ਨਿਊਜ਼ੀਲੈਂਡ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਹੈ।
31-ਸਾਲਾ ਦਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਵਿੱਚ ਖਰੜ ਦੇ ਨਜ਼ਦੀਕ ਪਿੰਡ ਸਿਹੋੜਾ ਤੋਂ ਦੱਸਿਆ ਜਾ ਰਿਹਾ ਹੈ।
ਮਿਰਤਕ ਆਪਣੀ ਡੇਢ ਸਾਲ ਬੱਚੀ ਅਤੇ ਗਰਭਵਤੀ ਪਤਨੀ ਨਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਰਹਿ ਰਿਹਾ ਸੀ।
ਇਹ ਨੌਜਵਾਨ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸਦੀ ਹਾਲ ਹੀ ਵਿੱਚ ਰੇਸੀਡੈਂਸੀ ਹੋਈ ਸੀ।
19 ਅਗਸਤ ਨੂੰ ਹੋਈ ਇਸ ਮੌਤ ਪਿਛਲਾ ਕਾਰਣ 'ਅਚਨਚੇਤ ਦਿਲ ਦਾ ਦੌਰਾ' ਦੱਸਿਆ ਜਾ ਰਿਹਾ ਹੈ।
ਇਸ ਅਚਨਚੇਤੀ ਮੌਤ ਨੇ ਪਰਿਵਾਰ ਨੂੰ ਮੁਸ਼ਕਿਲ ਸਥਿਤੀ ਵਿੱਚ ਪਾ ਦਿੱਤਾ ਹੈ ਜਿਸ ਕਰਕੇ ਸਥਾਨਿਕ ਭਾਈਚਾਰਾ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਹੈ।
ਦਵਿੰਦਰ ਦੀਆਂ ਅੰਤਿਮ ਰਸਮਾਂ ਇਸ ਵੀਰਵਾਰ ਆਕਲੈਂਡ ਵਿੱਚ ਕੀਤੀਆਂ ਜਾਣਗੀਆਂ। ਸਸਕਾਰ ਦੇ ਖਰਚੇ ਅਤੇ ਪਰਿਵਾਰ ਦੀ ਮੱਦਦ ਲਈ ਇੱਕ ਹੀ ਦਿਨ ਵਿੱਚ ਫੇਸਬੁੱਕ ਫੰਡਰੇਜ਼ਿੰਗ ਜ਼ਰੀਏ 40,000 ਨਿਊਜ਼ੀਲੈਂਡ ਡਾਲਰ ਇਕੱਠੇ ਕੀਤੇ ਗਏ ਹਨ ।
ਮਿਰਤਕ ਦਵਿੰਦਰ ਸਿੰਘ ਦੀ ਪਤਨੀ ਨੇ ਸੋਸ਼ਲ ਮੀਡਿਆ ਜ਼ਰੀਏ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜੋ ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਦਾ ਸਾਥ ਦੇ ਰਹੇ ਹਨ।
ਸਮਾਜ-ਸੇਵੀ ਖੜਗ ਸਿੰਘ ਜੋ ਇਸ ਫੰਡਰੇਜ਼ਿੰਗ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਸਨ, ਨੇ ਐਸ ਬੀ ਐਸ ਹਿੰਦੀ ਨਾਲ ਗੱਲ ਕਰਦਿਆਂ ਭਾਈਚਾਰੇ ਨੂੰ ਸਹਿਯੋਗ ਦੇਣ ਲਈ ਧੰਨਵਾਦੀ ਬੋਲ ਸਾਂਝੇ ਕੀਤੇ ਹਨ।
ਦੱਸਣਯੋਗ ਹੈ ਕਿ ਅਜੇ ਪਿਛਲੇ ਮਹੀਨੇ ਹੀ ਨਿਊਜ਼ੀਲੈਂਡ ਦੇ ਟੌਰੰਗਾ ਇਲਾਕੇ ਵਿੱਚ ਦੁਰਘਟਨਾ ਵਿੱਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮਿਰਤਕ ਦੇਹ ਪੰਜਾਬ ਲਿਆਉਣ ਲਈ ਭਾਈਚਾਰੇ ਨੇ 17,000 ਡਾਲਰ ਇਕੱਠੇ ਕੀਤੇ ਸਨ।
ਜਿਥੇ ਇਹਨਾਂ ਨੌਜਵਾਨਾਂ ਦੀ ਮੌਤ ਪਿੱਛੋਂ ਸੋਗ ਦਾ ਮਾਹੌਲ ਹੈ ਓਥੇ ਮੁਸ਼ਕਿਲ ਘੜੀ ਵਿੱਚ ਸਾਥ ਦੇਣ ਲਈ ਸਮੁੱਚਾ ਭਾਈਚਾਰਾ ਇੱਕ ਮਿਸਾਲ ਵੱਜੋਂ ਵੀ ਕੰਮ ਕਰ ਰਿਹਾ ਹੈ।