ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕਿਊ ਇਲਾਕੇ ਨੇੜੇ ਫ੍ਰੀਵੇ ਉੱਤੇ ਹੋਏ ਇਸ ਹਾਦਸੇ ਪਿੱਛੋਂ ਕਰੇਨਬਰਨ ਦੇ ਵਸਨੀਕ 48-ਸਾਲਾ ਟਰੱਕ ਡਰਾਵੀਰ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮਹਿੰਦਰ ਸਿੰਘ ਜੋ 'ਚਿੱਟੇ' ਦਾ ਆਦੀ ਦੱਸਿਆ ਜਾ ਰਿਹਾ ਹੈ ਵੱਲੋਂ ਅਦਾਲਤ ਵਿੱਚ ਆਪਣੀ ਸਫਾਈ ਵਿੱਚ ਕਈ ਦਲੀਲਾਂ ਦਿਤੀਆਂ ਗਈਆਂ ਪਰ ਜੱਜ ਵੱਲੋਂ ਇਹ ਬੁਰੀ ਤਰਾਂਹ ਨਕਾਰ ਦਿਤੀਆਂ ਗਈਆਂ।
ਵਿਕਟੋਰੀਅਨ ਸੁਪਰੀਮ ਕੋਰਟ ਜਸਟਿਸ ਪਾਲ ਕੋਗਲਨ ਨੇ 14 ਅਪ੍ਰੈਲ, ਬੁੱਧਵਾਰ ਨੂੰ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੂੰ ਪੈਰੋਲ ਉੱਤੇ ਰਿਹਾ ਹੋਣ ਲਈ ਘੱਟੋ-ਘੱਟ 18 ਸਾਲ ਅਤੇ ਛੇ ਮਹੀਨਿਆਂ ਦੀ ਕੈਦ ਕੱਟਣੀ ਪਏਗੀ ਅਤੇ ਜ਼ਿੰਦਗੀ ਦੇ 22 ਸਾਲ ਜੇਲ਼ ਦੀਆਂ ਸਲਾਖਾਂ ਪਿੱਛੇ ਬੰਦ ਰਹਿਣਾ ਪਏਗਾ।ਜ਼ਿਕਰਯੋਗ ਹੈ ਕਿ ਪ੍ਰਮੁੱਖ ਸੀਨੀਅਰ ਕਾਂਸਟੇਬਲ ਲੀਨੇਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹੰਫ੍ਰਿਸ ਅਤੇ ਜੋਸ਼ ਪ੍ਰੈਸਨੇ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।
(L-R) Constable Glen Humphris, Senior Constable Kevin King, Leading Senior Constable Lynette Taylor and Constable Joshua Prestney were killed. Source: Victoria Police
ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਅਦਾਲਤੀ ਕਾਰਵਾਈ ਪਿੱਛੋਂ ਇੱਕ ਸਾਂਝਾ ਬਿਆਨ ਦਿੰਦਿਆਂ ਇਸਨੂੰ ਕਦੇ ਵੀ ਨਾ ਭੁੱਲਣ ਵਾਲ਼ੀ ਘਟਨਾ ਵਜੋਂ ਯਾਦ ਕੀਤਾ ਹੈ।
ਮੋਹਿੰਦਰ ਸਿੰਘ ਦੀ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਉਸਦੇ 'ਨਸ਼ੇੜੀ' ਹੋਣ ਅਤੇ ਟਰੱਕ ਵਿੱਚ ਨਸ਼ੇ ਦੇ ਪਾਏ ਜਾਣ ਨੂੰ ਵੀ ਧਿਆਨ ਵਿੱਚ ਰੱਖਿਆ।
ਅਦਾਲਤ ਨੂੰ ਦੱਸਿਆ ਗਿਆ ਕਿ ਹਾਦਸੇ ਤੋਂ 70 ਘੰਟੇ ਪਹਿਲਾਂ ਮੋਹਿੰਦਰ ਸਿੰਘ ਨੇ ਸਿਰਫ “ਪੰਜ ਘੰਟੇ ਹੀ ਆਰਾਮ” ਕੀਤਾ ਸੀ।
ਪਿਛਲੇ ਮਹੀਨੇ ਹੋਈ ਸੁਣਵਾਈ ਦੌਰਾਨ ਉਸਦੇ ਸਰਕਾਰੀ ਵਕੀਲ ਬਰੈਂਡਨ ਕਿਸੇਨ ਨੇ ਕਿਹਾ ਕਿ ਉਸਦਾ ਮੁਵੱਕਲ ਇੱਕ ਹਫਤੇ ਤੋਂ ਬੇਅਰਾਮੀ ਦੇ ਚਲਦਿਆਂ ਚੰਗੀ ਤਰਾਂਹ “ਸੌਂ ਨਹੀਂ ਸੀ ਸਕਿਆ” ਅਤੇ ਹਾਦਸੇ ਵਾਲ਼ੇ ਦਿਨ ਨਸ਼ੇ ਦੇ ਇੰਨੇ ਅਸਰ ਵਿੱਚ ਸੀ ਕਿ ਇੱਕ ਸਮੇਂ ਉਹ “ਬੋਲ ਵੀ ਨਹੀਂ ਸੀ ਸਕਦਾ”।
ਸ੍ਰੀ ਕਿਸੇਨ ਨੇ ਕਿਹਾ ਕਿ ਉਸਨੇ ਹਾਦਸੇ ਤੋਂ ਇੱਕ ਰਾਤ ਪਹਿਲਾਂ ਆਪਣੇ ਇੱਕ ਸਾਥੀ ਨੂੰ ਦੱਸਿਆ ਸੀ ਕਿ ਉਹ ਟਰੱਕ ਚਲਾਉਣ ਦੇ "ਯੋਗ ਨਹੀਂ ਹੈ"।
ਪਰ ਜਦੋਂ ਉਸਨੇ ਹਾਦਸੇ ਦੀ ਸਵੇਰ ਇਹ ਮਾਮਲਾ ਆਪਣੇ ਸੁਪਰਵਾਈਜ਼ਰ ਕੋਲ਼ ਉਠਾਇਆ ਤਾਂ ਉਸਨੇ ਇਸ ਗੱਲ ਦੀ "ਪ੍ਰਵਾਹ ਨਹੀਂ ਕੀਤੀ"।
ਇਸ ਗੱਲ ਦੇ ਸਬੂਤ ਵਜੋਂ ਹਾਦਸੇ ਵਾਲ਼ੇ ਦਿਨ ਸਵੇਰੇ 8.52 ਤੋਂ ਸਵੇਰੇ 9.12 ਦੇ ਵਿਚਕਾਰ ਮੋਹਿੰਦਰ ਸਿੰਘ ਅਤੇ ਉਸਦੇ ਸੁਪਰਵਾਈਜ਼ਰ ਵਿਚਕਾਰ ਹੋਏ ਮੋਬਾਈਲ ਸੁਨੇਹੇ ਵੀ ਅਦਾਲਤ ਵਿੱਚ ਪੜ੍ਹੇ ਗਏ।ਦੱਸਣਯੋਗ ਹੈ ਕਿ ਦੁਰਘਟਨਾ ਉਸ ਵੇਲ਼ੇ ਹੋਈ ਜਦੋਂ ਉਸਦਾ ਸੇਮੀਟਰੈਲੇਰ ਟਰੱਕ ਈਸਟਰਨ ਫ੍ਰੀਵੇ ਦੀ ਮੁੱਖ ਸੜਕ ਤੋਂ ਹਟਕੇ ਅਪਾਤਕਲੀਨ ਲਾਈਨ ਵਿੱਚ ਚਲਿਆ ਗਿਆ ਸੀ।
Four police officers have died in a crash involving a truck on Melbourne's Eastern Freeway. Source: AAP
ਇਹ ਟਰੱਕ ਐਮਰਜੈਂਸੀ ਲਾਈਨ ਵਿੱਚ ਸੌ ਦੀ ਸਪੀਡ 'ਤੇ ਦਾਖਿਲ ਹੋਇਆ ਦੱਸਿਆ ਜਾਂਦਾ ਹੈ ਜਿਸ ਪਿੱਛੋਂ ਵੱਜੀ ਟੱਕਰ ਨਾਲ਼ ਚਾਰ ਪੁਲਸ ਕਰਮਚਾਰੀਆਂ ਦੀ ਥਾਏਂ ਮੌਤ ਹੋ ਗਈ ਸੀ।
ਮੇਜਰ ਕੁਲੀਜਨ ਇਨਵੈਸਟੀਗੇਸ਼ਨ ਯੂਨਿਟ ਤੇ ਹੋਮੀਸਾਈਡ ਸਕੁਐਡ ਵੱਲੋਂ ਟਰੱਕ ਡਰਾਈਵਰ ਉੱਤੇ ਡਰਾਈਵਿੰਗ ਦੌਰਾਨ ਚਾਰ ਪੁਲਿਸ ਕਰਮਚਾਰੀਆਂ ਨੂੰ ਮਾਰਨ ਦੇ ਦੋਸ਼ ਲਾਏ ਗਏ ਸਨ।
ਜਸਟਿਸ ਪਾਲ ਕੋਗਲਨ ਨੇ ਸਾਰੀਆਂ ਦਲੀਲਾਂ ਸੁਨਣ ਪਿੱਛੋਂ 48-ਸਾਲਾ ਟਰੱਕ ਡਰਾਵੀਰ ਮਹਿੰਦਰ ਸਿੰਘ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।