ਆਜ਼ਾਦੀ ਦੇ 75 ਸਾਲ ਪੂਰੇ ਹੋਣ ਉੱਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ।
ਬ੍ਰਿਟਿਸ਼ ਸ਼ਾਸਨ ਦੇ ਇੰਨੇ ਸਾਲਾਂ ਦੇ ਅੰਤ ਤੋਂ ਬਾਅਦ ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰੱਕੀ ਦੇ ਹੌਲੀ ਹੋਣ ਦੇ ਕੋਈ ਸੰਕੇਤ ਨਹੀਂ ਹਨ।
ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਦੇ ਸਾਹਮਣੇ ਖੜ੍ਹੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਵਿੱਚ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਸਹੁੰ ਖਾਧੀ।
ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਆਜ਼ਾਦੀ ਦਾ ਜਸ਼ਨ ਮਨ੍ਹਾਇਆ ਗਿਆ ਸੀ।
ਆਸਟ੍ਰੇਲੀਆ ਵਿੱਚ ਰਹਿੰਦੇ ਦਵਿੰਦਰ ਪੱਸੀ ਮਹਿਜ਼ ਅੱਠ ਸਾਲ੍ਹਾਂ ਦੇ ਸਨ ਜਦੋਂ ਉਹ ਪਾਕਿਸਤਾਨ ਵਾਲੇ ਪਾਸੇ ਦੀ ਸਰਹੱਦ ਤੋਂ ਭੱਜੇ ਸਨ।
ਉਸ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਦੱਸਿਆ ਕਿ ਭਾਰਤ ਪਹੁੰਚਣ ਦੀ ਉਹਨਾਂ ਦੀ ਇਹ ਮੁਸ਼ਕਿਲ ਯਾਤਰਾ ਤਿੰਨ ਹਫਤੇ ਚੱਲੀ ਸੀ।
ਇਸ ਵੰਡ ਨੂੰ ਕਈ ਦਹਾਕੇ ਬੀਤ ਚੁੱਕੇ ਹਨ ਪਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਏਸ਼ੀਅਨ ਸਕਿਓਰਿਟੀ ਵਿੱਚ ਰਿਸਰਚ ਫੈਲੋ ਸਤੁਤੀ ਭਟਨਾਗਰ ਦਾ ਕਹਿਣਾ ਹੈ ਕਿ ਇਸ ਦਾ ਸੇਕ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ।
ਪਾਕਿਸਤਾਨ ਅਤੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਤਿੰਨ ਜੰਗਾਂ ਲੜੀਆਂ ਹਨ, ਦੋ ਕਸ਼ਮੀਰ ਦੇ ਵਿਵਾਦਿਤ ਹਿਮਾਲੀਅਨ ਖੇਤਰ ਨੂੰ ਲੈ ਕੇ, ਜਿਸ ਦਾ ਉਹ ਦੋਵੇਂ ਦਾਅਵਾ ਕਰਦੇ ਹਨ।
ਦੋਵੇਂ ਦੇਸ਼ ਇਸ ਹਫ਼ਤੇ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ, ਪਰ ਜਦੋਂ ਦੋਵਾਂ ਗੁਆਂਢੀਆਂ ਦੇ ਸਬੰਧਾਂ ਦੀ ਗੱਲ ਆਉਂਦੀ ਹੈ, ਤਾਂ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ।