ਨਿਊਜ਼ੀਲੈਂਡ ਦੇ ਵੈਸਟਰਨ ਬੇ ਆਫ ਪਲੇਂਟੀ ਦੇ ਟੌਰੰਗਾ ਇਲਾਕੇ ਵਿੱਚ 11 ਜੁਲਾਈ ਨੂੰ ਹੋਈ ਦੁਰਘਟਨਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਪਿੱਛੋਂ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਹੈ।
27-ਸਾਲਾ ਪਰਮਿੰਦਰ ਜੱਬਲ ਸਵੇਰੇ 4 ਵਜੇ ਕੰਮ ਤੋਂ ਵਾਪਿਸ ਆ ਰਿਹਾ ਸੀ ਕਿ ਉਸਦੀ ਕਾਰ ਇੱਕ ਟਰੱਕ ਨਾਲ ਟਕਰਾਉਣ ਪਿੱਛੋਂ ਦੁਰਘਟਨਾ ਦਾ ਸ਼ਿਕਾਰ ਹੋ ਗਈ।
ਉਸਦੀ ਜੀਵਨ-ਸਾਥਣ ਜੋ ਮਾਓਰੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ, ਦੋ ਮਹੀਨੇ ਤੱਕ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ, ਜਿਸਦਾ ਨਾਂ ਉਸਨੇ ਪਰਮਿੰਦਰ ਜੂਨੀਅਰ ਰੱਖਣ ਬਾਰੇ ਸੋਚਿਆ ਹੈ।
ਲੁਧਿਆਣਾ ਦੇ ਪਿਛੋਕੜ ਵਾਲ਼ਾ ਪਰਮਿੰਦਰ ਜੱਬਲ ਪਿਛਲੇ ਤਿੰਨ ਸਾਲ ਤੋਂ ਸਾਲ ਤੋਂ ਨਿਊਜ਼ੀਲੈਂਡ ਦਾ ਵਸਨੀਕ ਸੀ।
ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਖੜਗ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪਰਮਿੰਦਰ ਦੀਆਂ ਅੰਤਿਮ ਰਸਮਾਂ ਨੂੰ ਲੈਕੇ ਮਾਓਰੀ ਅਤੇ ਪੰਜਾਬ ਵਸਦੇ ਪਰਿਵਾਰ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਪਿਆ।
"ਪਰਮਿੰਦਰ ਦੀ ਜੀਵਨ-ਸਾਥਣ ਉਸਦੀਆਂ ਅੰਤਿਮ ਰਸਮਾਂ ਮਾਓਰੀ ਰਵਾਇਤਾਂ ਅਨੁਸਾਰ ਕਰਨਾ ਚਾਹੁੰਦੀ ਸੀ ਜਦਕਿ ਪਰਮਿੰਦਰ ਦਾ ਪਰਿਵਾਰ ਮਿਰਤਕ ਦੇਹ ਨੂੰ ਲੁਧਿਆਣਾ ਲਿਆਓਣਾ ਚਾਹੁੰਦਾ ਹੈ। ਸੋ ਉਸ ਸਿਲਸਿਲੇ ਵਿੱਚ ਭਾਈਚਾਰੇ ਦੇ ਕੁਝ ਲੋਕਾਂ ਨੇ ਦੋਨਾਂ ਪਰਿਵਾਰਾਂ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ-ਸਮਝਾਉਣ ਵਿੱਚ ਜਿੰਮੇਵਾਰੀ ਨਿਭਾਈ ਹੈ।
"ਅਸੀਂ ਪਰਿਵਾਰ ਵੱਲੋਂ ਓਹਨਾ ਸਭ ਦਾ ਧੰਨਵਾਦ ਕਰਦੇ ਹਾਂ ਜਿੰਨਾ ਨੇ 17,000 ਡਾਲਰ ਤੋਂ ਵੀ ਵੱਧ ਦੀ ਸਹਾਇਤਾ ਰਾਸ਼ੀ ਮਹਿਜ਼ ਇੱਕ ਦਿਨ ਵਿੱਚ ਇਕੱਠੀ ਕਰਨ ਵਿੱਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ:

ਨਿਊਜ਼ੀਲੈਂਡ ਵਸਦੇ ਭਾਰਤੀ ਨੌਜਵਾਨ ਦੀ ਦੁਰਘਟਨਾ ਵਿੱਚ ਮੌਤ
ਪਰਮਿੰਦਰ ਨਿਊਜ਼ੀਲੈਂਡ ਦੇ ਉੱਤਰੀ ਖਿੱਤੇ ਵਿੱਚ ਟੌਰੰਗਾ ਸ਼ਹਿਰ ਨਜ਼ਦੀਕ ਇੱਕ ਸਿਹਤ-ਸੁਵਿਧਾਵਾਂ ਕੰਪਨੀ ਲਈ ਕੰਮ ਕਰਦਾ ਸੀ।
ਖੜਗ ਸਿੰਘ ਨੇ ਦੱਸਿਆ ਕਿ ਪਰਮਿੰਦਰ ਦੀ ਮਿਰਤਕ ਦੇਹ ਵੀਰਵਾਰ ਨੂੰ ਲੁਧਿਆਣਾ ਪਹੁੰਚਣ ਦੀ ਉਮੀਦ ਹੈ ਅਤੇ ਉਸਦੀਆਂ ਅਸਥੀਆਂ ਦਾ ਇੱਕ ਹਿੱਸਾ ਉਸਦੀ ਜੀਵਨ-ਸਾਥਣ ਨੂੰ ਭੇਜਣ ਬਾਰੇ ਵੀ ਪਹਿਲਾਂ ਵਿਚਾਰ ਹੋ ਚੁੱਕੀ ਹੈ।
ਹੇਲਥਵਿਜ਼ਨ ਨਾਂ ਦੀ ਇਸ ਕੰਪਨੀ ਵੱਲੋਂ ਪਰਮਿੰਦਰ ਦੀ ਜੀਵਨ-ਸਾਥਣ ਦੀ ਆਰਥਿਕ ਸਹਾਇਤਾ ਕਰਨ ਲਈ ਗਿਵਆਲਿਟਲ ਫੰਡਰੇਜ਼ਰ ਪੇਜ ਸਥਾਪਿਤ ਕੀਤਾ ਹੈ ਜਿਸ ਵਿੱਚ ਬੁਧਵਾਰ ਸ਼ਾਮ ਤੱਕ 3250 ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ।