ਇਸ ਸਮੇਂ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਵਿਕਟੋਰੀਅਨ ਸਰਕਾਰ ਵਲੋਂ ਹੁਣ ਨਵੇਂ 'ਸਟੱਡੀ ਮੈਲਬੋਰਨ ਹੱਬ' ਰਾਹੀਂ ਸਹਾਇਤਾ ਦੇਣ ਦਾ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਭਾਰਤ ਵਿੱਚ ਨਵੇਂ ਅਤੇ ਔਨਲਾਈਨ ਪੜ ਰਹੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵਿਕਟੋਰੀਆ ਦੇ ਸਥਾਨਕ ਸਿੱਖਿਆ ਪ੍ਰਦਾਤਾਵਾਂ ਨਾਲ ਜੋੜਨਾ ਹੈ।
ਰਾਜ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ 'ਹੱਬ' ਸਿਖਿਆਰਥੀਆਂ ਲਈ ਭਾਰਤ ਵਿੱਚ ਇੱਕ ਅਸਥਾਨ ਮੁਹਇਆ ਕਰਾਏਗਾ ਜਿੱਥੇ ਵਿਕਟੋਰੀਅਨ ਸਿੱਖਿਆ ਪ੍ਰਦਾਤਾ ਨਾਲ ਜੁੜਣ ਤੋਂ ਇਲਾਵਾ ਲੋੜੀਂਦੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਭਾਰਤ ਤੋਂ ਇਲਾਵਾ ਇਹ ਕੇਂਦਰ ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਵੀ ਸਥਾਪਿਤ ਕੀਤੇ ਜਾਣਗੇ।
ਵਿਕਟੋਰੀਆ ਦੇ 13.7 ਬਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਸਿੱਖਿਆ ਸੈਕਟਰ ਦੀ ਰਿਕਵਰੀ ਯੋਜਨਾ ਦਾ ਖੁਲਾਸਾ ਕਰਦਿਆਂ ਵਪਾਰ ਮੰਤਰੀ ਮਾਰਟਿਨ ਪਕੁਲਾ ਨੇ ਕਿਹਾ ਕਿ ਇਹ ਵਿੱਦਿਆ ਕੇਂਦਰ, ਵਿਕਟੋਰੀਆ ਦੇ ਸਿੱਖਿਆ ਪ੍ਰਦਾਤਾਵਾਂ ਰਾਹੀਂ, ਵਿਦਿਆਰਥੀਆਂ ਲਈ ਰਾਜ ਵਿੱਚ ਸਿੱਖਿਆ ਪ੍ਰਾਪਤ ਕਰਣ ਦੇ ਵਧੇਰੇ ਮੌਕੇ ਪੈਦਾ ਕਰਣ ਵਿੱਚ ਬਹੁਤ ਸਹਾਈ ਹੋਵਣਗੇ ਅਤੇ ਰਾਜ ਦੀ ਆਰਥਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਲੋੜੀਂਦਾ ਆਸਰਾ ਪ੍ਰਦਾਨ ਕਰੇਗੀ।
6 ਦਸੰਬਰ 2020 ਤੱਕ ਉਪਲੱਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲ਼ਦੀ ਹੈ ਕਿ ਵਿਕਟੋਰੀਆ ਵਿੱਚ ਕੁੱਲ 31,300 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਵਿੱਚੋਂ 4,200 ਵਿਦਿਆਰਥੀ ਹਾਲੇ ਵੀ ਆਸਟ੍ਰੇਲੀਆ ਤੋਂ ਬਾਹਰ ਆਪਣੀ ਪੜ੍ਹਾਈ ਔਨਲਾਈਨ ਪੂਰੀ ਕਰ ਰਹੇ ਹਨ।
ਇੱਕ ਅਨੁਮਾਨ ਮੁਤਾਬਕ ਵਿਕਟੋਰੀਆ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਕੋਈ ਠੋਸ ਯੋਜਨਾ ਨਾ ਬਣਾਏ ਜਾਣ ਕਾਰਣ ਲਗਭਗ 5.8 ਬਿਲੀਅਨ ਡਾਲਰਾਂ ਦਾ ਘਾਟਾ ਪਹਿਲਾਂ ਹੀ ਪੈ ਚੁੱਕਾ ਹੈ।
ਵਿਕਟੋਰੀਅਨ ਸਰਕਾਰ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ 2021 ਦੇ ਸ਼ੁਰੂ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਉਡਾਉਣ ਦੀ ਵਿਸਤ੍ਰਿਤ ਯੋਜਨਾ 'ਤੇ ਫੈਡਰਲ ਸਰਕਾਰ ਨਾਲ ਕੰਮ ਕਰ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।