ਸਥਾਈ ਪ੍ਰਵਾਸੀਆਂ ਨੂੰ ਲੈਣ ਦੀ ਗਿਣਤੀ 'ਚ 10 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ

ਆਸਟ੍ਰੇਲੀਅਨ ਸਰਕਾਰ ਵੱਲੋਂ ਵੀਜ਼ਾ ਨੀਤੀਆਂ ਵਿੱਚ ਲਿਆਂਦੀ ਤਬਦੀਲੀ ਅਤੇ ਸਖ਼ਤ ਨਿਗਰਾਨੀ ਦੇ ਚਲਦਿਆਂ ਸਥਾਈ ਪ੍ਰਵਾਸੀਆਂ ਨੂੰ ਲੈਣ ਦੀ ਗਿਣਤੀ ਵਿੱਚ 10 ਫ਼ੀਸਦ ਦੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ।

Australia's migration intake

Source: SBS

ਆਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਟਰਨਬੁੱਲ ਸਰਕਾਰ ਦੀ ਅਗਵਾਈ ਵਿੱਚ 2007 ਪਿੱਛੋਂ ਪਹਿਲੀ ਵਾਰ ਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ ਏਨੀ ਕਟੌਤੀ ਕੀਤੀ ਗਈ ਹੈ।

ਭਾਵੇਂ ਇਸ ਗਿਣਤੀ ਲਈ ਚਾਲੂ ਵਿੱਤ ਵਾਰੇ ਦੌਰਾਨ 190,000 ਸੀਟਾਂ ਰਾਖਵੀਆਂ ਸਨ ਪਰ ਇਹ ਗਿਣਤੀ 163,000 ਤੱਕ ਹੀ ਪਹੁੰਚ ਸਕੀ ਹੈ।

ਕੋਲਿਸ਼ਨ ਵਿੱਚ ਪਰਵਾਸੀਆਂ ਦੀ ਗਿਣਤੀ ਨੂੰ ਨਿਯਮਤ ਕਰਨ ਜਾਂ ਘਟਾਉਣ ਸਬੰਧੀ ਪਹਿਲਾਂ ਤੋਂ ਹੀ ਮੱਤਭੇਦ ਹਨ। ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਇਸ ਗਿਣਤੀ ਨੂੰ ਘਟਾ ਕੇ 110,000 ਕਰਨ ਦੀ ਪੈਰਵੀ ਕਰ ਰਹੇ ਹਨ।
ਅੰਕੜਿਆਂ ਵਿੱਚ ਆਈ ਗਿਰਾਵਟ ਬਾਰੇ ਪਹਿਲਾਂ ਤੋਂ ਹੀ ਅੰਦੇਸ਼ੇ ਲਾਏ ਜਾ ਰਹੇ ਸਨ - ਸਰਕਾਰ ਨੇ ਇੱਕ ਸੈਨਟ ਇਨਕੁਆਰੀ ਵਿੱਚ ਦੱਸਿਆ ਸੀ ਕਿ ਸਕਿਲਡ ਮਾਈਗ੍ਰੇਸ਼ਨ ਬਿਨੈਕਾਰਾਂ ਉੱਤੇ ਨਵੀਆਂ ਤਕਨੀਕਾਂ ਨਾਲ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਜਿਸਦੇ ਚਲਦਿਆਂ ਸਥਾਈ ਪ੍ਰਵਾਸੀਆਂ ਨੂੰ ਲੈਣ ਦੀ ਗਿਣਤੀ ਘਟ ਸਕਦੀ ਹੈ।

ਗ੍ਰਹਿ ਮੰਤਰੀ ਪੀਟਰ ਡੱਟਨ ਨੇ ਦੱਸਿਆ ਹੈ ਕਿ ਸਰਕਾਰ ਜਾਅਲੀ ਦਸਤਾਵੇਜ਼ਾਂ ਵਾਲੇ ਬਿਨੈਕਾਰਾਂ ਉੱਤੇ ਹਰ ਸੰਭਵ ਰੋਕ ਲਾਉਣਾ ਚਾਹੁੰਦੀ ਹੈ।

2017-18 ਦੇ ਜੁਲਾਈ 1 ਨੂੰ ਖ਼ਤਮ ਹੋਏ ਸਾਲ ਵਿੱਚ ਸਕਿਲਡ ਵੀਜ਼ਾ ਸ਼੍ਰੇਣੀ ਵਿੱਚ 12,468 ਲੋਕਾਂ ਦੀ ਗਿਰਾਵਟ ਨਾਲ ਸਿਰਫ 111,099 ਸੀਟਾਂ ਭਰਨ ਦੀ ਪੁਸ਼ਟੀ ਕੀਤੀ ਗਈ ਹੈ।

ਫੈਮਿਲੀ ਸਟਰੀਮ ਵੀਜ਼ਾ ਉੱਤੇ ਸਭ ਤੋਂ ਵੱਡਾ ਅਸਰ ਪਿਆ ਹੈ - ਖਾਸ ਤੌਰ ਸਪਾਊਜ਼ ਸ਼੍ਰੇਣੀ ਵਿੱਚ 15 ਫ਼ੀਸਦ ਦੀ ਗਿਰਾਵਟ ਨਾਲ ਗਿਣਤੀ 47,732 ਤੇ ਆ ਟਿਕੀ ਹੈ।

163,000 ਲੋਕਾਂ ਦਾ ਸਥਾਈ ਤੌਰ ਤੇ ਆਉਣਾ 2007 ਤੋਂ ਲੈਕੇ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ, 2007 ਵਿੱਚ ਇਹ ਗਿਣਤੀ 159,000 ਸੀ।

ਆਸਟ੍ਰੇਲੀਆ ਨੇ ਸਥਾਈ ਪਰਵਾਸ ਦੀ ਹੱਦ 2011 ਤੋਂ 190,000 ਕੀਤੀ ਹੋਈ ਹੈ ਪਰ ਇਹ ਸਾਰੇ ਦਾ ਸਾਰਾ ਭਰਨਾ ਸਰਕਾਰ ਲਈ ਜਰੂਰੀ ਨਹੀਂ।

ਲੇਬਰ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂ ਐਂਥੋਨੀ ਅਲਬੇਨੇਜ਼ੀ ਨੇ ਸਰਕਾਰ ਦੀ ਇਸ ਕਟੌਤੀ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।


Share

Published

Updated

By Preetinder Grewal

Share this with family and friends