ਆਸਟ੍ਰੇਲੀਆ ਨੇ ਬਾਹਰੀ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਮਾਰਚ 2021 ਤੱਕ ਵਧਾ ਦਿੱਤੀ ਹੈ।
ਮੁਲਕ ਤੋਂ ਬਾਹਰ ਜਾਣ ਲਈ ਅੰਤਰਾਸ਼ਟਰੀ ਯਾਤਰਾ ਤੇ ਇਹ ਪਾਬੰਦੀ 18 ਮਾਰਚ 2020 ਤੋਂ ਲਾਗੂ ਹੋਈ ਸੀ ਜਿਸਦੀ ਮਿਆਦ 17 ਦਸੰਬਰ ਨੂੰ ਖਤਮ ਹੋਣ ਵਾਲੀ ਸੀ। ਪਰ ਹੁਣ ਇਸ ਨੂੰ 17 ਮਾਰਚ 2021 ਤੱਕ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਫ਼ੈਡਰਲ ਸਰਕਾਰ ਨੇ ਇਹ ਘੋਸ਼ਣਾ ਕੀਤੀ ਹੈ ਕਿ ਬਾਓਸਕਿਓਰਿਟੀ ਐਮਰਜੈਂਸੀ ਅਵਧੀ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣ ਦਾ ਫ਼ੈਸਲਾ ਬਾਹਰ ਮੁਲਕਾਂ ਵਿੱਚ ਕੋਰੋਨਾਵਾਇਰਸ ਮਰੀਜ਼ਾ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।
ਮੌਜੂਦਾ ਯਾਤਰਾ ਦੀਆਂ ਪਾਬੰਦੀਆਂ ਦੇ ਅਨੁਸਾਰ, ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਉਦੋਂ ਤੱਕ ਦੇਸ਼ ਛੱਡਣ ਦੀ ਆਗਿਆ ਨਹੀਂ ਹੈ ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਆਸਟ੍ਰੇਲੀਅਨ ਬਾਰਡਰ ਫੋਰਸ (ਏ ਬੀ ਐਫ) ਵਲੋਂ ਮਨਜ਼ੂਰ ਨਹੀਂ ਕੀਤੀ ਜਾਂਦੀ।
ਯਾਤਰਾ ਕਰਣ ਲਈ ਮਨਜ਼ੂਰੀ ਬਹੁਤ ਹੀ ਮੁਸ਼ਕਿਲ ਹਲਾਤਾਂ ਵਿੱਚ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁੱਝ ਨੂੰ ਤਾਂ ਆਪਣੇ ਸਕੇ ਭੈਣ-ਭਰਾ ਜਾਂ ਮਾਪੇਆਂ ਦਾ ਦਿਹਾਂਤ ਹੋਣ ਤੇ ਵੀ ਵਿਭਾਗ ਵਲੋਂ ਯਾਤਰਾ ਕਰਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਇਹ ਮਨਜ਼ੂਰੀ ਪ੍ਰਾਪਤ ਕਰਨ ਲਈ ਇਹ ਸਾਬਿਤ ਕਰਣਾ ਪਵੇਗਾ ਕੀ ਯਾਤਰਾ ਹੇਠ ਲਿਖ਼ੇ ਕਿਸੇ ਕਾਰਣ ਕਰ ਕੇ ਹੈ
- ਯਾਤਰਾ ਕੋਵਿਡ-19 ਦੇ ਪ੍ਰਕੋਪ ਦੇ ਪ੍ਰਤੀਕਰਮ ਦੇ ਹਿੱਸੇ ਵਜੋਂ ਹੈ
- ਯਾਤਰਾ ਤੁਹਾਡੇ ਕਾਰੋਬਾਰ ਜਾ ਨੌਕਰੀ ਸੰਬੰਧੀ ਹੈ
- ਤੁਸੀਂ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਲਈ ਯਾਤਰਾ ਕਰ ਰਹੇ ਹੋ ਜੋ ਇਲਾਜ ਆਸਟ੍ਰੇਲੀਆ ਵਿੱਚ ਉਪਲਬਧ ਨਹੀਂ ਹੈ
- ਤੁਸੀਂ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰ ਰਹੇ ਹੋ
- ਤੁਸੀਂ ਤਰਸਵਾਨ ਜਾਂ ਮਾਨਵਤਾਵਾਦੀ ਅਧਾਰਾਂ ਤੇ ਯਾਤਰਾ ਕਰ ਰਹੇ ਹੋ ਜਾਂ ਫ਼ਿਰ
- ਯਾਤਰਾ ਰਾਸ਼ਟਰੀ ਹਿੱਤ ਵਿੱਚ ਹੈ
ਮਾਰਚ ਵਿੱਚ ਪਾਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਏ ਬੀ ਐਫ ਵਲੋਂ ਹੁਣ ਤੱਕ 95,325 ਛੋਟਾਂ ਪ੍ਰਦਾਨ ਕੀਤੀਆਂ ਜਾ ਚੁੱਕਿਆਂ ਹਨ। ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨੂੰ ਗਵਰਨਰ-ਜਨਰਲ ਦੁਆਰਾ ਅਗਲੇ ਹਫ਼ਤੇ ਰਸਮੀ ਤੌਰ 'ਤੇ ਮਨਜ਼ੂਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।