ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਹੈਮਪਟਨ ਪਾਰਕ ਵਿੱਚ ਰਹਿੰਦੇ ਸਰਬਰਿੰਦਰ ਸਿੰਘ ਦੇ ਪਰਿਵਾਰ ਨੂੰ ਕੁਝ ਹਥਿਆਰਬੰਦ ਲੁਟੇਰਿਆਂ ਦੁਆਰਾ ਡਰਾਉਣ ਅਤੇ ਧਮਕਾਉਣ ਦੀ ਖ਼ਬਰ ਹੈ।
ਘਟਨਾ ਸ਼ਨਿਚਰਵਾਰ ਦੀ ਹੈ ਜਦੋਂ ਸਰਬਰਿੰਦਰ ਦੀ ਤੜਕਸਾਰ 'ਖੜਕੇ' ਕਾਰਨ ਅੱਖ ਖੁੱਲੀ ਤਾਂ ਉਸਨੇ ਆਪਣੇ ਡਰਾਇੰਗ ਰੂਮ ਵਿੱਚ ਕੁਝ ਲੁਟੇਰਿਆਂ ਨੂੰ ਖੜੇ ਪਾਇਆ।
ਸਰਬਰਿੰਦਰ ਨੇ 7 ਨਿਊਜ਼ ਨੂੰ ਦੱਸਿਆ ਕਿ ਇਹ ਲੁਟੇਰੇ ਇੱਟ ਨਾਲ ਖਿੜਕੀ ਦਾ ਸ਼ੀਸ਼ਾ ਤੋੜਕੇ ਘਰ ਅੰਦਰ ਆਏ ਤੇ ਉਨ੍ਹਾਂ ਬਿਜਲੀ ਵੀ ਬੰਦ ਕਰ ਦਿੱਤੀ ਸੀ – “ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਮੇਰੇ ਕੋਲ ਬੰਦੂਕ ਹੈ, ਚੁੱਪਚਾਪ ਖ਼ੜੋ ਨਹੀਂ ਤਾਂ ਗੋਲੀ ਮਾਰ ਦੇਵਾਂਗਾ।“
“ਮੇਰੀ ਪਤਨੀ ਤੇ ਬੱਚੇ ਉਸ ਵੇਲ਼ੇ ਬੈੱਡਰੂਮ ਵਿੱਚ ਸਨ, ਲੁਟੇਰੇ ਧੱਕੇ ਨਾਲ ਦਰਵਾਜਾ ਖੁਲਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦਕਿ ਮੇਰੀ ਪਤਨੀ ਨੇ ਇਸਨੂੰ ਅੰਦਰੋਂ ਜ਼ੋਰ ਨਾਲ ਬੰਦ ਕੀਤਾ ਹੋਇਆ ਸੀ।“
“ਉਹ ਕਾਰ ਦੀਆਂ ਚਾਬੀਆਂ ਮੰਗ ਰਹੇ ਸੀ ਅਤੇ ਮੇਰੀ ਪਤਨੀ ਵਾਰ ਵਾਰ ਕਹਿ ਰਹੀ ਸੀ ਕਿ ਉਹ ਰਸੋਈ ਵਿੱਚ ਹਨ।
“ਇਸਤੋਂ ਬਾਅਦ ਇੱਕ ਹੋਰ ਪੰਜਾਬੀ ਨੌਜਵਾਨ ਹਾਕੀ ਲੈਕੇ ਆਇਆ ਅਤੇ ਲੁਟੇਰਿਆਂ ਨਾਲ ਭਿੜ ਗਿਆ ਜਿਸਤੋਂ ਬਾਅਦ ਉਹ ਫਰਾਰ ਹੋ ਗਏ।
ਸਰਬਰਿੰਦਰ ਸਿੰਘ ਤੇ ਉਸਦਾ ਪਰਿਵਾਰ ਦਹਿਸ਼ਤ ਦੇ ਸਾਏ ਵਿੱਚ ਜਿਓ ਰਿਹਾ ਹੈ, ਉਸਨੇ ਦੱਸਿਆ, "ਅਸੀਂ ਸਾਰੀ ਰਾਤ ਡਰ ਵਿੱਚ ਸੌਂ ਨਾ ਸਕੇ, ਮੈਂ ਅਤੇ ਮੇਰੀ ਪਤਨੀ ਨੇ ਵਾਰੀ ਸਿਰ ਜਾਗਕੇ ਰਾਤ ਕੱਟੀ ਹੈ।“
ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਹੈ ਅਤੇ ਉਨ੍ਹਾਂ ਇਸ ਸਬੰਧੀ ਸੁਰਾਗ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।