ਆਸਟ੍ਰੇਲੀਆ ਦੇ ਮੁਕਾਬਲੇ ਕੈਨੇਡਾ ਵਿੱਚ ਪੜ੍ਹਾਈ ਖ਼ਤਮ ਕਰਣ ਉਪਰੰਤ ਨਿਵਾਸ ਪ੍ਰਾਪਤ ਕਰਣ ਲਈ ਕਈ ਅਸਾਨ ਰਸਤੇ ਹਨ ਜਿਸ ਕਰਕੇ ਕੈਨੇਡਾ ਪ੍ਰਵਾਸ ਵਲ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਧਦਾ ਰੁਝਾਨ ਦੇਖਣ ਨੂੰ ਮਿਲ਼ ਰਿਹਾ ਹੈ।
ਵਿਦਿਆਰਥੀਆਂ ਵਿੱਚ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਮਹਾਂਮਾਰੀ ਦੇ ਬਾਵਜੂਦ ਵੀ ਪ੍ਰਵਾਸੀਆਂ ਪ੍ਰਤੀ ਕੈਨੇਡਾ ਦੀਆਂ ਨੀਤੀਆਂ ਵਧੇਰੇ ਸਾਰਥਿਕ ਬਣ ਕੇ ਉਭਰੀਆਂ ਹਨ। ਇਨ੍ਹਾਂ ਦੀ ਨਰਾਜ਼ਗੀ ਦਾ ਇੱਕ ਮੁੱਖ ਕਾਰਣ ਇੱਕ ਵੀ ਹੈ ਆਸਟ੍ਰੇਲੀਆ ਵਲੋਂ ਵਾਪਸ ਮੁੜਨ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਣ ਭਵਿੱਖ ਨੂੰ ਲੈ ਕੇ ਇਨ੍ਹਾਂ ਦੀ ਚਿੰਤਾ ਹੋਰ ਗਹਿਰਾ ਗਈ ਹੈ।
ਕੋਵਿਡ-19 ਮਹਾਂਮਾਰੀ ਕਾਰਨ ਆਸਟ੍ਰੇਲੀਆ ਨੇ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਆਵਾਜਾਈ ਉੱਤੇ ਦੁਨੀਆਂ ਦੀਆਂ ਸੱਭ ਤੋਂ ਵੱਧ ਸਖ਼ਤ ਪਬੰਦੀਆਂ ਲਾ ਦਿੱਤੀਆਂ ਸਨ ਜਿਸ ਨਾਲ 6,600 ਤੋਂ ਵੱਧ ਮੌਜੂਦਾ ਵਿਦਿਆਰਥੀ ਵਾਪਸ ਨਹੀਂ ਮੁੜ ਸਕੇ ਅਤੇ ਕਇਆਂ ਦੇ ਤਾਂ ਵੀਜ਼ੇ ਵੀ ਹੁਣ ਖਤਮ ਹੋ ਚੁੱਕੇ ਹਨ।
ਚੀਨ ਤੋਂ ਬਾਅਦ ਭਾਰਤ ਆਸਟ੍ਰੇਲੀਆ ਆਉਣ ਵਾਲ਼ੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਰੋਤ ਮੁਲਕ ਹੈ ਜਿਸ ਵਿੱਚ15 ਪ੍ਰਤੀਸ਼ਤ ਵਿਦੇਸ਼ੀ ਵਿਦਿਆਰਥੀ ਕੇਵਲ ਭਾਰਤ ਤੋਂ ਹੀ ਇੱਥੇ ਆਏ ਹਨ। ਆਸਟ੍ਰੇਲੀਆ ਦੇ 40 ਬਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਸਿਖਿਆ ਖੇਤਰ ਨੂੰ ਕਨੇਡਾ ਅਤੇ ਯੂਕੇ ਵਰਗੇ ਦੇਸ਼ਾਂ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਚਲਦਿਆਂ ਇਹ ਸਮੀਕਰਨ ਛੇਤੀ ਬਦਲ ਸਕਦੇ ਹਨ।
ਮਾਹਿਰਾਂ ਦਾ ਮਨਣਾ ਹੈ ਕਿ ਜੇ ਕਰ ਇਸ ਚੁਣੌਤੀ ਭਰੇ ਸਮੇਂ ਵਿੱਚ ਆਸਟ੍ਰੇਲੀਆ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੇਤੀ ਵਾਪਸ ਬੁਲਾਉਣ ਲਈ ਕੋਈ ਹੀਲਾ ਨਹੀਂ ਕੀਤਾ ਤਾਂ ਅੰਤਰਰਾਸ਼ਟਰੀ ਸਿਖਿਆ ਖੇਤਰ ਨੂੰ ਇਸ ਦੇ ਮਾੜੇ ਆਰਥਿਕ ਨਤੀਜੇ ਭੁਗਤਣੇ ਪੈ ਸੱਕਦੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।