ਗੋਲਡ ਕੋਸਟ ਵਿੱਚ ਹੋਈਆਂ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਹੋਈ, ਤੇ ਫਿਰ ਆਦਿਵਾਸੀ ਭਾਇਚਾਰੇ ਨੂੰ ਸਤਿਕਾਰ ਪੇਸ਼ ਕਰਨ ਤੇ ਕੌਮੀ ਤਰਾਨੇ ਤੋਂ ਬਾਅਦ ਬੱਚਿਆਂ ਨੇ ਗਿੱਧੇ-ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ਼ ਖੂਬ ਰੰਗ ਬੰਨਿਆ।
ਸਿੱਖ ਖੇਡਾਂ ਦੀ ਸਫਲਤਾ ਪਿੱਛੇ ਪ੍ਰਬੰਧਕਾਂ, ਸਥਾਨਿਕ ਗੁਰਦਵਾਰਿਆਂ, ਸਿੱਖ ਸੰਸਥਾਵਾਂ ਤੇ ਹੋਰ ਸੈਂਕੜੇ ਸੇਵਦਾਰਾਂ ਦਾ ਖਾਸ ਯੋਗਦਾਨ ਰਿਹਾ। ਸਿੱਖ ਖੇਡਾਂ ਵਿੱਚ ਦੇਸ਼-ਦੇਸ਼ਾਂਤਰ ਤੋਂ ਆਏ ਲੋਕ ਉਨ੍ਹਾਂ ਦੀ ਸੇਵਾ ਭਾਵਨਾ ਦੀ ਸਿਫਤ ਕਰਦੇ ਨਜ਼ਰ ਆਏ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਖੇਡਾਂ ਦੀ ਕਾਰਜਕਾਰੀ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਨੁਮਾਇੰਦੇ ਰਣਦੀਪ ਸਿੰਘ ਜੌਹਲ ਨੇ ਖੇਡਾਂ ਵਿੱਚ ਸਹਿਯੋਗ ਲਈ ਸਥਾਨਕ ਸਰਕਾਰ, ਕੌਂਸਲ, ਸੇਵਾਦਾਰਾਂ ਤੇ ਸਪੋਨਸਰਜ਼ ਦਾ ਖਾਸ ਧੰਨਵਾਦ ਕੀਤਾ।
"ਖਿਡਾਰੀਆਂ ਦੀ ਗਿਣਤੀ ਦੇ ਲਿਹਾਜ ਨਾਲ਼ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸੀ। ਵਧੀਆ ਮੌਸਮ ਕਾਫੀ ਮੱਦਦਗਾਰ ਸਾਬਿਤ ਹੋਇਆ ਜੀਹਦੇ ਚਲਦਿਆਂ ਸਾਨੂੰ ਡੇਢ ਲੱਖ ਦੇ ਇਕੱਠ ਦੇ ਅੰਦਾਜ਼ੇ ਹਨ," ਉਨ੍ਹਾਂ ਦੱਸਿਆ।
“ਤਿੰਨੇ ਦਿਨ ਖੁੱਲੀ ਲੰਗਰ ਸੇਵਾ ਤਹਿਤ ਇੱਕ ਲੱਖ ਤੋਂ ਵੀ ਵੱਧ ਪਾਣੀ ਦੀਆਂ ਬੋਤਲਾਂ ਤੇ ਡੇਢ ਲੱਖ ਤੋਂ ਵੀ ਵੱਧ ਖਾਣੇ ਦੀਆਂ ਪਲੇਟਾਂ ਸੰਗਤ ਵਿੱਚ ਵਰਤਾਈਆਂ ਗਈਆਂ ਹਨ।“
ਦੱਸਣਯੋਗ ਹੈ ਕਿ ਪਨਵਿਕ ਗਰੁੱਪ ਵੱਲੋਂ ਇਹਨਾਂ ਖੇਡਾਂ ਲਈ 50,000 ਡਾਲਰ ਦੀ ਇਮਦਾਦ ਦਿੱਤੀ ਗਈ ਸੀ।
