ਲਿਬਰਲ ਪਾਰਟੀ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿੰਨ ਨਾਵਾਂ ਤੇ ਚਰਚਾ ਚੱਲ ਰਹੀ ਸੀ - ਸਕਾਟ ਮੋਰੀਸਨ, ਜੂਲੀ ਬਿਸ਼ਪ, ਅਤੇ ਪੀਟਰ ਡਟਨ।
ਇਸ ਸਬੰਧੀ ਪਾਰਟੀ ਦੀ ਅੱਜ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਚੁਣੌਤੀ ਦੇਣ ਵਾਲ਼ੇ ਪੀਟਰ ਡਟਨ ਤੋਂ ਲੋੜ੍ਹੀਂਦੇ 43 ਮੈਂਬਰਾਂ ਦੇ ਹਸਤਾਖਰਾਂ ਦੀ ਮੰਗ ਕੀਤੀ ਸੀ।
ਅੱਜ ਸਵੇਰੇ ਹੋਏ ਪਾਰਟੀ ਦੇ ਫੈਸਲੇ ਵਿਚੋਂ ਸਕਾਟ ਮੋਰੀਸਨ ਜੇਤੂ ਵਜੋਂ ਉਭਰਕੇ ਸਾਮਣੇ ਆਏ - 40 ਦੇ ਮੁਕਾਬਲੇ 45 ਵੋਟਾਂ ਲੈਕੇ ਹੁਣ ਉਹ ਪਾਰਟੀ ਪ੍ਰਧਾਨ ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।
ਟਰੇਜਰੇਰ ਵਜੋਂ ਸਰਕਾਰ ਵਿੱਚ ਸੇਵਾਵਾਂ ਨਿਭਾ ਰਹੇ ਸਕਾਟ ਮੋਰੀਸਨ, ਪੀਟਰ ਡਟਨ ਵਾਂਗ ਹੀ ਪਰਵਾਸ ਤੇ ਸਰਹੱਦੀ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ।
ਆਸਟ੍ਰੇਲੀਆ ਵੱਲ ਆਉਂਦੀਆਂ ਕਿਸ਼ਤੀਆਂ ਨੂੰ ਰੋਕਣ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋ ਸ਼ਾਬਾਸ਼ੇ ਵੀ ਮਿਲਦੀ ਰਹੀ ਹੈ।
ਪਰਵਾਸ ਤੇ ਰਿਫਊਜੀ ਵਿਰੋਧੀ ਨੀਤੀਆਂ ਦੇ ਚਲਦਿਆਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਮਨੁੱਖੀ ਅਧਿਕਾਰ ਸੰਗਠਨਾਂ ਦੀ ਨੁਕਤਾਚੀਨੀ ਦਾ ਵੀ ਸ਼ਿਕਾਰ ਹੋਣਾ ਪਿਆ ਹੈ।
2014 ਵਿੱਚ ਜਦੋਂ ਵਜਾਰਤ ਬਦਲੀ ਤਾਂ ਓਨਾ ਨੂੰ ਸਮਾਜਿਕ ਮਸਲਿਆਂ ਦਾ ਮੰਤਰੀ ਬਣਾਇਆ ਗਿਆ ਸੀ।
ਸਕਾਟ ਮੋਰੀਸਨ 'ਤੇ ਇਹ ਦੋਸ਼ ਲੱਗਦਾ ਰਿਹਾ ਹੈ ਕਿ ਉਨ੍ਹਾਂ ਦੁਆਰਾ ਹਮਾਇਤ ਵਿੱਚ ਖੁਲਕੇ ਸਾਮਣੇ ਨਾ ਆਉਣ ਕਰਕੇ ਹੀ ਟੋਨੀ ਐਬੋਟ ਨੂੰ 2014 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੱਥ ਧੋਣੇ ਪਏ ਸੀ।
ਸਕਾਟ ਮੋਰੀਸਨ - ਨਿੱਜੀ ਜਿੰਦਗੀ ਤੋਂ ਸਿਆਸਤ ਤੱਕ ਦਾ ਸਫਲ ਸਫ਼ਰ

Scott Morrison will be Australia's next PM after defeating Peter Dutton. Source: SBS News
ਸਕਾਟ ਮੋਰੀਸਨ ਸਿਡਨੀ ਦੇ ਸਦਰਲੈਂਡ ਇਲਾਕੇ ਦੇ ਬਰੋਨਟੇ ਕਸਬੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਇੱਕ ਪੁਲਿਸ ਮੁਲਾਜਮ ਅਤੇ ਮਾਂ ਐਡਮਿਨ ਵਿਭਾਗ ਵਿੱਚ ਨੌਕਰੀਆਂ ਕਰਦੇ ਰਹੇ ਹਨ।
