ਕੋਵਿਡ-19 ਸੰਕਟ: ਸਰਕਾਰ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਵੀਜ਼ਾ ਧਾਰਕਾਂ ਲਈ ਖਾਸ ਸੰਦੇਸ਼

ਕਾਰਜਕਾਰੀ ਫੈਡਰਲ ਪ੍ਰਵਾਸ ਮੰਤਰੀ ਐਲਨ ਟੱਜ ਨੇ ਉਹਨਾਂ ਭਾਰਤੀ ਵਿਦਿਆਰਥੀਆਂ ਅਤੇ ਆਸਟ੍ਰੇਲੀਆ ਵਿੱਚ ਫਸੇ ਵਿਦੇਸ਼ੀ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਸੰਬੋਧਨ ਕੀਤਾ ਹੈ ਜੋ ਕਿ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਵਿੱਚ ਅਸਮਰਥ ਹਨ।

Alan Tudge

Acting Immigration Minister Alan Tudge Source: AAP Image/Joel Carrett/Getty Images

ਐਲਨ ਟੱਜ ਨੇ ਹਾਲ ਵਿੱਚ ਹੀ ਉਹਨਾਂ ਹਜਾਰਾਂ ਭਾਰਤੀ ਵਿਦਿਆਰਥੀਆਂ ਅਤੇ ਯਾਤਰੀਆਂ ਸਮੇਤ ਹੋਰਨਾਂ ਆਰਜ਼ੀ ਵੀਜ਼ਾ ਧਾਰਕਾਂ ਦੀਆਂ ਸਮੱਸਿਆਵਾਂ ਨੂੰ ਸਵੀਕਾਰ ਕੀਤਾ ਹੈ ਜੋ ਕਿ ਆਸਟ੍ਰੇਲੀਆ ਵਿਚਲੀਆਂ ਸਰਹੱਦੀ ਪਾਬੰਦੀਆਂ ਅਤੇ ਭਾਰਤ ਵਿੱਚ ਲੱਗੀ ਦੇਸ਼ ਵਿਆਪੀ ਤਾਲਾਬੰਦੀ ਕਾਰਨ ਮੁਸ਼ਕਲਾਂ ਵਿੱਚ ਪਏ ਹੋਏ ਹਨ।

ਪਿਛਲੇ ਹਫਤੇ ਬਹੁਸਭਿਆਚਾਰਕ ਮੀਡੀਆ ਨੂੰ ਸੰਬੋਧਨ ਕਰਦੇ ਹੲੋੇ ਸ਼੍ਰੀ ਟੱਜ ਨੇ ਕਿਹਾ ਕਿ ਸਰਕਾਰ ਤੇਜੀ ਨਾਲ ਬਦਲ ਰਹੇ ਹਾਲਾਤਾਂ ਉੱਤੇ ਨਜ਼ਰ ਰੱਖ ਰਹੀ ਹੈ।

ਸ਼੍ਰੀ ਟੱਜ ਨੇ ਕਿਹਾ, "ਆਪਣੇ ਘਰਾਂ ਨੂੰ ਵਾਪਸ ਚਲੇ ਜਾਣ ਵਾਲਾ ਸੰਦੇਸ਼ ਸਿਰਫ ਉਹਨਾਂ ਲਈ ਸੀ ਜੋ ਕਿ ਇੱਥੇ ਰਹਿਣ ਵਿੱਚ ਦਿੱਕਤ ਮਹਿਸੂਸ ਕਰ ਰਹੇ ਹਨ"।

"ਭਾਰਤ ਵੀ ਕਈ ਅਜਿਹੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਹੋਇਆ ਹੈ। ਪਹਿਲਾਂ ਉਮੀਦ ਸੀ ਕਿ ਇਹਨਾਂ ਨੂੰ ਇਸ ਹਫਤੇ ਖੋਲਿਆ ਜਾਵੇਗਾ ਪਰ ਨਵੇਂ ਆਏ ਨਿਰਦੇਸ਼ਾਂ ਅਨੁਸਾਰ ਹੁਣ ਇਹ ਦੋ ਹੋਰ ਹਫਤਿਆਂ ਲਈ ਬੰਦ ਰਹਿਣਗੇ।"

"ਇਸ ਲਈ ਸਾਨੂੰ ਲਗਾਤਾਰ ਸਥਿਤੀਆਂ ਉੱਤੇ ਧਿਆਨ ਰੱਖਣਾ ਪੈ ਰਿਹਾ ਹੈ। ਭਾਰਤ ਵਾਂਗ ਨੇਪਾਲ ਵਿੱਚ ਵੀ ਅਜਿਹੇ ਹੀ ਹਾਲਾਤ ਲਾਗੂ ਹਨ।"

"ਬਹੁਸਭਿੱਆਚਾਰਕ ਭਾਈਚਾਰੇ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਲਾਘਾ ਯੋਗ ਕੰਮ ਕੀਤਾ ਹੈ। ਇਸ ਲਈ ਮੈਂ ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਕਰਦਾ ਹਾਂ।"

Our multicultural community has been outstanding in helping stop the flow of the virus. At a press conference today I thanked them and gave more detail about visa changes.

— Alan Tudge (@AlanTudgeMP)

ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਅਗਰ ਉਹ 12 ਮਹੀਨੇ ਜਾਂ ਤੋਂ ਜਿਆਦਾ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਤਾਂ ਉਹ ਆਪਣੀ ਲੋੜ ਅਨੁਸਾਰ ਸੁਪਰਐਨੂਏਸ਼ਨ ਵਰਤ ਸਕਦੇ ਹਨ।  

ਬਾਕੀ ਆਰਜ਼ੀ ਵੀਜ਼ਾ ਧਾਰਕਾਂ ਲਈ ਕਿਹਾ ਗਿਆ ਸੀ ਕਿ ਉਹ ਆਪਣਾ ਗੁਜ਼ਾਰਾ ਆਪ ਕਰਨ, ਪਰਿਵਾਰਕ ਮਦਦ ਲੈਣ, ਪਾਰਟ-ਟਾਈਮ ਕੰਮ ਕਰਨ ਜਾਂ ਫੇਰ ਆਪਣੀ ਬੱਚਤ ਨੂੰ ਵਰਤਣ।

ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਕਰਨ ਆਉਣ ਸਮੇਂ ਦਿੱਤੇ ਗਏ ਉਸ ਬਿਆਨ ਦੀ ਯਾਦ ਵੀ ਦਿਵਾਈ ਜਿਸ ਵਿੱਚ ਉਹਨਾਂ ਨੇ ਆਪਣੀ ਪੜਾਈ ਸਬੰਧੀ ਪੂਰਾ ਖਰਚ ਆਪ ਚੁੱਕਣ ਬਾਰੇ ਮੰਨਿਆ ਸੀ।

ਵਿਦਿਆਰਥੀ ਜਸ਼ਮੀਤ ਸਿੰਘ ਨੇ ਦੱਸਿਆ ਹੈ ਕਿ ਉਹ ਇਸ ਉਡੀਕ ਵਿੱਚ ਹਨ ਕਿ ਸਰਕਾਰ ਉਹਨਾਂ ਵਰਗੇ ਲੋਕਾਂ ਲਈ ਕੋਈ ਮਦਦ ਦੀ ਘੋਸ਼ਣਾ ਕਰੇਗੀ, ਪਰ ਉਨ੍ਹਾਂ ਨੂੰ ਅਜੇ ਤੱਕ ਨਿਰਾਸ਼ਾ ਹੀ ਹੱਥ ਲੱਗੀ ਹੈ।

"ਮੈਨੂੰ ਪੂਰੀ ਉਮੀਦ ਸੀ ਕਿ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਕੋਈ ਨਾ ਕੋਈ ਮਾਲੀ ਮਦਦ ਜਰੂਰ ਦੇਵੇਗੀ, ਪਰ ਇਸ ਸਮੇਂ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ।"

"ਬੇਸ਼ਕ ਅਸੀਂ ਵਾਪਸ ਭਾਰਤ ਪਰਤਣਾ ਚਾਹੁੰਦੇ ਹਾਂ ਪਰ ਇਸ ਸਮੇਂ ਇਹ ਵੀ ਸੰਭਵ ਨਹੀਂ ਹੈ। ਇਸ ਲਈ ਕੁੱਝ ਨਾ ਕੁੱਝ ਮਾਲੀ ਮਦਦ ਤਾਂ ਮਿਲਣੀ ਹੀ ਚਾਹੀਦੀ ਹੈ", ਜਸ਼ਮੀਤ ਨੇ ਕਿਹਾ।
ਸਰਹੱਦੀ ਪਾਬੰਦੀਆਂ ਕਾਰਨ ਪੈਦਾ ਹੋਏ ਹਾਲਾਤਾਂ ਵਿੱਚ ਸਿਰਫ ਵਿਦੇਸ਼ੀ ਵਿਦਿਆਰਥੀ ਹੀ ਨਹੀਂ ਫਸੇ ਹੋਏ।

ਭਾਰਤ ਤੋਂ ਆਏ ਸੈਂਕੜੇ ਯਾਤਰੀ ਵੀ ਇਸ ਸਮੇਂ ਕਈ ਹੋਟਲਾਂ ਅਤੇ ਹੋਰਨਾਂ ਰਿਹਾਇਸ਼ੀ ਥਾਵਾਂ ਵਿੱਚ ਰਹਿਣ ਲਈ ਮਜ਼ਬੂਰ ਹਨ ਅਤੇ ਆਪਣੇ ਵੀਜ਼ਿਆਂ ਦੇ ਅੱਗੇ ਵਧਣ ਦੀ ਉਡੀਕ ਕਰ ਰਹੇ ਹਨ।