ਗਰੁੱਪ ਵੱਲੋਂ ਰੁਪਿੰਦਰ ਬਰਾੜ ਤੇ ਸਰਬਜੋਤ ਢਿੱਲੋਂ ਨੇ ਜਦੋਂ ਇਹ ਸਹਾਇਤਾ ਅਗਲੇ ਸਾਲਾਂ ਵਿੱਚ ਵੀ ਇਸੇ ਤਰਾਂਹ ਕਰਦੇ ਰਹਿਣ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਭਰਪੂਰ ਤਾੜੀਆਂ ਮਾਰਕੇ ਉਹਨਾਂ ਨੂੰ ਹੁੰਗਾਰਾ ਦਿੱਤਾ।
ਇਸ ਵਾਰ ਦੀਆਂ ਖੇਡਾਂ ਵਿੱਚ ਅਥਲੈਟਿਕਸ ਨੂੰ ਖਾਸ ਤਰਜੀਹ ਦਿੱਤੀ ਗਈ। ਇਸ ਦੌਰਾਨ ਹਰ ਉਮਰ ਤੇ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਅਥਲੈਟਿਕਸ ਈਵੈਂਟ ਨੂੰ ਨੇਪਰੇ ਚਾੜ੍ਹਨ ਲਈ ਮਾਝਾ ਯੂਥ ਕਲੱਬ ਬ੍ਰਿਸਬੇਨ ਤੇ ਸਿਡਨੀ ਤੋਂ ਉਚੇਚੇ ਤੌਰ ਉੱਤੇ ਪਹੁੰਚੇ ਖੇਡ ਪ੍ਰੇਮੀ ਤੇ ਪ੍ਰਬੰਧਕ ਪੱਬਾਂ ਭਰ ਨਜ਼ਰ ਆਏ।
ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ ਤੇ ਬਾਬਾ ਦੀਪ ਸਿੰਘ ਕਲੱਬ ਵੂਲਗੂਲਗਾ ਵਿਚਾਲੇ ਹੋਈ ਫਸਵੀਂ ਟੱਕਰ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਆਸਟ੍ਰੇਲੀਅਨ ਸਿੱਖ ਖੇਡਾਂ ਦੀ ਕੌਮੀ ਕਮੇਟੀ ਐਨਜ਼ੈਕ ਦੇ ਮੀਡਿਆ ਮੈਨੇਜਰ ਰਣਜੀਤ ਸਿੰਘ ਖੈੜਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਖੇਡਾਂ ਭਾਈਚਾਰੇ ਵਿੱਚ ਪਿਆਰ-ਮੁਹੱਬਤ ਤੇ ਸਦਭਾਵਨਾ ਵਾਲਾ ਮਾਹੌਲ ਬਣਾਉਣ ਲਈ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ।
"ਮੈਨੂੰ ਖੁਸ਼ੀ ਹੈ ਕਿ ਸਾਡਾ ਭਾਈਚਾਰਾ ਗਿਣਤੀ ਵਿੱਚ ਵੱਧ ਰਿਹਾ ਹੈ - ਇਸੇ ਤਹਿਤ ਖਿਡਾਰੀਆਂ ਦਾ ਅੰਕੜਾ ਵੀ ਬਹੁਤ ਵੱਡਾ ਹੋ ਰਿਹਾ ਹੈ। ਇਹਦੇ ਨਾਲ ਸਿੱਖ ਖੇਡਾਂ ਦਾ ਸਕੇਲ ਤੇ ਜਿੰਮੇਵਾਰੀਆਂ ਵੀ ਵਧੀਆਂ ਹਨ," ਉਨ੍ਹਾਂ ਕਿਹਾ।
"ਸਾਰੇ ਖਿਡਾਰੀਆਂ ਤੇ ਮਾਪਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ੇ ਜਿੰਨਾਂ ਆਪਣਾ ਕੀਮਤੀ ਸਮਾਂ ਇਸ ਖੇਡ ਮਹਾਂ-ਕੁੰਭ ਦੇ ਲੇਖੇ ਲਾਇਆ। ਇਹ ਸਾਡਾ ਸਾਂਝਾ ਸਮਾਗਮ ਤੇ ਉੱਦਮ ਹੈ। ਸੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਬੰਧਕੀ ਢਾਂਚੇ ਤੇ ਸੇਵਾਦਾਰੀ ਪੱਖੋਂ ਜੋੜ ਸਕੀਏ।
ਸੱਭਿਆਚਾਰਕ ਪ੍ਰੋਗਰਾਮ ਤਹਿਤ ਸਟੇਜ 'ਤੇ ਹੁੰਦੀਆਂ ਪੇਸ਼ਕਾਰੀਆਂ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਹਾਜ਼ਿਰ ਹੋਏ। ਇਸ ਦੌਰਾਨ ਬਹੁਤ ਸਾਰੇ ਪੰਜਾਬੀ ਦਰਸ਼ਕ ਰਵਾਇਤੀ ਪਹਿਰਾਵਿਆਂ ਵਿੱਚ ਸਜ-ਧਜਕੇ ਮੇਲਾ ਵੇਖਣ ਆਏ ਸਨ।
ਸੱਭਿਆਚਾਰਕ ਰੌਣਕ ਮੇਲੇ ਤਹਿਤ 'ਪਰਥ ਸ਼ਹਿਰ ਦੀ ਟੋਲੀ' ਦੀ ਮਲਵਈ ਗਿੱਧੇ ਦੀ ਪੇਸ਼ਕਾਰੀ ਬਹੁਤ ਪਸੰਦ ਕੀਤੀ ਗਈ।
ਗਾਇਕ ਹਰਫ਼ ਚੀਮਾ ਦੀਆਂ ਬੋਲੀਆਂ ਅਤੇ ਕਿਸਾਨੀ ਮੋਰਚੇ ਨਾਲ ਸਬੰਧਿਤ ਗੀਤ ਨੂੰ ਭਰਪੂਰ ਹੁੰਗਾਰਾ ਮਿਲਿਆ।
ਸੱਭਿਆਚਾਰਕ ਪ੍ਰੋਗਰਾਮ ਤਹਿਤ ਦਰਸ਼ਕਾਂ ਨੇ ਇਸ ਨੱਚਣ-ਗਾਉਣ ਦਾ ਖੂਬ ਆਨੰਦ ਲਿਆ।
ਸਿੱਖ ਖੇਡਾਂ ਦੌਰਾਨ ਕੈਨੇਡਾ ਤੋਂ ਆਏ ਪਰਮ ਸਿੰਘ ਦੁਆਰਾ ਲਗਾਈ ਗਈ ਸਿੱਖ ਚਿੱਤਰ ਪ੍ਰਦਰਸ਼ਨੀ ਵੀ ਲੋਕਾਂ ਲਈ ਭਰਪੂਰ ਖਿੱਚ ਦਾ ਕਾਰਨ ਬਣੀ।
ਸਿੱਖ ਖੇਡਾਂ ਦੀ ਦੂਜੀ ਰਾਤ ਕਰਵਾਈ ਗਈ 'ਕਲਚਰਲ ਨਾਈਟ' ਵਿੱਚ ਗਿੱਧਾ-ਭੰਗੜੇ ਤੋਂ ਇਲਾਵਾ ਹਾਸਰਸ ਨਾਲ਼ ਜੁੜੀਆਂ ਪੇਸ਼ਕਾਰੀਆਂ ਨੂੰ ਵੇਖਣ ਲਈ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।
ਇਸ ਦੌਰਾਨ ਪੰਜਾਬ ਤੋਂ ਆਏ ਕਵੀ ਜਸਵੰਤ ਸਿੰਘ ਜ਼ਫ਼ਰ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।
ਸਿੱਖ ਖੇਡਾਂ ਵਿੱਚ ਹੋਏ ‘ਸਿੱਖ ਫੋਰਮ’ ਵਿੱਚ ਲੋਕਾਂ ਦੀ ਹਾਜ਼ਰੀ ਦੀ ਘਾਟ ਰੜ੍ਹਕਦੀ ਰਹੀ। ਖੇਡਾਂ ਕਰਵਾਉਣ ਵਿੱਚ ਸਹਿਯੋਗ ਦੇਣ ਵਾਲ਼ੀ ਕੌਮੀ ਕਮੇਟੀ ਦੇ ਨੁਮਾਇੰਦੇ ਮਨਜੀਤ ਬੋਪਾਰਾਏ ਨੇ ਇਸ ਤਹਿਤ ਪ੍ਰਬੰਧਾਂ ਵਿਚਲੀਆਂ ਊਣਤਾਈਆਂ ਨੂੰ ਦੂਰ ਕਰਨ ਅਤੇ ਅੱਗੇ ਤੋਂ ਇਸ ਫੋਰਮ ਨੂੰ ‘ਵੱਡੇ ਤੇ ਵਧੀਆ ਪੱਧਰ’ ਉੱਤੇ ਕਰਵਾਉਣ ਦਾ ਭਰੋਸਾ ਵੀ ਦਿਵਾਇਆ।
ਐਨਜ਼ੈਕ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਇਹਨਾਂ ਖੇਡਾਂ ਵਿੱਚ ਸ਼ਾਮਿਲ ਹੋਣ 'ਤੇ ਜਿਥੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਪ੍ਰਬੰਧਕਾਂ ਨੂੰ ਇਸ ਮੇਲੇ ਦੀ ਸਫਲਤਾ ਪਿੱਛੇ ਵਧਾਈ ਵੀ ਦਿੱਤੀ।
"ਇਹ ਖੇਡਾਂ ਵਲੰਟੀਅਰਜ਼ ਅਤੇ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਕਰਾਈਆਂ ਜਾਂਦੀਆਂ ਹਨ। ਸੋ ਇਹਨਾਂ ਦੀ ਸਫਲਤਾ ਲਈ ਸਾਰੇ ਹੀ ਵਧਾਈ ਦੇ ਪਾਤਰ ਹਨ। ਜਿਥੇ ਕੀਤੇ ਕਮੀਆਂ-ਪੇਸ਼ੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ," ਉਨ੍ਹਾਂ ਕਿਹਾ।
“ਸਾਡੀ ਕੋਸ਼ਿਸ਼ ਹੈ ਕਿ ਇਥੋਂ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਖੇਡਾਂ ਦੀ ਕਮਾਨ ਸੰਭਾਲਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਹੋਰ ਵੱਡੇ ਮੁਕਾਮ 'ਤੇ ਲਿਜਾਇਆ ਸਕੇ।“
ਐਨਜ਼ੈਕ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਅਗਲੇ ਸਾਲ ਐਡੀਲੇਡ ਵਿੱਚ ਹੋਣ ਵਾਲੀਆਂ ਸਿੱਖ ਖੇਡਾਂ ਲਈ ਸਭ ਨੂੰ ਖੁਲ੍ਹਾ ਸੱਦਾ ਦਿੱਤਾ ਹੈ।
ਸਿੱਖ ਖੇਡਾਂ ਬਾਰੇ ਰਿਪੋਰਟ ਸੁਨਣ ਲਈ ਇਹ ਆਡੀਓ ਲਿੰਕ ਕਲਿਕ ਕਰੋ। ਇਸ ਆਡੀਓ ਵਿੱਚ ਪ੍ਰਬੰਧਕੀ ਕਮੇਟੀ ਦੇ ਨੁਮਾਇੰਦੇ ਰਣਦੀਪ ਸਿੰਘ ਜੌਹਲ, ਸਰਬਜੋਤ ਸਿੰਘ ਢਿੱਲੋਂ, ਰਣਜੀਤ ਸਿੰਘ ਖੈੜਾ ਨਾਲ਼ ਇੰਟਰਵਿਊਜ਼ ਤੋਂ ਇਲਾਵਾ ਹਰਫ਼ ਚੀਮਾ ਦੇ ਗੀਤ ਤੇ ਮਲਵਈ ਗਿੱਧੇ ਦੀਆਂ ਬੋਲੀਆਂ ਵੀ ਸ਼ਾਮਿਲ ਹਨ।
LISTEN TO
35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ 150,000 ਦਾ ਵੱਡਾ ਇਕੱਠ, ਸੇਵਾਦਾਰਾਂ ਦੀਆਂ ਹਰ ਪਾਸੇ ਸਿਫਤਾਂ
SBS Punjabi
12/04/202329:22