"ਭੈਣ ਦਾ ਸਾਨੂੰ ਵੱਡਾ ਸਹਾਰਾ ਸੀ': ਕਮਲਜੀਤ ਕੌਰ ਸਿੱਧੂ ਦੇ ਪਰਿਵਾਰ ਅਤੇ ਭਾਈਚਾਰੇ ਵੱਲੋਂ ਉਸਨੂੰ ਨਮ ਅੱਖਾਂ ਨਾਲ਼ ਸ਼ਰਧਾਂਜਲੀ

Kamaljeet Sidhu

Kamaljeet Sidhu Source: Supplied/Harman Foundation

ਸਿਡਨੀ ਵਿੱਚ ਹਰਮਨ ਫਾਊਂਡੇਸ਼ਨ ਵੱਲੋਂ ਭਾਈਚਾਰੇ ਦੇ ਸਹਿਯੋਗ ਨਾਲ਼ ਕਮਲਜੀਤ ਕੌਰ ਸਿੱਧੂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਏ ਗਏ ਹਨ। ਪੰਜਾਬ ਵਿੱਚ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਲਾਗਲੇ ਪਿੰਡ ਖਾਈ ਨਾਲ਼ ਸਬੰਧ ਰੱਖਦੀ 27-ਸਾਲਾ ਕਮਲਜੀਤ ਕੌਰ ਨਰਸਿੰਗ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਈ ਸੀ। ਉਸਦੇ ਪਤੀ ਉੱਤੇ ਉਸਦੇ ਕਤਲ ਦੇ ਦੋਸ਼ ਵਿੱਚ ਮੁਕੱਦਮਾ ਚੱਲ ਰਿਹਾ ਹੈ।


ਆਪਣੀ ਵੱਡੀ ਭੈਣ ਨੂੰ ਯਾਦ ਕਰਦਿਆਂ ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਜੇ ਤਿੰਨ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਆਇਆ ਸੀ ਅਤੇ ਉਸਨੂੰ ਆਪਣੀ ਭੈਣ ਦਾ ਵੱਡਾ ਸਹਾਰਾ ਸੀ।

"ਮੇਰੀ ਭੈਣ ਸਾਡੇ ਪਰਿਵਾਰ ਦੀ ਤਾਕਤ ਸੀ, ਸਾਡੇ ਘਰ ਦਾ ਥੰਮ ਸੀ। ਉਹ ਸਾਡੇ ਪੰਜਾਬ ਰਹਿੰਦੇ ਪਰਿਵਾਰ ਨੂੰ ਸੰਭਾਲ ਰਹੀ ਸੀ। ਉਹ ਬੜੇ ਹੀ ਨਿੱਘੇ ਅਤੇ ਨਰਮ ਸੁਬਾਹ ਦੀ ਮਾਲਿਕ ਸੀ," ਉਸਨੇ ਕਿਹਾ।

ਜਸਪ੍ਰੀਤ ਸਿੰਘ ਸਿੱਧੂ ਨੇ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਹਰਮਨ ਫਾਊਂਡੇਸ਼ਨ ਸਮੇਤ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ।

"ਮੈਂ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਭਾਵਨਾਤਮਕ ਅਤੇ ਵਿੱਤੀ ਸਹਾਇਤਾ ਦਿੱਤੀ ਹੈ," ਉਸਨੇ ਕਿਹਾ।
Kamaljeet Sidhu
Community members light candles to pay tribute to Indian student Kamaljeet Sidhu on Sunday. Source: Supplied/Harman Foundation
ਬੀਬੀ ਸਿੱਧੂ, ਜੋ ਸਿਡਨੀ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ, ਦਾ 20 ਮਈ ਨੂੰ ਰਮੋਨਾ ਐਵੀਨਿਊ, ਕ਼ੁਇਕੇਰਜ਼ ਹਿੱਲ ਸਥਿਤ ਉਸਦੇ ਘਰ ਵਿੱਚ ਹੀ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਗਿਆ ਸੀ।

ਸਿਡਨੀ ਵਿੱਚ ਘਰੇਲੂ ਹਿੰਸਾ ਦੇ ਖੇਤਰ ਵਿੱਚ ਸਹਾਇਤਾ ਪ੍ਰਦਾਨ ਕਰਦੀ ਹਰਮਨ ਫਾਊਂਡੇਸ਼ਨ ਵੱਲੋਂ ਭਾਈਚਾਰੇ ਦੇ ਸਹਿਯੋਗ ਨਾਲ਼ ਕਮਲਜੀਤ ਕੌਰ ਸਿੱਧੂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਏ ਗਏ ਹਨ।

