36ਵੀਆਂ ਸਿੱਖ ਖੇਡਾਂ ਦੌਰਾਨ ਜਿੱਥੇ 5000 ਤੋਂ ਵੀ ਜ਼ਿਆਦਾ ਖਿਡਾਰੀਆਂ ਨੇ ਤਕਰੀਬਨ 283 ਮੈਚਾਂ ਵਿੱਚ ਹਿੱਸਾ ਲਿਆ, ਉੱਥੇ ਕਈਆਂ ਨੂੰ ਮਿੱਥੀ ਹੋਈ ਤਰੀਕ ਤੱਕ ਰਜਿਸਟਰ ਨਾ ਕਰ ਪਾਉਣ ਕਾਰਨ ਨਿਰਾਸ਼ ਵੀ ਮੁੜਨਾ ਪਿਆ।
ਖੇਡਾਂ ਦੇ ਸੰਚਾਲਕਾਂ ਵਿੱਚੋਂ ਇੱਕ ਮਿੰਟੂ ਬਰਾੜ ਨੇ ਅਪੀਲ ਕੀਤੀ, "ਹਰ ਸਾਲ ਖੇਡਾਂ ਲਈ ਰਜਿਸਟਰ ਹੋਣ ਦੀ ਆਖਰੀ ਮਿਤੀ 31 ਜਨਵਰੀ ਹੀ ਹੁੰਦੀ ਹੈ। ਇਸ ਲਈ ਖਿਡਾਰੀਆਂ ਪ੍ਰਤੀ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਪਹਿਲਾਂ ਖੇਡਾਂ ਲਈ ਰਜਿਸਟਰ ਕਰ ਲਿਆ ਜਾਵੇ ਤਾਂ ਕਿ ਉਚਿਤ ਪ੍ਰਬੰਧ ਕਰਨ ਵਿੱਚ ਸਹਾਇਤਾ ਹੋ ਸਕੇ"।
"ਤਰਕੀਬਨ 25 ਹਜ਼ਾਰ ਦੇ ਕਰੀਬ ਖਿਡਾਰੀ ਅਤੇ ਦਰਸ਼ਕ ਹੋਰਨਾਂ ਰਾਜਾਂ ਤੋਂ ਉਚੇਚੇ ਐਡੀਲੇਡ ਪਹੁੰਚੇ ਸਨ। ਅਤੇ ਸੈਂਕੜਿਆਂ ਹੀ ਵਿਦੇਸ਼ਾਂ ਤੋਂ ਆਏ ਹੋਏ ਸਨ ਜਿਹਨਾਂ ਵਿੱਚ ਕਈ ਅਫਰੀਕੀ ਦੇਸ਼ਾਂ ਤੋਂ ਵੀ ਸਨ",ਸ਼੍ਰੀ ਬਰਾੜ ਨੇ ਦੱਸਿਆ।
ਜਿਵੇਂਕਿ 36 ਸਾਲ ਪਹਿਲਾਂ ਖੇਡਾਂ ਦੀ ਸ਼ੁਰੂਆਤ ਐਡੀਲੇਡ ਵਿੱਚ ਹੀ ਹਾਕੀ ਦੇ ਮੈਚਾਂ ਨਾਲ ਹੀ ਹੋਈ ਸੀ, ਇਸ ਲਈ ਹਰ ਸਾਲ ਹਾਕੀ ਨੂੰ ਖਾਸ ਸਥਾਨ ਦਿੱਤਾ ਜਾਂਦਾ ਹੈ।
ਇਸ ਵਾਰ ਵੀ ਹਾਕੀ ਲਈ ਅੰਤਰ-ਰਾਸ਼ਟਰੀ ਪੱਧਰ ਦੇ ਮੈਦਾਨ ਚੁਣੇ ਗਏ ਸਨ। ਹਾਕੀ ਦੀ ਪਹਿਲੀ ਟੀਮ ਵਿੱਚ ਖੇਡੇ ਦਯਾ ਸਿੰਘ ਨੇ ਕਿਹਾ, "ਉਸ ਸਮੇਂ ਸਿਰਫ 5 ਮੈਚ ਹੀ ਕਰਵਾਏ ਗਏ ਸਨ, ਜਿਹਨਾਂ ਵਿੱਚੋਂ 2 ਟੀਮਾਂ ਸਿੱਖਾਂ ਦੀਆਂ ਅਤੇ 3 ਹੋਰਨਾਂ ਭਾਈਚਾਰਿਆਂ ਤੋਂ ਸਨ।"
