'ਵਿਸ਼ਾਲ ਤੇ ਅਮੀਰ ਵਿਰਾਸਤ': ਮਾਹਿਰਾਂ ਮੁਤਾਬਕ ਗੁਰਮਤਿ ਸੰਗੀਤ ਦੇ ਸਾਜ਼ ਤੇ ਰਾਗ ਭਾਈਚਾਰੇ ਲਈ ਤੋਹਫ਼ਾ

IMG_20250317_125441.jpg

Source: SBS

ਵੋਕਲ ਅਤੇ ਇੰਸਟਰੂਮੈਂਟਲ ਵਿਸ਼ਿਆਂ ਦੇ ਮਾਹਰ ਰਾਜਬੀਰ ਸਿੰਘ ਦਾ ਕੋਈ ਪਰਿਵਾਰਕ ਗੁਰਮਤਿ ਸੰਗੀਤ ਪਿਛੋਕੜ ਨਹੀਂ ਸੀ ਪਰ ਉਹਨਾਂ ਨੂੰ ਹਮੇਸ਼ਾਂ ਹੀ ਧਾਰਮਿਕ ਸੰਗੀਤ ਤੇ ਸਾਜ਼ਾਂ 'ਚ ਰੁਚੀ ਸੀ। ਉਹਨਾਂ ਐਸ ਬੀ ਐਸ ਪੰਜਾਬੀ ਦੇ ਮਾਧਿਅਮ ਰਾਹੀਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰਮੁੱਖੀ ਸੰਗੀਤ ਨਾਲ ਜ਼ਰੂਰ ਜੋੜਨ।


ਰਾਜਬੀਰ ਸਿੰਘ 2008 'ਚ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਹੀ ਗੁਰਮਤਿ ਸੰਗੀਤ ਨਾਲ ਜੁੜ ਗਏ ਸਨ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਗੁਰਮਤਿ ਸੰਗੀਤ ਦੇ ਮਾਹਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਮੇਸ਼ਾਂ ਤੋਂ ਹੀ ਗੁਰਮਤਿ ਸੰਗੀਤ 'ਚ ਰੁਚੀ ਰਹੀ ਸੀ।

ਹਾਲਾਂਕਿ ਉਹਨਾਂ ਦੇ ਪਰਿਵਾਰ ਦਾ ਗੁਰਮਤਿ ਸੰਗੀਤ ਨਾਲ ਸਿੱਧੇ ਤੌਰ 'ਤੇ ਕੋਈ ਸਬੰਧ ਨਹੀਂ ਸੀ ਪਰ ਫਿਰ ਵੀ ਇਸ ਸੰਗੀਤ ਦਾ ਰੁਝਾਨ ਉਹਨਾਂ ਮੁਤਾਬਕ ਉਹਨਾਂ ਦੇ ਪਰਿਵਾਰ ਤੋਂ ਹੀ ਉਪਜਿਆ ਸੀ।

ਉਹਨਾਂ ਦੱਸਿਆ ਕਿ ਸੰਗੀਤ ਦੇ ਵੱਖ-ਵੱਖ ਵਿਸ਼ੇ ਤੇ ਮੌਸਮ ਵੀ ਹੋ ਸਕਦੇ ਹਨ। ਕੁਝ ਰਾਗ ਕਿਸੇ ਖਾਸ ਮੌਸਮ ਦਾ ਪ੍ਰਤੀਕ ਹੋ ਸਕਦੇ ਹਨ।

ਰਾਗ ਤੇ ਸਾਜ਼

ਗੁਰਮਤਿ ਸੰਗੀਤ ਦੇ ਆਪਣੇ ਰਾਗ ਤੇ ਸਾਜ਼ ਹੁੰਦੇ ਹਨ। ਰਾਜਬੀਰ ਸਿੰਘ ਨੇ ਦੱਸਿਆ ਕਿ ਕੁੱਲ 35 ਸਾਜ਼ ਮੌਜੂਦ ਹਨ। ਜਿਸ ਵਿੱਚ ਸਭ ਤੋਂ ਪਹਿਲਾ ਸਾਜ਼ ਰਬਾਬ ਮੰਨਿਆ ਜਾਂਦਾ ਹੈ। ਰਬਾਬ ਤੋਂ ਇਲਾਵਾ ਇਸਰਾਜ, ਦਿਲਰੁਬਾ, ਤਾਊਸ, ਸਾਰੰਦਾ, ਤੰਬੂਰਾ, ਹਾਰਮੋਨੀਅਮ ਤੇ ਤਬਲਾ ਸਾਜ਼ ਵੀ ਮੌਜੂਦ ਹਨ।
RABAB.jpg
Credit: Supplied.
ਤਾਊਸ ਦੀ ਦਿੱਖ ਇੱਕ ਮੋਰ ਵਰਗੀ ਹੁੰਦੀ ਹੈ। ਤਾਊਸ ਇੱਕ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ ਮੋਰ। ਰਾਜਬੀਰ ਸਿੰਗ ਦਾ ਕਹਿਣਾ ਹੈ ਕਿ ਇਸਦੇ ਸੁਰ ਵੀ ਮੋਰ ਦੀ ਆਵਾਜ਼ ਨਾਲ ਮੇਲ ਖਾਂਦੇ ਹਨ।
Instrument Taus.jpg
Instruments. Credit: Supplied
ਉਹਨਾਂ ਦੱਸਿਆ ਕਿ ਦਿਲਰੁਬਾ ਸਾਜ਼ ਦਾ ਅਰਥ ਹੀ ਦਿਲ ਨੂੰ ਨਚਾਉਣ ਵਾਲਾ ਹੈ ਕਿਉਂਕਿ ਇਸਦੇ ਸੁਰ ਵਿੱਚ ਬਹੁਤ ਮਿਠਾਸ ਹੈ।

ਇਸੇ ਤਰ੍ਹਾਂ ਉਹਨਾਂ ਹੋਰ ਸਾਜ਼ਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਹ ਸਾਜ਼ ਸਾਡੀ ਅਮੀਰ ਵਿਰਾਸਤ ਦਾ ਹਿੱਸਾ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 31 ਸ਼ੁੱਧ ਰਾਗ ਹਨ ਅਤੇ 31 ਰਾਗ ਪ੍ਰਕਾਰਾਂ ਹਨ। ਉਹਨਾਂ ਦੱਸਿਆ ਕਿ ਬਹੁਤ ਸਾਰੇ ਰਾਗ ਰੁੱਤਾਂ ਦੇ ਹਿਸਾਬ ਨਾਲ ਗਾਏ ਜਾਂਦੇ ਹਨ ਜਿਵੇਂ ਕਿ ਬਸੰਤ ਰਾਗ ਅਤੇ ਮਲਹਾਰ ਰਾਗ।

ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਦੀ ਵਿਧੀ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਸ਼ੁਰੂਆਤ ਵਿੱਚ ਸਭ ਔਖਾ ਜ਼ਰੂਰ ਲੱਗਦਾ ਹੈ ਪਰ ਜੇਕਰ ਕੋਸ਼ਿਸ਼ ਜਾਰੀ ਰੱਖੀ ਜਾਵੇ ਤਾਂ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ।

ਬੱਚਿਆਂ ਨੂੰ ਗੁਰਮੁੱਖੀ ਸਿਖਾਉਣ ਦੇ ਸਫਰ ਦੀ ਸ਼ੁਰੂਆਤ

ਰਾਜਬੀਰ ਸਿੰਘ ਮੈਲਬਰਨ ਦੇ ਮੈਲਟਨ ਵਿੱਚ ਸਥਿਤ ਗੋਬਿੰਦ ਸਰਵਰ ਗੁਰਮੁਖੀ ਲਰਨਿੰਗ ਸੈਂਟਰ ਵਿੱਚ ਮੁੱਖ ਅਧਿਆਪਕ ਹਨ। ਉਹਨਾਂ ਇਹ ਸਕੂਲ ਖੋਲਣ ਤੱਕ ਦੇ ਸਫਰ ਦੀ ਕਹਾਣੀ ਵੀ ਸਾਂਝੀ ਕੀਤੀ।

ਉਹਨਾਂ ਦੱਸਿਆ ਕਿ ਜਦੋਂ ਉਹ ਸ਼ਾਮ ਸਮੇਂ ਲੋਕਲ ਪਾਰਕ ‘ਚ ਸੈਰ ਕਰਨ ਜਾਂਦੇ ਸਨ ਤਾਂ ਬਹੁਤ ਸਾਰੇ ਪੰਜਾਬੀ ਮਾਪਿਆਂ ਨੇ ਉਹਨਾਂ ਨੂੰ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਚਾਹੁੰਦੇ ਹਨ ਪਰ ਜਮਾਤਾਂ ਦਾ ਸਮਾਂ ਉਹਨਾਂ ਦੇ ਕੰਮ ਦੇ ਸਮੇਂ ਨਾਲ ਮੇਲ ਨਹੀਂ ਖਾਂਦਾ।
Rajbir picture.JPG
Rajbir Singh with his students. Credit: Supplied.
ਰਾਜਬੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2023 ਵਿੱਚ ਇਹ ਸਕੂਲ ਖੋਲਿਆ ਜਿੱਥੇ ਉਹ ਲੋੜ ਸਮੇਂ ਬੱਚਿਆਂ ਨੂੰ ਘਰ ਤੋਂ ਜਮਾਤ ਤੱਕ ਲੈ ਕੇ ਆਉਣ ਦਾ ਪ੍ਰਬੰਧ ਵੀ ਕਰ ਦਿੰਦੇ ਹਨ।

ਉਹਨਾਂ ਮਾਪਿਆਂ ਦਾ ਧੰਨਵਾਦ ਕਰਦਿਆਂ ਸੁਨੇਹਾ ਸਾਂਝਾ ਕੀਤਾ ਕਿ ਬੱਚਿਆਂ ਨੂੰ ਮਾਂ-ਬੋਲੀ ਤੇ ਆਪਣੇ ਸਭਿਆਚਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਹੋਰ ਉਪਰਾਲੇ ਵੀ ਕਰਨੇ ਚਾਹੀਦੇ ਹਨ।

ਪਰਿਵਾਰ ਅਤੇ ਮਾਈਗ੍ਰੇਸ਼ਨ ਸਫਰ

ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਗੁਰਮਤਿ ਸੰਗੀਤ ਦਾ ਸਫਰ ਉਦੋਂ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਆਪਣੀ ਇੰਜਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਸੀ।

ਉਹਨਾਂ ਹੌਲੀ-ਹੌਲੀ ਆਪਣਾ ਰਿਆਜ਼ ਜਾਰੀ ਰੱਖਿਆ ਅਤੇ ਸੰਗੀਤ ਦੀਆਂ ਬਰੀਕੀਆਂ ਨੂੰ ਸਮਝਣਾ ਸ਼ੁਰੂ ਕੀਤਾ।

ਉਹਨਾਂ ਨੂੰ ਆਸਟ੍ਰੇਲੀਆ ਆਏ ਹੁਣ ਕਰੀਬ 17 ਸਾਲ ਹੋ ਗਏ ਹਨ।

ਉਹਨਾਂ ਦੇ ਦੋ ਬੇਟੇ ਹਨ ਜੋ ਆਪੋ-ਆਪਣੇ ਪੇਸ਼ਿਆਂ ਵਿੱਚ ਕਾਮਯਾਬ ਹਨ ਪਰ ਫਿਰ ਵੀ ਗੁਰਮਤਿ ਸੰਗੀਤ ਅਤੇ ਗੁਰਮੁਖੀ ਨਾਲ ਜੁੜਨ ਦਾ ਸਮਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ।

ਰਾਜਬੀਰ ਸਿੰਘ ਦਾ ਪੂਰੇ ਭਾਈਚਾਰੇ ਨੂੰ ਇਹੀ ਸੁਨੇਹਾ ਹੈ ਕਿ ਜ਼ਰੂਰੀ ਨਹੀਂ ਸੰਗੀਤ ਦੇ ਮਾਹਰ ਬਣਿਆ ਜਾਵੇ ਪਰ ਸੰਗੀਤ ਨੂੰ ਸੁਨਣਾ ਵੀ ਇੱਕ ਮਹੱਤਵਪੂਰਣ ਗੱਲ ਹੈ।

ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਪੰਜਾਬੀ 'ਚ ਸੁਣਨ ਲਈ ਸਾਂਝਾ ਕੀਤਾ ਗਿਆ ਪੋਡਕਾਸਟ ਸੁਣੋ..

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share