੰਦ ਰੱਖਣਾ ਚਾਹੀਦਾ ਹੈ। ਹਾਲਾਂਕਿ ਜਣਨ ਸ਼ਕਤੀ ਉੱਤੇ ‘ਪੈਕਸਲੋਵਿਡ’ ਦੇ ਪ੍ਰਭਾਵ ਬਾਰੇ ਕੋਈ ਮਨੁੱਖੀ ਡਾਟਾ ਨਹੀਂ ਹੈ।
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।