ਮੰਤਰੀ ਟੱਜ ਨੇ ਅਜਿਹੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲ ਦੇ ਅਧਾਰ ਤੇ ਪ੍ਰਵਾਸ ਵਿਭਾਗ ਨਾਲ ਸੰਪਰਕ ਕਰਨ।

ਭਾਰਤ ਤੋਂ ਆਸਟ੍ਰੇਲੀਆ ਦੀ ਯਾਤਰਾ ਤੇ ਆਉਣ ਵਾਲੀ ਪਰੀਥੀ ਰਾਮਾਸ਼ੈੱਟੀ ਵੀ ਇਸ ਸਮੇਂ ਸਿਡਨੀ ਦੇ ਇੱਕ ਹੋਟਲ ਵਿੱਚ ਪਿਛਲੇ ਇੱਕ ਮਹੀਨੇ ਤੋਂ ਫਸੀ ਹੋਈ ਹੈ।
Preethi
Preethi Ramashetty with her daughter. Source: Supplied

ਪਰੀਥੀ ਦਸਦੀ ਹੈ ਕਿ ਮੁਸ਼ਕਲ ਸਿਰਫ ਆਪਣੇ ਵੀਜ਼ੇ ਨੂੰ ਅੱਗੇ ਵਧਾਉਣ ਦੀ ਹੀ ਨਹੀਂ ਬਲਿਕ ਰੋਜਾਨਾ ਖਰਚ ਲਈ ਲੌੜੀਂਦੇ ਪੈਸਿਆਂ ਦੀ ਘਾਟ ਦੀ ਵੀ ਹੈ।

40 ਸਾਲਾਂ ਦੀ ਪਰੀਥੀ ਆਪਣੇ ਪਤੀ ਅਤੇ 13 ਸਾਲਾਂ ਦੀ ਧੀ ਦੇ ਨਾਲ ਆਸਟ੍ਰੇਲੀਆ ਘੁੰਮਣ ਆਈ ਸੀ ਅਤੇ ਇਸ ਸਮੇਂ ਭਾਰੀ ਮਾਲੀ ਸੰਕਟ ਦਾ ਸਾਹਮਣਾ ਕਰ ਰਹੀ ਹੈ।

"ਸਾਨੂੰ ਹਰ ਦਿਨ ਦੀ ਰਿਹਾਇਸ਼ ਵਾਸਤੇ 130 ਡਾਲਰ ਭਰਨੇ ਪੈ ਰਹੇ ਹਨ। ਅਤੇ ਅਗਰ ਹਾਲਾਤ ਕੁੱਝ ਸਮਾਂ ਇਸੀ ਤਰਾਂ ਹੀ ਰਹੇ ਤਾਂ ਸਾਨੂੰ ਦੂਜਿਆਂ ਦੀ ਮਦਦ ਤੇ ਨਿਰਭਰ ਹੋਣ ਲਈ ਮਜਬੂਰ ਹੋਣਾ ਪਵੇਗਾ।"

ਪਰੀਥੀ ਨੇ ਕਿਹਾ ਕਿ, "ਕੋਈ ਤਾਂ ਸਾਡੀ ਮਦਦ ਲਈ ਸਾਹਮਣੇ ਆਵੇ। ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਜਲਦ ਹੀ ਇੱਥੋਂ ਭਾਰਤ ਵਾਪਸ ਪਰਤਾਇਆ ਜਾਵੇ"।
ਮੌਜੂਦਾ ਹਾਲਾਤਾਂ ਵਿੱਚ ਸਿਰਫ ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਰਿਹਾਈਸ਼ੀ ਜਾਂ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਆਸਟ੍ਰੇਲੀਆ ਆ ਸਕਦੇ ਹਨ।

ਸ਼੍ਰੀ ਟੱਜ ਨੇ ਕਿਹਾ ਕਿ, "ਬਦਕਿਸਮਤੀ ਨਾਲ ਸਾਨੂੰ ਆਪਣੀਆਂ ਸਰਹੱਦਾਂ ਇਸ ਲਈ ਬੰਦ ਕਰਨੀਆਂ ਪਈਆਂ ਹਨ ਕਿਉਂਕਿ ਵਾਇਰਸ ਦਾ ਜਿਆਦਾ ਫੈਲਾਅ ਵਿਦੇਸ਼ਾਂ ਤੋਂ ਆਉਣ ਵਾਲਿਆਂ ਕਰਕੇ ਹੀ ਵਧ ਰਿਹਾ ਸੀ"।

ਉਹਨਾਂ ਉਮੀਦ ਜਤਾਈ ਕਿ ਸਾਰੇ ਯਾਤਰੀ ਆਪਣੇ ਮੂਲ਼ ਦੇਸ਼ਾਂ ਨੂੰ ਜਲਦ ਪਰਤ ਸਕਣਗੇ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 20 April 2020 12:19pm
Updated 12 August 2022 3:19pm
By Avneet Arora, MP Singh


Share this with family and friends