‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫੋਰ ਐਕਸੀਲੈਂਸ’: ਪੇਸ਼ੇਵਰ ਕੈਟੇਗਰੀ ਦੀ ਫਾਈਨਲ ਸੂਚੀ ‘ਚ ਰੋਬਿਨ ਕੌਰ ਸਾਰਾਨਾਹ ਦਾ ਨਾਂ ਹੋਇਆ ਸ਼ਾਮਲ

Robyn Kaur.jpg

Robyn Kaur Saranah. Source: SBS

ਬ੍ਰਿਸਬੇਨ ਦੇ ਰਹਿਣ ਵਾਲੇ ਰੋਬਿਨ ਕੌਰ ਸਾਰਾਨਾਹ ਉਸ ਸਮੇਂ ਬੈਕਿੰਗ ਅਤੇ ਫਾਇਨੈਂਸ ਦੇ ਖੇਤਰ ਵਿੱਚ ਦਾਖਲ ਹੋਏ ਸਨ ਜਿਸ ਸਮੇਂ ਪੰਜਾਬੀ ਭਾਈਚਾਰੇ ਦੀ ਇਸ ਵਿਭਾਗ ਵਿੱਚ ਸ਼ਮੂਲੀਅਤ ਨਾਮਾਤਰ ਹੀ ਸੀ। ਉਹਨਾਂ ਵੱਲੋਂ ਭਾਈਚਾਰੇ ਨੂੰ ਇਸ ਖੇਤਰ ਵਿੱਚ ਆਉਣ ਦੀ ਹੱਲਾਸ਼ੇਰੀ ਦਿੰਦੇ ਹੋਏ ਕਈ ੳਪਰਾਲੇ ਕੀਤੇ ਗਏ ਹਨ ਜਿੰਨ੍ਹਾਂ ਦੇ ਯੋਗਦਾਨ ਸਦਕਾ ਉਹਨਾਂ ਨੂੰ ਪੇਸ਼ੇਵਰ ਕੈਟੇਗਰੀ ਲਈ ‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫੋਰ ਐਕਸੀਲੈਂਸ’ ਦੀ ਫਾਈਨਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।


‘ਆਸਟ੍ਰੇਲੀਅਨ ਅਵਾਰਡਜ਼ ਫੋਰ ਅੇਕਸੀਲੈਂਸ’ ਦੇ ਦਾਅਵੇਦਾਰਾਂ ਦੀ ਫਾਈਨਲ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਨਤੀਜੇ 31 ਅਗਸਤ 2024 ਨੂੰ ਜਾਰੀ ਕੀਤੇ ਜਾਣਗੇ।

ਇਹ ਪੁਰਸਕਾਰ ਭਾਈਚਾਰੇ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਤੇ ਭਾਈਚਾਰੇ ਦੀ ਬੇਹਤਰੀ ਲਈ ਸਮਰਥਨ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਕੁੱਝ ਚੋਣਵੇਂ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ।

ਇਸ ਸਨਮਾਨ ਲਈ ਤਿਆਰ ਕੀਤੀ ਗਈ ਦਾਅਵੇਦਾਰਾਂ ਦੀ ਸੂਚੀ ਵਿੱਚ ਬ੍ਰਿਸਬੇਨ ਦੇ ਰੋਬਿਨ ਕੌਰ ਸਾਰਾਨਾਹ ਦਾ ਨਾਂ ਵੀ ਸ਼ਾਮਲ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੂੰ ਆਪਣੀ ਨਾਮਜ਼ਦਗੀ ਦਾ ਪਤਾ ਚੱਲਿਆ ਤਾਂ ਉਹ ਕਾਫੀ ਹੈਰਾਨ ਹੋ ਗਏ ਸਨ ਕਿਉਂਕਿ ਉਹ ਅਕਸਰ ਚੁੱਪ-ਚਾਪ ਆਪਣਾ ਕੰਮ ਕਰਦੇ ਸਨ।

