ਸਿਡਨੀ ਦੇ ਇੱਕ ਵਿਅਕਤੀ ਬਲਤੇਜ ਲੈਲਨਾ ਉੱਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਕਮਲਜੀਤ ਸਿੱਧੂ ਨੂੰ ਸਿਡਨੀ ਦੇ ਉੱਤਰ-ਪੱਛਮੀ ਇਲਾਕੇ ਕਵੇਕਰਸ ਹਿੱਲ ਵਿਚ ਅਪਣੇ ਹੀ ਘਰ ਵਿੱਚ ਕਤਲ ਕਰ ਦਿੱਤਾ।
ਸਥਾਨਕ ਪੁਲਿਸ ਸੁਪਰਡੈਂਟ ਜੈਨੀਫਰ ਸੋਲਜ਼ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ਜਦੋਂ ਪੁਲਿਸ ਉਹਨਾਂ ਘਰ ਪਹੁੰਚੀ , ਉਸ ਵੇਲੇ ਸਿੱਧੂ ਜਖ਼ਮਾਂ ਦੀ ਤਾਬ ਨਾ ਝਲਦੀ ਹੋਈ ਜਿਆਦਾ ਖੂਨ ਦੇ ਵਹਾ ਕਾਰਨ ਮਰ ਚੁੱਕੀ ਸੀ।
ਜਿਕਰਯੋਗ ਹੈ ਕਿ ਮ੍ਰਿਤਕ ਦਾ ਭਰਾ ਘਰ ਵਿੱਚ ਉਹਨਾਂ ਨਾਲ ਹੀ ਰਹਿੰਦਾ ਸੀ, ਘਟਨਾ ਵਾਲੇ ਦਿਨ ਸ਼ਾਮ 6.30 ਵਜੇ ਜਦੋ ਘਰ ਆਇਆ ਤਾਂ ਉਸਨੇ ਦੇਖਿਆ ਉਸਦੀ ਭੈਣ ਖੂਨ ਨਾਲ਼ ਲੱਥਪੱਥ ਸੀ।
ਕਤਲ ਦੇ ਦੋਸ਼ ਵਿੱਚ ਪੁਲਿਸ ਵੱਲੋਂ ਲੈਲਨਾ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਸਥਾਨਕ ਪੈਰਾਮਾਟਾ ਅਦਾਲਤ ਵੱਲੋਂ ਉਸ ਉੱਤੇ ਕਤਲ ਦੇ ਇਲਜ਼ਾਮ ਤਹਿਤ ਸ਼ੁੱਕਰਵਾਰ ਨੂੰ ਮੁਕੱਦਮਾ ਸ਼ੁਰੂ ਹੋਇਆ।

Source: AAP
ਉਸਨੂੰ ਸਥਾਨਕ ਅਦਾਲਤ ਵਿਚ ਵੀਡੀਓ ਲਿੰਕ ਦੁਆਰਾ ਪੇਸ਼ ਕੀਤਾ ਗਿਆ ਜਿੱਥੇ ਉਸਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਅਤੇ ਇਸ ਨੂੰ ਰਸਮੀ ਤੌਰ 'ਤੇ ਇਨਕਾਰ ਵੀ ਕਰ ਦਿੱਤਾ ਗਿਆ।
ਇੱਕ ਪੰਜਾਬੀ ਦੁਭਾਸ਼ੀਏ ਦੁਆਰਾ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਉਸ ਨੂੰ ਸੁਣ ਸਕਦਾ ਹੈ ਲੈਲਨਾ ਨੇ ਦੋ ਵਾਰ "ਹਾਂ" ਵਿੱਚ ਜਵਾਬ ਦਿੱਤਾ।
ਉਸ ਦੇ ਵਕੀਲ ਨੇ ਮਾਨਸਿਕ ਸਿਹਤ ਮੁਲਾਂਕਣ ਦੀ ਮੰਗ ਕੀਤੀ, ਪਰ ਮੈਜਿਸਟਰੇਟ ਨੇ ਕਿਹਾ ਕਿ ਉਸ ਕੋਲ ਇਹ ਅਧਿਕਾਰ ਸ਼ਕਤੀ ਨਹੀਂ ਹੈ ਕਿਓਂਕਿ ਕਥਿਤ ਦੋਸ਼ੀ ਸੁਧਾਰਕ ਸੇਵਾਵਾਂ ਦੀ ਦੇਖਭਾਲ ਵਿੱਚ ਹੈ।
“ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਉਸਨੂੰ ਇਹ ਸੇਵਾਵਾਂ ਪ੍ਰਦਾਨ ਕਰਨਗੇ।” ਮੈਜਿਸਟਰੇਟ ਨੇ ਕਿਹਾ।
ਇਸ ਕੇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਪੈਨਰਥ ਸਥਾਨਕ ਅਦਾਲਤ ਵਿੱਚ ਹੋਵੇਗੀ। ਇਸ ਸਬੰਧੀ ਉਸਦੀ ਮੈਂਟਲ ਹੈਲਥ ਰਿਪੋਰਟ ਪੇਸ਼ ਹੋਣ ਦੀ ਵੀ ਸੰਭਾਵਨਾ ਹੈ।
Read this story in English:

Indian woman allegedly stabbed by her husband in Sydney in a suspected domestic violence attack
ਕੁਝ ਮੀਡਿਆ ਰਿਪੋਰਟਸ ਮੁਤਾਬਿਕ ਇਹ ਪਤੀ-ਪਤਨੀ ਦੋ ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਆਏ ਸਨ ਅਤੇ ਉਨ੍ਹਾਂ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ।
ਲੈਲਨਾ ਇਕ ਨਰਸਰੀ ਵਿਚ ਪਾਰਟ-ਟਾਈਮ ਮੁਲਾਜ਼ਮ ਵਜੋਂ ਕੰਮ ਕਰਦਾ ਸੀ ਜਦਕਿ ਕਮਲਜੀਤ ਸਿੱਧੂ ਫੁੱਲ-ਟਾਈਮ ਵਿਦਿਆਰਥਣ ਸੀ।
ਰਣਬੀਰ ਥਿੰਦ ਜਿਹੜਾ ਇਸ ਜੋੜੇ ਦੇ ਘਰ ਤੋਂ ਅਗਲੇ ਬਲਾਕ ਵਿਚ ਰਹਿੰਦਾ ਹੈ, ਨੇ ਕਿਹਾ ਕਿ ਉਹ ਉਨ੍ਹਾਂ ਨੂੰ ਨਿੱਜੀ ਰੂਪ ਵਿਚ ਤਾਂ ਨਹੀਂ ਜਾਣਦਾ ਪਰ ਉਸ ਨੂੰ ਪਤਾ ਹੈ ਕਿ ਇਸ ਇਲਾਕੇ ਵਿਚ ਬਹੁਤ ਸਾਰੇ ਭਾਰਤੀ ਪਰਿਵਾਰ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਭਾਈਚਾਰਾ ਇਸ ਗੱਲ ਨੂੰ ਲੈਕੇ ਕਾਫ਼ੀ ਅਫਸੋਸ-ਜ਼ਦਾ ਹੈ।
ਮਨਦੀਪ ਚੀਮਾ ਜਿਹੜਾ ਨਾਲ ਲਗਦੀ ਗਲੀ ਵਿਚ ਰਹਿੰਦਾ ਹੈ, ਨੇ ਵੀ ਇਸ ਦੁਖਾਂਤ ਵਾਲੀ ਘਟਨਾ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਚੀਮਾ ਨੇ ਕਿਹਾ ਕਿ ਅਸੀਂ ਇਸ ਤੋਂ ਪਹਿਲਾਂ ਇਸ ਇਲਾਕੇ ਵਿਚ ਇਸ ਤਰ੍ਹਾਂ ਦੀ ਕਦੇ ਵੀ ਘਟਨਾ ਨਹੀਂ ਸੁਣੀ। ਇਹ ਬਹੁਤ ਹੀ ਸਦਮੇ ਵਾਲੀ ਘਟਨਾ ਹੈ।
ਇਸ ਦੌਰਾਨ ਘਰੇਲੂ ਹਿੰਸਾ ਬਾਰੇ ਐਡਵੋਕੇਸੀ ਗਰੁੱਪਾਂ ਨੇ ਸਰਕਾਰ ਨੂੰ ਆਰਜ਼ੀ ਪ੍ਰਵਾਸੀਆਂ ਨੂੰ ਘਰੇਲੂ ਹਿੰਸਾ ਮਾਮਲਿਆਂ ਵਿੱਚ ਹੋਰ ਸਹਾਇਤਾ ਦੇਣ ਲਈ ਅਪੀਲ ਕੀਤੀ ਹੈ।
ਗਰੁੱਪਾਂ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਪਰਿਵਾਰ ਕਰੋਨਾਵਾਇਰਸ ਮਹਾਂਮਾਰੀ ਪਾਬੰਦੀਆਂ ਕਾਰਨ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਬ੍ਰਿਸਬੇਨ ਦੀ ਸੋਸ਼ਲ ਵਰਕਰ ਜਤਿੰਦਰ ਕੌਰ ਜੋ ਘਰੇਲੂ ਹਿੰਸਾ ਦੇ ਖੇਤਰ ਵਿਚ ਫਰੰਟਲਾਈਨ ਸਹਾਇਤਾ ਪ੍ਰਦਾਨ ਕਰਦੀ ਹੈ, ਦਾ ਕਹਿਣਾ ਕਿ ਭਾਰਤੀ ਭਾਈਚਾਰੇ ਅੰਦਰ ਪਰਿਵਾਰਕ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਬੀਬੀ ਕੌਰ ਨੇ ਭਾਈਚਾਰੇ ਦੇ ਪ੍ਰਤੀਨਿਧਾਂ ਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਆਏ ਪ੍ਰਵਾਸੀ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ।