ਮੈਲਬਰਨ ਦੇ ਡਾਨਕਾਸਟਰ ਇਲਾਕੇ ਵਿੱਚ ਬੁੱਧਵਾਰ ਨੂੰ ਹੋਏ ਇਕ ਸੜਕ ਹਾਦਸੇ ਵਿਚ ਮਰਨ ਵਾਲੀ ਛੋਟੀ ਬੱਚੀ ਦੀ ਪਛਾਣ ਅਵਰੀਤ ਝਿੰਜਰ ਵਜੋਂ ਹੋੲੀ ਹੈ।
ਸੋਸ਼ਲ ਮੀਡੀਏ ਜ਼ਰੀਏ ਜਿਉਂ ਹੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਆਪਣੇ ਸ਼ੋਕ ਸੰਦੇਸ਼ ਫੇਸਬੁੱਕ ਜ਼ਰੀਏ ਸਾਂਝੇ ਕੀਤੇ।
ਚੈਨਲ 7 ਤੇ ਚੈਨਲ 9 ਦੀ ਖ਼ਬਰ ਥੱਲੇ ਸੈਂਕੜੇ ਲੋਕਾਂ ਨੇ 'ਆਰ ਆਈ ਪੀ ਲਿਟਲ ਏਂਜਲ' ਲਿਖਕੇ ਅਫ਼ਸੋਸ ਪ੍ਰਗਟਾਇਆ ਤੇ ਆਪਣੀ ਸ਼ਰਧਾਂਜ਼ਲੀ ਦਿੱਤੀ।
ਜੌਨ ਗ੍ਰੋਸ ਜੋ ਇਸ ਘਟਨਾ ਦਾ ਚਸ਼ਮਦੀਦ ਗਵਾਹ ਸੀ, ਨੇ 9 ਨਿਊਜ਼ ਨੂੰ ਦੱਸਿਆ ਕਿ ਜਦੋਂ ਉਸਨੇ ਖੜਕੇ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਘਟਨਾ ਸਥਲ ਤੇ ਪਹੁੰਚਿਆ - 'ਉਸ ਵੇਲੇ ਮੈਂ ਦੋ ਲੜਕੀਆਂ ਨੂੰ ਦੇਖਿਆ ਜਿਨ੍ਹਾਂ ਚੋਂ ਇੱਕ ਕਾਫੀ ਡਰੀ ਹੋਈ ਸੀ ਤੇ ਦੂਜੀ ਸੜਕ ਦੇ ਲਾਗੇ ਘਾਹ ਉੱਤੇ ਪਈ ਸੀ।'
ਅਵਰੀਤ ਨੂੰ ਰਾਇਲ ਚਿਲਡਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਮੌਤ ਹੋ ਗਈ।
ਹਾਦਸੇ ਪਿੱਛੋਂ ਇੱਕ 65-ਸਾਲਾ ਕਾਰਚਾਲਕ ਔਰਤ ਨੇ ਮੌਕੇ ਤੇ ਰੁਕ-ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਉਸਦੀ ਗਵਾਹੀ ਦੇ ਨਾਲ ਨਾਲ ਅਲਕੋਹਲ ਦੀ ਮਾਤਰਾ ਜਾਂਚਣ ਲਈ ਬਰੇਥ ਟੈਸਟ ਵੀ ਕੀਤਾ।
ਚੈਨਲ 9 ਨੇ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਘਟਨਾ ਸਥਲ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੱਸਿਆ 'ਉਹ ਇੱਕ ਬਹੁਤ ਸੋਹਣੀ ਲਾਡਲੀ ਬੱਚੀ ਸੀ ਜਿਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ - ਉਹ ਸਾਡੀ ਛੋਟੀ ਰਾਜਕੁਮਾਰੀ ਸੀ, ਉਸ ਨੂੰ ਨੱਚਣ ਦਾ ਸ਼ੌਕ ਸੀ ਤੇ ਉਹ ਆਈਪੈਡ ਉੱਤੇ ਖੇਡਾਂ ਵੀ ਖੇਡਦੀ ਹੁੰਦੀ ਸੀ।'
ਇਲਾਕੇ ਦੇ ਕੁਝ ਵਸਨੀਕਾਂ ਨੇ ਸੜਕ ਦੇ ਉਸ ਹਿੱਸੇ ਨੂੰ ਜਿੱਥੇ ਦੁਰਘਟਨਾ ਹੋਈ ਹੈ ਕਾਫ਼ੀ ਖਤਰਨਾਕ ਦੱਸਿਆ। ਉਨ੍ਹਾਂ ਮੁਤਾਬਕ ਸੜਕ 'ਤੇ ਰੋੜ੍ਹ ਦੇ ਚੱਲਦਿਆਂ ਗੱਡੀਆਂ ਅਕਸਰ ਤੇਜ਼ ਹੋ ਜਾਂਦੀਆਂ ਨੇ ਅਤੇ ਮਹੀਨੇ 'ਚ ਘੱਟੋ ਘੱਟ ਇੱਕ ਹਾਦਸਾ ਇਥੇ ਜ਼ਰੂਰ ਵਾਪਰਦਾ ਹੈ।
ਪੁਲਿਸ ਨੇ ਘਟਨਾ ਸਬੰਧੀ ਕਿਸੇ ਵੀ ਜਾਣਕਾਰੀ ਲਈ ਮਦਦ ਦੀ ਅਪੀਲ ਕੀਤੀ ਹੈ ਅਤੇ ਇਸ ਸਿਲਸਿਲੇ ਵਿੱਚ ਕ੍ਰਾਈਮ ਸਟਾਪਰਜ਼ ਨੂੰ 1800 333 000 'ਤੇ ਸੰਪਰਕ ਕੀਤਾ ਜਾ ਸਕਦਾ ਹੈ।