ਉਨ੍ਹਾਂ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਤੋਂ ਅਪ੍ਲਾਈਡ ਸਾਇੰਸ ਵਿੱਚ ਹੋਂਨਰਜ਼ ਡਿਗਰੀ ਹਾਸਿਲ ਕੀਤੀ।
ਈਸਾਈ ਧਰਮ ਵਿੱਚ ਪਰਮ ਆਸਥਾ ਰੱਖਣ ਵਾਲੇ ਮੋਰੀਸਨ ਜਵਾਨੀ ਵਿੱਚ 'ਈਸਾਈ ਯੂਥ ਪ੍ਰੋਗ੍ਰਾਮਜ਼' ਦਾ ਵੀ ਹਿੱਸਾ ਰਹੇ ਹਨ।
ਉਹ ਆਪਣੀ ਪਤਨੀ ਜੈਨੀ ਵਾਰੇਨ ਨੂੰ 16 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਚਰਚ ਵਿੱਚ ਮਿਲੇ ਅਤੇ 5 ਸਾਲ ਬਾਅਦ ਉਸ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਹਨਾਂ ਦੇ ਦੋ ਬੇਟੀਆਂ ਹਨ ਜਿੰਨਾਂ ਦਾ ਨਾਂ ਲਿਲੀ ਅਤੇ ਐੱਬੇ ਹੈ।
ਫ਼ੇਡਰਲ ਪਾਰਲੀਮੈਂਟ ਵਿੱਚ ਉਨ੍ਹਾਂ ਦਾ ਦਾਖਲਾ 2007 ਵਿੱਚ ਹੋਇਆ, ਉਸ ਵੇਲੇ ਕੇਵਿਨ ਰੱਡ ਪ੍ਰਧਾਨ ਮੰਤਰੀ ਬਣੇ ਸਨ।
2008 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਹਾਊਸਿੰਗ ਅਤੇ ਸਥਾਨਿਕ ਸਰਕਾਰਾਂ ਮਾਮਲੇ 'ਤੇ ਸ਼ੈਡੋ ਮੰਤਰੀ ਬੁਲਾਰੇ ਵਜੋਂ ਜਿੰਮੇਵਾਰੀ ਦਿੱਤੀ ਸੀ।
2009 ਵਿੱਚ ਟੋਨੀ ਐਬੋਟ ਵਜ਼ਾਰਤ ਵਿੱਚ ਪਰਵਾਸ ਨੀਤੀਆਂ ਦੇ ਮੰਤਰੀ ਵਜੋਂ ਕੰਮ ਕਰਨਾ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਇੱਕ ਨਵੀਂ ਬੁਲੰਦੀ 'ਤੇ ਲੈਕੇ ਗਿਆ।
ਪੀਟਰ ਡਟਨ - ਆਵਾਸ ਨੀਤੀਆਂ 'ਤੇ ਅਪਣਾਏ ਸਖ਼ਤ ਰੁੱਖ ਕਾਰਣ ਬਣੇ ਰਹੇ ਚਰਚਾ ਦਾ ਕੇਂਦਰ-ਬਿੰਦੂ

Scott Morrison, Julie Bishop and Peter Dutton Source: AAP
47-ਸਾਲਾ ਪੀਟਰ ਡਟਨ, ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਗ੍ਰਹਿ ਵਿਭਾਗ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਬਣਨ ਪਿੱਛੋਂ ਪਾਰਟੀ ਵਿੱਚ ਇੱਕ ਮਜ਼ਬੂਤ ਧਿਰ ਵਜੋਂ ਉਭਰਕੇ ਸਾਮਣੇ ਆਏ।
ਇਸ ਮੰਤਰੀ ਪਦ 'ਤੇ ਨਿਯੁਕਤੀ ਪਿੱਛੋਂ ਆਵਾਸ ਤੇ ਨਾਗਰਿਕਤਾ ਨੀਤੀਆਂ ‘ਤੇ ਅਪਣਾਏ ਸਖ਼ਤ ਰੁੱਖ ਕਾਰਣ ਉਨ੍ਹਾਂ ਨੂੰ ਨੁਕਤਾਚੀਨੀ ਦਾ ਵੀ ਸਾਮਣਾ ਕਰਨਾ ਪਿਆ।
ਜਨਵਰੀ ਮਹੀਨੇ ਉਨ੍ਹਾਂ ਦਾ ਇਹ ਬਿਆਨ ਕਿ 'ਮੈਲਬੌਰਨ ਵਾਸੀ ਅਫ਼ਰੀਕਨ ਗੈਂਗਜ਼ ਦੀ ਵਜ੍ਹਾ ਕਰਕੇ ਰੈਸਟੋਰੈਂਟਾਂ ਵਿੱਚ ਭੋਜਨ ਖਾਣ ਜਾਣੋ ਡਰਦੇ ਹਨ', ਕਾਫੀ ਚਰਚਾ ਦਾ ਵਿਸ਼ਾ ਬਣਿਆ।
ਪਰ ਉਨ੍ਹਾਂ ਨੂੰ ਇਸ ਗੱਲ ਨੂੰ ਲੈਕੇ ਹੁੰਗਾਰਾ ਵੀ ਮਿਲਿਆ ਕਿ ਉਨ੍ਹਾਂ ਦੀ ਨੀਤੀਆਂ ਦੇ ਚਲਦਿਆਂ ਅੱਤਵਾਦ ਕ਼ਾਨੂੰਨ ਸਖ਼ਤ ਕੀਤਾ ਗਿਆ ਅਤੇ ਅਪਰਾਧੀ ਪਰਵਿਰਤੀ ਵਾਲੇ ਲੋਕਾਂ ਦੇ ਨਾ ਸਿਰਫ ਵੀਜ਼ੇ ਰੱਦ ਕੀਤੇ ਗਏ ਸਗੋਂ ਉਨ੍ਹਾਂ ਦੀ ਨਾਗਰਿਕਤਾ ਵਿੱਚ ਵੀ ਰੋੜ੍ਹੇ ਅਟਕਾਏ ਗਏ।
ਜੂਲੀ ਬਿਸ਼ਪ - ਵਿਦੇਸ਼ ਮੰਤਰੀ ਬਣਨ ਵਾਲ਼ੀ ਪਹਿਲੀ ਆਸਟ੍ਰੇਲੀਅਨ ਔਰਤ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਤੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੁਣ ਲਿਬਰਲ ਪਾਰਟੀ ਮੈਂਬਰਾਂ ਤੇ ਨਿਰਭਰ ਕਰਦਾ ਸੀ ਜੋ ਨਾ ਹੋ ਸਕਿਆ
ਜੂਲੀ ਬਿਸ਼ਪ ਨੂੰ ਆਸਟ੍ਰੇਲੀਆ ਦੀ ਪਹਿਲੀ ਔਰਤ ਵਿਦੇਸ਼ ਮੰਤਰੀ ਬਣਨ ਦਾ ਮਾਣ ਹਾਸਿਲ ਹੈ। ਉਨ੍ਹਾਂ 18 ਸਤੰਬਰ 2013 ਨੂੰ ਆਪਣਾ ਕਾਰਜਭਾਰ ਸੰਭਾਲਿਆ ਸੀ।
ਐਡੀਲੇਡ ਹਿਲ੍ਸ ਵਿੱਚ ਜੰਮੀ-ਪਲੀ ਜੂਲੀ ਬਿਸ਼ਪ ਨੇ 1980 ਵਿੱਚ ਇੱਕ ਵਕੀਲ ਵਜੋਂ ਕੰਮ ਕਰਨ ਲਈ ਪੱਛਮੀ ਆਸਟ੍ਰੇਲੀਆ ਨੂੰ ਆਪਣਾ ਸਥਾਈ ਟਿਕਾਣਾ ਬਣਾ ਲਿਆ ਸੀ।
ਸੰਸਦ ਵਿੱਚ ਉਹ 1998 ਤੋਂ ਹੁਣ ਤੱਕ ਪੱਛਮੀ ਆਸਟ੍ਰੇਲੀਆ ਦੀ ਕਰਟਨ ਦੀ ਸੀਟ ਤੋਂ ਨੁਮਾਇੰਦੇ ਵਜੋਂ ਵਿਚਰ ਰਹੇ ਹਨ।
ਹਾਵਰਡ ਸਰਕਾਰ ਵਿੱਚ 2007 ਤੱਕ ਉਹ ਏਜਡ ਕੇਅਰ ਅਤੇ ਸਿਖਿਆ ਖੇਤਰ ਕੈਬਿਨੇਟ ਮੰਤਰੀ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।
ਮਲੇਸ਼ੀਅਨ ਏਅਰਲਾਈਨਜ਼ ਐਮ ਐਚ 17 ਨੂੰ ਮਾਰ-ਗਿਰਾਏ ਜਾਂ ਪਿੱਛੋਂ ਉਨ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਨਾ ਸਿਰਫ ਆਸਟ੍ਰੇਲੀਆ ਦਾ ਪੱਖ ਰੱਖਿਆ ਬਲਕਿ ਰੂਸ ਦੀ ਭੂਮਿਕਾ ਨੂੰ ਵੀ ਚੁਣੌਤੀ ਦਿੱਤੀ। ਇਸਦੇ ਚਲਦਿਆਂ ਉਨ੍ਹਾਂ ਨੂੰ ਨੇਦਰਲੈਂਡ ਸਰਕਾਰ ਵੱਲੋਂ ਸਨਮਾਨ ਵੀ ਦਿੱਤਾ ਗਿਆ ਸੀ।
ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੇ ਕੱਟੜ ਵਿਰੋਧ ਪਿੱਛੋਂ ਉਹ ਮੈਲਕਮ ਟਰਨਬੁੱਲ ਦੇ ਡਿਪਟੀ ਆਗੂ ਵਜੋਂ ਮਜ਼ਬੂਤੀ ਨਾਲ ਉਭਰ ਕੇ ਸਾਮਣੇ ਆਏ ਸਨ।