ਸਾਲ 2020 ਪ੍ਰਵਾਸ ਪੱਖੋਂ ਇਕ ਬਹੁਤ ਅਲਹਿਦਾ ਵਰ੍ਹਾ ਰਿਹਾ। ਮੌਜੂਦਾ ਸਿਹਤ ਸੰਕਟ ਕਾਰਨ ਸਥਾਨਕ ਪਰਵਾਸ ਨੀਤੀਆਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਣਾ ਸਮੇਂ ਦੀ ਜ਼ਰੂਰਤ ਬਣ ਗਈ।
2021 ਵਿੱਚ ਲਾਗੂ ਹੋਣ ਵਾਲੀਆਂ ਇਨ੍ਹਾਂ ਨੀਤੀਆਂ ਦਾ ਸਰਕਾਰ ਵਲੋਂ ਪਿਛਲ਼ੇ ਕਾਫ਼ੀ ਮਹੀਨਿਆਂ ਤੋਂ ਸਮੇਂ-ਸਮੇ ਤੇ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਪ੍ਰਮੁੱਖ ਤਬਦੀਲ਼ੀਆਂ ਦਾ ਵੇਰਵਾ ਇਸ ਪ੍ਰਕਾਰ ਹੈ :
- ਮੌਰਿਸਨ ਸਰਕਾਰ ਨੇ 2020-21 ਦੇ ਮਾਈਗ੍ਰੇਸ਼ਨ ਪ੍ਰੋਗਰਾਮ ਲਈ ਯੋਜਨਾਬੱਧ ਹੱਦਬੰਦੀ ਨੂੰ 160,000 ਸਥਾਨਾਂ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਪਰਿਵਾਰਕ ਸਟ੍ਰੀਮ ਵੀਜ਼ਾ' ਨੂੰ ਤਰਜੀਹ ਦੇਂਦਿਆਂ ਇਸ ਸ਼੍ਰੇਣੀ ਵਿੱਚ ਉਪਲੱਬਧ ਸਥਾਨਾਂ ਨੂੰ 47,732 ਤੋਂ ਵਧਾ ਕੇ 77,300 ਸਥਾਨਾਂ 'ਤੇ ਨਿਰਧਾਰਿਤ ਕੀਤਾ ਗਿਆ ਹੈ।
- ਅਕਤੂਬਰ ਵਿੱਚ ਬਜਟ ਘੋਸ਼ਣਾ ਦੇ ਇੱਕ ਹਿੱਸੇ ਵਿੱਚ ਫ਼ੈਡਰਲ ਸਰਕਾਰ ਨੇ ਸੰਕੇਤ ਦਿੱਤਾ ਕਿ ਮੁਲਕ ਦੀ ਮੁੜ ਉਸਾਰੀ ਲਈ ਉਹ ਨਵੀਨਤਾ, ਨਿਵੇਸ਼ ਅਤੇ ਨੌਕਰੀ ਪ੍ਰਦਾਨ ਕਰਣ ਵਾਲ਼ੇ ਪ੍ਰਵਾਸੀਆਂ ਨੂੰ ਪਹਿਲ ਦੇਵੇਗੀ।
- ਗ੍ਰਹਿ ਵਿਭਾਗ ਨੇ 2020-21 ਦੇ ਪ੍ਰੋਗਰਾਮ ਸਾਲ ਦੇ ਬਾਕੀ ਹਿੱਸਿਆਂ ਲਈ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਹੁਨਰਮੰਦ ਵੀਜ਼ਾ ਲਈ ਅੰਤਮ ਸਥਾਨਾਂ ਦੀ ਅਲਾਟਮੇਂਟ ਕਰ ਦਿੱਤੀ ਹੈ ਜਿਸ ਨਾਲ 2021 ਦੇ ਸ਼ੁਰੂ ਵਿੱਚ ਸਕਿਲਡ ਵੀਜ਼ਾ ਨਾਮਜ਼ਦਗੀ ਪ੍ਰੋਗਰਾਮ ਦੁਬਾਰਾ ਖੋਲ੍ਹਣ ਦਾ ਰਾਹ ਪੱਧਰਾ ਹੋ ਗਿਆ ਹੈ।
- ਖ਼ੇਤਰੀ ਇਲਾਕਿਆਂ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਖ਼ਤਮ ਕਰਣ ਉਪਰੰਤ ਹੁਣ ਇੱਥੇ ਰਹਿ ਕੇ ਕੰਮ ਕਰਣ ਲਈ ਆਪਣੇ ਵੀਜ਼ੇ ਨੂੰ ਵਧਾਉਣ ਸੰਬੰਧੀ ਕੁੱਝ ਅਹਿਮ ਤਬਦੀਲੀਆਂ ਦਾ ਐਲਾਨ ਵੀ ਕੀਤਾ ਗਿਆ।
- ਇਸ ਤੋਂ ਇਲਾਵਾ ਕਾਰੋਬਾਰੀ ਪ੍ਰਵਾਸੀਆਂ ਲਈ ਸਖ਼ਤ ਨਿਯਮਾਂ ਦੀ ਘੋਸ਼ਣਾ ਕੀਤੀ ਗਈ ਹੈ। ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਵੀ ਹੁਣ ਸਖ਼ਤ ਬਾਇਓਸਕਯੁਰਿਟੀ ਨਿਯਮਾਂ ਦਾ ਪਾਲਣ ਨਾਂ ਕਰਣ ਤੇ ਗੰਭੀਰ ਨਤੀਜੇ ਭੁਗਤਣੇ ਪੈ ਸੱਕਦੇ ਹਨ ਅਤੇ ਉਨ੍ਹਾਂ ਦਾ ਵੀਜ਼ਾ ਮੌਕੇ ਤੇ ਵੀ ਰੱਦ ਕੀਤਾ ਜਾ ਸੱਕਦਾ ਹੈ ਅਤੇ
- ਪਾਰਟਨਰ ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ 2021 ਦੇ ਅੰਤ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਨਵੀਆਂ ਸ਼ਰਤਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਅਹਿਮ ਤਬਦੀਲੀਆਂ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