ਖੇਡਾਂ ਦੇ ਕਲਚਰਲ ਪ੍ਰੋਗਰਾਮ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਸਾਲ ਕਿਸੇ ਗਾਇਕ ਜਾਂ ਸੈਲੀਬ੍ਰਿਟੀ ਦੀ ਥਾਂ ਸਥਾਨਕ ਟੈਲੇਂਟ ਨੂੰ ਮੌਕਾ ਦਿੱਤਾ ਗਿਆ। ਨਵੀਂ ਪੀਨੀਰੀ ਨੂੰ ਪੰਜਾਬੀ ਬੋਲੀ, ਵਿਰਾਸਤ ਅਤੇ ਰਵਾਇਤੀ ਗੀਤ-ਸੰਗੀਤ ਨਾਲ਼ ਜੋੜਨ ਦੇ ਮਕਸਦ ਨਾਲ ਇਹ ਸ਼ਾਮ ਇੱਕ ਨਾਟਕੀ ਰੂਪਾਂਤਰ ਦੇ ਸ਼ਾਨਦਾਰ ਥੀਮ 'ਤੇ ਅਧਾਰਤ ਸੀ। ਸਥਾਨਕ ਅਕੈਡਮੀਆਂ ਵੱਲੋਂ ਰਲ ਕੇ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋ ਰੱਜਵੀਂ ਦਾਦ ਮਿਲੀ।
ਖੇਡਾਂ ਦੌਰਾਨ ਹਰ ਉਮਰ ਤੇ ਵਰਗ ਦੇ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਥੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ।
ਕਬੱਡੀ ਦੀਆਂ ਖੇਡਾਂ ਦੌਰਾਨ ਹੋਏ ਰੌਲ਼ੇ ਤੋਂ ਸਬਕ ਸਿੱਖਣ ਦਾ ਸੁਨੇਹਾ ਦਿੰਦੇ ਹੋਏ ਸ਼੍ਰੀ ਬਰਾੜ ਨੇ ਕਿਹਾ, "ਬੇਸ਼ਕ ਸ਼ੁਰੂਆਤੀ ਦੋ ਦਿਨਾਂ ਵਿੱਚ ਕੁੱਝ ਮੁਸ਼ਕਲਾਂ ਸਾਹਮਣੇ ਆਈਆਂ, ਪਰ ਆਖਰੀ ਦਿਨ ਦੌਰਾਨ ਖੇਡੇ ਗਏ ਮੈਚਾਂ ਨੇ ਸਾਰੇ ਧੋਣੇ ਧੋ ਦਿੱਤੇ।"
ਕਈ ਮੀਡੀਆ ਰਿਪੋਰਟਾਂ ਵਿੱਚ ਖੇਡਾਂ ਤੋਂ ਬਾਅਦ ਮੈਦਾਨਾਂ ਵਿੱਚ ਕੂੜੇ ਬਾਰੇ ਜਾਣਕਾਰੀ ਪਾਏ ਜਾਣ 'ਤੇ ਸ਼੍ਰੀ ਬਰਾੜ ਨੇ ਸਫਾਈ ਦਿੰਦੇ ਹੋਏ ਕਿਹਾ, "ਐਨੀਆਂ ਵੱਡੀਆਂ ਖੇਡਾਂ ਅਤੇ ਉਹ ਵੀ ਲੌਂਗ ਵੀਕਐਂਡ ਦੌਰਾਨ ਕਰਵਾਉਣ ਉਪਰੰਤ ਕੂੜੇ ਨੂੰ ਸਹੀ ਢੰਗ ਨਾਲ ਸਮੇਟਣ ਲਈ ਕੁੱਝ ਸਮਾਂ ਲੱਗ ਹੀ ਜਾਂਦਾ ਹੈ। ਪਰ ਅਗਲੇ ਹੀ ਦਿਨ ਤਕਰੀਬਨ 200 ਸੇਵਾਦਾਰਾਂ ਨੇ ਮੈਦਾਨ ਦੇ ਹਰ ਖੂੰਜੇ ਨੂੰ ਪੂਰਾ ਸਾਫ ਕਰਦੇ ਹੋਏ ਪਹਿਲਾਂ ਤੋਂ ਵੀ ਵਧੀਆ ਕਰ ਦਿੱਤਾ ਸੀ।"
ਅਗਲੇ ਸਾਲ ਸਿਡਨੀ ਵਿੱਚ ਇਸੇ ਜਾਹੋ-ਜਲਾਲ ਨਾਲ਼ ਫਿਰ ਮਿਲਣ ਦਾ ਵਾਅਦਾ ਕਰਦੀਆਂ 36ਵੀਆਂ ਸਿੱਖ ਖੇਡਾਂ ਸਮਾਪਤ ਹੋ ਗਈਆਂ ਹਨ।
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।