ਹਰਮਨ ਫਾਊਂਡੇਸ਼ਨ ਵੱਲੋਂ ਹਰਿੰਦਰ ਕੌਰ ਵਾਲੀਆ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਭਾਰਤੀ ਭਾਈਚਾਰੇ ਵਿੱਚ ਇਸ ਘਟਨਾ ਨੂੰ ਲੈਕੇ ਬਹੁਤ ਅਫ਼ਸੋਸ ਹੈ।

"ਇਹ ਇੱਕ ਬੜੀ ਦਰਦਨਾਕ ਕਹਾਣੀ ਹੈ। ਇਸਦਾ ਅੰਤ ਜਿਸ ਤਰਾਂਹ ਹੋਇਆ ਉਹ ਬਿਆਨ ਕਰਨਾ ਵੀ ਮੁਸ਼ਕਿਲ ਹੈ। ਇਸ ਗੱਲ ਨੂੰ ਲੈਕੇ ਭਾਈਚਾਰੇ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਗੁਰਦਵਾਰਾ ਸਾਹਿਬ ਵਿੱਚ ਅੰਤਿਮ ਅਰਦਾਸ ਕੀਤੀ ਗਈ ਅਤੇ ਇਸ ਐਤਵਾਰ ਇੱਕ ਕੈਂਡਲ ਲਾਈਟ ਵਿਜਿਲ ਵੀ ਰੱਖਿਆ ਗਿਆ।"

ਕੋਵਿਡ-19 ਪਾਬੰਧੀਆਂ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋ ਸਕੇ। ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਲਈ ਔਨਲਾਈਨ ਸਟ੍ਰੀਮਿੰਗ ਦਾ ਪ੍ਰਬੰਧ ਕੀਤਾ ਗਿਆ ਸੀ।
Kamaljeet
Jaspreet Singh (in the centre holding the photo) alongside members of the community during a prayer ceremony on Sunday. Source: Supplied/Harman Foundation
ਬੀਬੀ ਵਾਲੀਆ ਨੇ ਦੱਸਿਆ ਕਿ ਕਮਲਜੀਤ ਕੌਰ ਸਿੱਧੂ ਦੇ ਸੰਸਕਾਰ ਲਈ ਭਾਰਤੀ ਹਾਈ ਕਮਿਸ਼ਨ ਵੱਲੋਂ ਵਿੱਤੀ ਸਹਿਯੋਗ ਦਿੱਤਾ ਗਿਆ ਹੈ।

"ਅਸੀਂ ਭਾਈਚਾਰੇ ਵੱਲੋਂ ਭਾਰਤੀ ਹਾਈ ਕਮਿਸ਼ਨ ਦਾ ਖਾਸ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਸੰਸਕਾਰ ਲਈ ਤਕਰੀਬਨ $7000 ਦੀ ਸਹਾਇਤਾ ਰਾਸ਼ੀ ਦਿੱਤੀ। ਕੁਝ ਸਹਿਯੋਗੀ ਸੱਜਣਾ ਦੀ ਮਦਦ ਨਾਲ਼ ਅਸੀਂ ਵੀ ਇੱਕ ਫੰਡਰੇਜ਼ਰ ਕੀਤਾ ਜਿਸ ਵਿੱਚੋਂ ਇਕੱਠੀ ਕੀਤੀ ਰਾਸ਼ੀ ਮ੍ਰਿਤਕ ਦੇ ਭਰਾ ਨੂੰ ਦਿੱਤੀ ਜਾ ਰਹੀ ਹੈ।“  

ਬੀਬੀ ਵਾਲੀਆ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਆਏ ਪ੍ਰਵਾਸੀ ਪਰਿਵਾਰਾਂ ਨੂੰ, ਖਾਸ ਕਰ ਘਰੇਲੂ ਹਿੰਸਾ ਦੇ ਖੇਤਰ ਵਿੱਚ, ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ।
Kamaljeet Sidhu
27-year-old Kamaljeet Sidhu was found dead at her house in Sydney. Source: Supplied
ਜਸਪ੍ਰੀਤ ਸਿੰਘ ਸਿੱਧੂ ਅਤੇ ਹਰਿੰਦਰ ਕੌਰ ਵਾਲੀਆ ਨਾਲ਼ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।

ਪਰਿਵਾਰਕ ਜਾਂ ਘਰੇਲੂ ਹਿੰਸਾ ਦੁਆਰਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ 1800 737 732 ਉਤੇ ਸੰਪਰਕ ਕਰੋ ਜਾਂ 1800RESPECT.org.au 'ਤੇ ਜਾਓ। ਐਮਰਜੈਂਸੀ ਵਿੱਚ 000 'ਤੇ ਕਾਲ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share