ਮੌਜੂਦਾ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ (ਬੀ ਆਈ ਆਈ ਪੀ) ਅਧੀਨ ਸਥਾਈ ਰੈਸੀਡੈਂਸੀ ਪ੍ਰਾਪਤ ਕਰਣ ਲਈ ਬਿਨੈਕਾਰਾਂ ਲਈ ਤਿੰਨ ਤਰ੍ਹਾਂ ਦੇ ਵੀਜ਼ੇ ਅਤੇ ਨੌਂ ਭਿਨ ਧਾਰਾਵਾਂ ਉਪਲਬੱਧ ਹਨ।
ਆਰਥਿਕ ਬਹਾਲੀ ਲਈ ਵਿਦੇਸ਼ੀ ਨਿਵੇਸ਼ ਨੂੰ ਤਰਜੀਹੀ ਨੀਤੀ ਬਣਾਉਣ ਦੇ ਟੀਚੇ ਨੂੰ ਹਾਸਲ ਕਰਣ ਲਈ ਇਨ੍ਹਾਂ ਨੌ ਧਰਾਵਾਂ ਨੂੰ ਘਟਾ ਕੇ ਚਾਰ ਤੇ ਸੀਮਤ ਕਰ ਦਿੱਤਾ ਗਿਆ ਹੈ। ਇਹ ਚਾਰ ਧਰਾਵਾਂ- ਕਾਰੋਬਾਰੀ ਨਵੀਨਤਾ, ਉੱਘੇ ਉਦਯੋਗਪਤੀ, ਨਿਵੇਸ਼ਕ ਅਤੇ ਉਘੇ ਨਿਵੇਸ਼ਕ - ਅਧੀਨ ਬਿਨੈਕਾਰਾਂ ਨੂੰ ਹੁਣ ਪਹਿਲਾਂ ਨਾਲੋਂ ਸਖ਼ਤ ਸ਼ਰਤਾਂ ਨੂੰ ਪੂਰਨ ਕਰਨਾ ਪਵੇਗਾ।
ਬਿਜ਼ਨਸ ਇਨੋਵੇਸ਼ਨ ਵੀਜ਼ਾ ਧਾਰਕਾਂ ਲਈ ਕਾਰੋਬਾਰੀ ਸੰਪਤੀ ਦੀ ਦਰ ਨੂੰ ਅੱਠ ਲੱਖ ਡਾਲਰਾਂ ਤੋਂ ਵੱਧਾ ਕੇ 1.25 ਮਿਲੀਅਨ ਕਰ ਦਿੱਤਾ ਗਿਆ ਹੈ ਅਤੇ ਕੁੱਲ ਸਲਾਨਾ ਕਾਰੋਬਾਰੀ ਮਾਲ ਗੁਜਾਰੀ ਨੂੰ 500,000 ਡਾਲਰਾਂ ਤੋਂ ਵੱਧਾ ਕੇ 750,000 ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਉੱਘੇ ਉਦਯੋਗਪਤੀ ਸ਼੍ਰੇਣੀ ਵਿੱਚ ਫੰਡਿੰਗ ਦਰ, ਜੋ ਕਿ ਇਸ ਵੇਲ਼ੇ ਦੋ ਲੱਖ ਡਾਲਰ ਹੈ, ਨੂੰ ਅਗਲੀ ਜੁਲਾਈ ਤੋਂ ਖਾਰਜ ਕਰ ਦਿੱਤਾ ਜਾਵੇਗਾ।
1 ਜੁਲਾਈ 2021 ਤੋਂ ਲਾਗੂ ਹੋਣ ਵਾਲੀਆਂ ਤਬਦੀਲੀਆਂ ਦੀ ਘੋਸ਼ਣਾ ਕਰਦਿਆਂ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਬੀ ਆਈ ਆਈ ਪੀ ਨੂੰ ਸੁਚਾਰੂ ਬਣਾਉਣ ਨਾਲ਼ ਉੱਘੇ ਨਿਵੇਸ਼ਕਾਂ ਦੇ ਆਰਥਿਕ ਯੋਗਦਾਨ ਸਦਕਾ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੌਜੂਦਾ ਬੀ ਆਈ ਆਈ ਪੀ ਪ੍ਰੋਗਰਾਮ ਦੇ ਤਹਿਤ ਬਹੁਤੇ ਪ੍ਰਵਾਸੀ ਘੱਟੋ ਘੱਟ ਚਾਰ ਸਾਲਾਂ ਲਈ ਆਰਜ਼ੀ ਵੀਜ਼ੇ 'ਤੇ ਆਸਟ੍ਰੇਲੀਆ ਵਿੱਚ ਦਾਖਲ ਹੁੰਦੇ ਹਨ ਜਿਸ ਦੀ ਮਿਆਦ ਮੁੱਕਣ ਅਤੇ ਨਿਰਧਾਰਤ ਵੀਜ਼ਾ ਸ਼ਰਤਾਂ ਪੂਰਨ ਹੋਣ ਤੇ ਉਹ ਸਥਾਈ ਵੀਜ਼ਾ ਲਈ ਅਰਜ਼ੀ ਪਾ ਸਕਦੇ ਹਨ।
ਇਨ੍ਹਾਂ ਤਬਦੀਲੀਆਂ ਤਹਿਤ ਹੁਣ ਇਸ ਆਰਜ਼ੀ ਵੀਜ਼ੇ ਦੀ ਮਿਆਦ ਨੂੰ ਚਾਰ ਸਾਲਾਂ ਤੋਂ ਵੱਧਾ ਕੇ ਪੰਜ ਸਾਲਾਂ ਲਈ ਕਰ ਦਿੱਤਾ ਗਿਆ ਹੈ ਜਿਸ ਨਾਲ਼ ਬਿਨੈਕਾਰਾਂ ਨੂੰ ਸਥਾਈ ਰੈਸੀਡੈਂਸੀ ਪ੍ਰਾਪਤ ਕਰਣ ਲਈ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਵਧੇਰੇ ਸਮਾਂ ਮਿਲ਼ ਸਕੇਗਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।