ਆਸਟ੍ਰੇਲੀਆ ਦੇ ਜੰਮ-ਪਲ ਰੋਬਿਨ ਕੌਰ ਦੀਆਂ ਕਈ ਪੀੜੀਆਂ ਆਸਟ੍ਰੇਲੀਆਂ ਵਿੱਚ ਰਹਿ ਚੁੱਕੀਆਂ ਹਨ। ਉਹਨਾਂ ਦੇ ਪੜਦਾਦਾ ਆਸਟ੍ਰੇਲੀਆ ਵਿੱਚ ਆਉਣ ਵਾਲੇ ਪਹਿਲੇ ਸਿੱਖ ਵਿਅਕਤੀਆਂ ਵਿੱਚੋ ਇੱਕ ਸਨ।

ਆਪਣੇ ਪਿਤਾ ਦੇ ਸਮਰਥਨ ਅਤੇ ਉਤਸ਼ਾਹ ਨਾਲ ਰੋਬਿਨ ਕੌਰ ਨੇ ਉੱਚੇਰੀ ਸਿੱਖਿਆ ਹਾਸਲ ਕੀਤੀ।

ਉਹ ਆਪਣੇ ਪਰਿਵਾਰ ਹੀ ਨਹੀਂ ਬਲਕਿ ਪੂਰੇ ਭਾਈਚਾਰੇ ਵਿੱਚੋਂ ਵੀ ਫਾਇਨੈਂਸ ਦੇ ਉੱਚ ਸਥਾਨ ‘ਤੇ ਕੰਮ ਕਰਨ ਵਾਲੇ ਪਹਿਲੇ ਪੰਜਾਬੀਆਂ ਵਿੱਚੋਂ ਇੱਕ ਬਣ ਗਏ ਸਨ।

ਉਹਨਾਂ ਦੱਸਿਆ ਕਿ ਜਦੋਂ ਉਹਨਾਂ ਆਪਣੇ ਵਿਭਾਗ ਵਿੱਚ ਭਾਈਚਾਰੇ ਦੇ ਘੱਟ ਮੈਂਬਰਾਂ ਦੀ ਖਾਸ ਕਰ ਔਰਤਾਂ ਦੀ ਘੱਟ ਸ਼ਮੂਲੀਅਤ ਨੂੰ ਦੇਖਿਆ ਤਾਂ ਉਹਨਾਂ ਭਾਈਚਾਰੇ ਵਿੱਚ ਔਰਤਾਂ ਨੂੰ ਅੱਗੇ ਲਿਆਉਣ ਲਈ ਯਤਨ ਕਰਨੇ ਸ਼ੁਰੂ ਕੀਤੇ।

ਉਹਨਾਂ ਦੇ ਅਜਿਹੇ ਯਤਨਾਂ ਸਦਕਾ ਅਤੇ ਇੰਨੇ ਸਾਲਾਂ ਦੇ ਸ਼ਾਨਦਾਰ ਕੰਮ ਕਾਰਨ ਹੀ ਉਹਨਾਂ ਨੂੰ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਰੋਬਿਨ ਕੌਰ ਨੇ ਭਾਈਚਾਰੇ ਦੇ ਨਾਂ ਇਹੀ ਸੁਣੇਹਾ ਸਾਂਝਾ ਕੀਤਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਕਿ ਉਹ ਆਪਣੀਆਂ ਧੀਆਂ ਨੂੰ ਹਰ ਖੇਤਰ ਲਈ ਵਧੇਰੇ ਮੌਕੇ ਪ੍ਰਦਾਨ ਕਰਨ।

ਰੋਬਿਨ ਕੌਰ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਉਪਰ ਸਾਂਝੀ ਕੀਤੀ ਗਈ ਇੰਟਰਵਿਊ ਦੀ ਆਡੀਓ ਸੁਣੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।


ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share