ਮੁੱਖ ਬਿੰਦੂ
- 'ਕਲੋਜ਼ਿੰਗ ਦ ਗੈਪ' 2008 ਵਿੱਚ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੁਆਰਾ ਦਰਪੇਸ਼ ਸਿਹਤ ਅਤੇ ਜੀਵਨ ਔਸਤ ਅਸਮਾਨਤਾਵਾਂ ਨੂੰ ਹੱਲ ਕਰਨ ਲਈ ਸ਼ੁਰੂ ਕੀਤਾ ਗਿਆ ਸੀ।
- 2020 ਵਿੱਚ ਰਣਨੀਤੀ ਵਿੱਚ ਸੁਧਾਰ ਕੀਤਾ ਗਿਆ ਤਾਂ ਜੋ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਨਾਲ ਸਾਂਝਾ ਕੀਤਾ ਜਾ ਸਕੇ।
- ਹੁਣ ਤੱਕ ਨਤੀਜਾ ਰਲਿਆ ਮਿਲਿਆ ਰਿਹਾ ਹੈ, ਪੰਜ ਟੀਚੇ ਸਹੀ ਦਿਸ਼ਾ ਵਿੱਚ ਹਨ, ਜਦਕਿ ਕੈਦ ਅਤੇ ਆਤਮ ਹੱਤਿਆ ਦੀ ਦਰ ਵਰਗੇ ਖੇਤਰਾਂ ਦੀ ਸਥਿਤੀ ਬੁਰੀ ਹੁੰਦੀ ਜਾ ਰਹੀ ਹੈ।
- ਇਸ ਵੇਲੇ 19 ਵਿੱਚੋਂ ਸਿਰਫ ਪੰਜ ਟੀਚੇ ਸਹੀ ਦਿਸ਼ਾ ਵਿੱਚ ਹਨ।
ਸ਼ੁਰੂਆਤੀ ਸਾਲ: ਸਮਾਨਤਾ ਦੀ ਮੰਗ
ਇਹ ਸਭ 2005 ਵਿੱਚ ਸ਼ੁਰੂ ਹੋਇਆ ਸੀ, ਜਦੋਂ ਆਦਿਵਾਸੀ ਬਜ਼ੁਰਗ ਪ੍ਰੋਫੈਸਰ ਟੌਮ ਕੈਲਮਾ ਏਓ ਜੋ ਕਿ ਆਫਿਸਰ ਆਫ ਦਿ ਆਰਡਰ ਆਫ ਆਸਟ੍ਰੇਲੀਆ ਹਨ, ਉਨ੍ਹਾਂ ਨੇ ਸਮਾਜਿਕ ਨਿਆਂ ਸਬੰਧੀ ਇੱਕ ਇਤਿਹਾਸਕ ਰਿਪੋਰਟ ਪੇਸ਼ ਕੀਤੀ ਸੀ।
ਇਸ ਰਿਪੋਰਟ ਵਿੱਚ ਉਨ੍ਹਾਂ ਨੇ 25 ਸਾਲਾਂ ਦੀ ਇੱਕ ਪੀੜੀ ਅੰਦਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਸਿਹਤ ਸਮਾਨਤਾ ਦੀ ਮੰਗ ਕੀਤੀ ਹੈ।
ਉਨ੍ਹਾਂ ਦੀ ਰਿਪੋਰਟ ਨੇ ਜਨਤਾ ਦੇ ਸਮਰਥਨ ਦੀ ਲਹਿਰ ਪੈਦਾ ਕਰ ਦਿੱਤੀ। 2007 ਤੱਕ ਨਾਮਵਰ ਓਲੰਪੀਅਨ ਕੈਥੀ ਫਰੀਮੈਨ ਅਤੇ ਇਆਨ ਥੋਰਪ ਇੱਕ ਨਵੀਂ ਮੁਹਿੰਮ ਵਿੱਚ ਸ਼ਾਮਿਲ ਹੋ ਗਏ ਸਨ।
'ਕਲੋਜ਼ਿੰਗ ਦਿ ਗੈਪ' ਦੀ ਪਹਿਲੀ ਰਣਨੀਤੀ
ਸਾਲ 2008 ਵਿੱਚ, ਪ੍ਰਧਾਨ ਮੰਤਰੀ ਕੇਵਿਨ ਰੱਡ ਨੇ ‘ਕਲੋਜ਼ਿੰਗ ਦ ਗੈਪ’ ਰਣਨੀਤੀ ਨੂੰ ਅਧਿਕਾਰਕ ਬਣਾ ਦਿੱਤਾ ਸੀ। ਉਸੇ ਸਾਲ ਉਨ੍ਹਾਂ ਨੇ ‘ਸਟੋਲਨ ਜਨਰੇਸ਼ਨਜ਼’ ਦੇ ਲਈ ਰਾਸ਼ਟਰੀ ਪੱਧਰ ਉਤੇ ਮਾਫੀ ਵੀ ਦਿੱਤੀ ਸੀ।
‘ਕਲੋਜ਼ਿੰਗ ਦ ਗੈਪ’ ਰਣਨੀਤੀ ਮੂਲ ਤੌਰ ’ਤੇ ਸੱਤ ਪ੍ਰਮੁੱਖ ਖੇਤਰਾਂ ਉੱਤੇ ਕੇਂਦਰਿਤ ਸੀ- ਜੀਵਨ ਔਸਤ, ਬਾਲ ਮੌਤ ਦਰ, ਸਿੱਖਿਆ ਅਤੇ ਰੁਜ਼ਗਾਰ ਵਰਗੀਆਂ ਚੀਜ਼ਾਂ। ਉਮੀਦ ਸੀ ਕਿ 10 ਸਾਲਾਂ ਦੇ ਅੰਦਰ ਲੋੜੀਂਦੇ ਸੁਧਾਰ ਦੇਖਣ ਨੂੰ ਮਿਲਣਗੇ।
ਉਦੋਂ ਤੋਂ ਲੈ ਕੇ ਹਰੇਕ ਸਾਲ, ਉਸ ਦਿਨ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਜੋ ਬਿਆਨ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਅੱਗੇ ਵੱਲ ਵੱਧ ਰਹੇ ਹਾਂ।
2019 ਵਿੱਚ, ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜ ਕਾਲ ਦੌਰਾਨ, ਸਕਾਟ ਮੌਰਿਸਨ ਨੇ ‘ਕਲੋਜ਼ਿੰਗ ਦ ਗੈਪ’ ਦੇ 12 ਸਾਲਾਂ ਬਾਰੇ ਕਿਹਾ ਸੀ;
“ਇਹ ਉਮੀਦ, ਨਿਰਾਸ਼ਾ ਅਤੇ ਇਹਨਾਂ ਨਾਲ ਮਿਲਦੀ ਜੁਲਦੀ ਕਹਾਣੀ ਹੈ - ਚੰਗੇ ਇਰਾਦਿਆਂ ਦੀ ਕਹਾਣੀ ਅਤੇ, ਅਸਲ ਵਿੱਚ, ਚੰਗੇ ਵਿਸ਼ਵਾਸ ਦੀ ਕਹਾਣੀ . ਪਰ ਨਤੀਜੇ ਕਾਫ਼ੀ ਚੰਗੇ ਨਹੀਂ ਹਨ. ਇਹ ਅਫ਼ਸੋਸ ਦੀ ਗੱਲ ਹੈ ਕਿ ਇਹ ਅਜੇ ਵੀ ਸੱਚ ਹੈ... ਅਸੀਂ ਸੋਚਣ ਦੇ ਇੱਕ ਜੁੜੇ ਤਰੀਕੇ ਨੂੰ ਕਾਇਮ ਰੱਖਿਆ ਹੈ... ਅਤੇ ਇਹ ਉਹ ਤਬਦੀਲੀ ਹੈ ਜੋ ਅਸੀਂ ਹੁਣ ਇਸ ਪ੍ਰਕਿਰਿਆ ਦੁਆਰਾ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨਾਲ ਮਿਲ ਕੇ ਕਰ ਰਹੇ ਹਾਂ।”

ਸਕੌਟ ਮੌਰਿਸਨ ‘ਕਲੋਜ਼ਿੰਗ ਦਿ ਗੈਪ’ ਪ੍ਰੈਸ ਕਾਨਫਰੰਸ ਦੌਰਾਨ। Credit: AAPIMAGE
ਰਣਨੀਤੀ ਵਿੱਚ ਵੱਡਾ ਬਦਲਾਅ
ਕਾਬਲੇ ਗੌਰ ਹੈ ਕਿ 2019 ਵਿੱਚ ਮੂਲ ਰਣਨੀਤੀ ਸ਼ੁਰੂ ਹੋਈ ਨੂੰ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਉਦੋਂ ਤੱਕ ਇਹ ਸਪੱਸ਼ਟ ਹੋ ਚੁੱਕਾ ਸੀ ਕਿ ਚੀਜ਼ਾਂ ਕੰਮ ਨਹੀਂ ਕਰ ਰਹੀਆਂ ਸਨ। ਮੂਲ ਟੀਚਿਆਂ ਵਿਚੋਂ ਸਿਰਫ ਦੋ ਹੀ ਸਹੀ ਦਿਸ਼ਾ ਵਿੱਚ ਸਨ ਅਤੇ ਜੀਵਨ ਔਸਤ ਦਾ ਫਰਕ ਫਿਰ ਤੋਂ ਵੱਧ ਲੱਗ ਗਿਆ ਸੀ।
ਇਸ ਪਲ ਨੇ ਇੱਕ ਮਹੱਤਵਪੂਰਨ ਮੋੜ ਲਿਆ।
ਰਣਨੀਤੀ ਵਿੱਚ ਸੁਧਾਰ ਕੀਤਾ ਗਿਆ ਅਤੇ ਇਸ ਦਾ ਨਾਮ ਬਦਲ ਕੇ 'ਨੈਸ਼ਨਲ ਐਗਰੀਮੈਂਟ ਆਨ ਕਲੋਜ਼ਿੰਗ ਦਾ ਗੈਪ' ਕਰ ਦਿੱਤਾ ਗਿਆ।
ਨਵੇਂ ਸਮਝੌਤੇ ਵਿੱਚ ਸਾਲ 2031 ਤੱਕ 19 ਵਿਸ਼ੇਸ਼ ਟੀਚੇ ਨਿਰਧਾਰਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ :
• ਬੱਚਿਆਂ ਦੇ ਸਿਹਤਮੰਦ ਅਤੇ ਸਰੀਰਕ ਤੌਰ ਤੇ ਮਜ਼ਬੂਤ ਜਨਮ
• ਵਿਦਿਆਰਥੀਆਂ ਵੱਲੋਂ ਸਿੱਖਣ ਦੀ ਪੂਰੀ ਸਮਰੱਥਾ ਹਾਸਿਲ ਕਰਨ
• ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਨੌਜਵਾਨਾਂ ਦੀ ਘੱਟ ਸ਼ਮੂਲੀਅਤ ਦਾ ਜ਼ਿਕਰ ਹੈ।
ਇਹ ਇੱਕ ਵਿਆਪਕ, ਵਧੇਰੇ ਸੰਪੂਰਨ ਦ੍ਰਿਸ਼ਟੀਕੋਣ ਹੈ- ਜੋ ਨਾ ਸਿਰਫ ਸਿਹਤ ਉੱਤੇ ਬਲਕਿ ਰਿਹਾਇਸ਼, ਨਿਆਂ, ਸੱਭਿਆਚਾਰਾਂ ਅਤੇ ਆਰਥਿਕ ਭਾਗੀਦਾਰੀ ਉੱਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।

ਗੱਠਜੋੜ ਆਫ਼ ਪੀਕਸ ਦੇ ਲੀਡ ਕੰਵੀਨਰ ਪੈਟ ਟਰਨਰ ਨੇ ਕੈਨਬਰਾ ਦੇ ਸੰਸਦ ਸਦਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕੀਤੀ। Source: AAP / LUKAS COCH/AAPIMAGE
ਤਾਂ ਫਿਰ ਅਸੀਂ ਅੱਜ ਕਿੱਥੇ ਖੜ੍ਹੇ ਹਾਂ?
ਟੌਮ ਕੈਲਮਾ ਵਲੋਂ ਚੁੱਕੀ ਗਈ ਬਦਲਾਅ ਵਾਲੀ ਮੰਗ ਬਾਰੇ ਲਗਭਗ ਇੱਕ ਪੀੜੀ ਦਾ ਸਮਾਂ ਗੁਜ਼ਰ ਗਿਆ ਹੈ। ਉਸ ਵੇਲੇ ਸਵਦੇਸ਼ੀ ਅਤੇ ਗੈਰ ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਵਿਚਕਾਰ ਜੀਵਨ ਔਸਤ ਦਾ ਅੰਤਰ 11 ਸਾਲ ਸੀ। ਜੋ ਅੱਜ ਕਰੀਬ 8 ਸਾਲ ਹੈ। ਪਰ ਚਿੰਤਾ ਦੀ ਗੱਲ ਹੈ ਕਿ, ਇਹ ਰੁਝਾਨ ਇੱਕ ਵਾਰ ਫਿਰ ਗਲਤ ਦਿਸ਼ਾ ਵਿੱਚ ਵੱਧ ਰਿਹਾ ਹੈ।
ਦੇ ਅਨੁਸਾਰ, ਕੁਝ ਤਰੱਕੀ ਹੋਈ ਹੈ ਅਤੇ 19 ਵਿੱਚੋਂ 11 ਟੀਚਿਆਂ ਵਿੱਚ ਸੁਧਾਰ ਹੋਇਆ ਹੈ ਪਰ ਇਸ ਵੇਲੇ ਸਿਰਫ ਪੰਜ ਹੀ ਸਹੀ ਦਿਸ਼ਾ ਵਿੱਚ ਹਨ।
ਕੁਝ ਉਤਸ਼ਾਹ ਜਨਕ ਸੰਕੇਤ ਹਨ ਕਿ ਵਧੇਰੇ ਬੱਚੇ ਸਿਹਤਮੰਦ ਵਜ਼ਨ 'ਤੇ ਪੈਦਾ ਹੋ ਰਹੇ ਹਨ, ਅਤੇ ਵਧੇਰੇ ਨੌਜਵਾਨ 12ਵੀਂ ਜਮਾਤ ਜਾਂ ਇਸਦੇ ਬਰਾਬਰ ਦੀ ਯੋਗਤਾ ਪੂਰੀ ਕਰ ਰਹੇ ਹਨ ਪਰ ਖ਼ੁਦਕੁਸ਼ੀ ਦਰ ਅਤੇ ਬਾਲਗ ਕੈਦ ਵਰਗੇ ਖੇਤਰ ਪਿੱਛੇ ਵੱਲ ਜਾ ਰਹੇ ਹਨ।
ਕੋਲੀਸ਼ਨ ਆਫ਼ ਪੀਕਸ ਤੋਂ ਪੈਟ ਟਰਨਰ ਕਹਿੰਦਾ ਹੈ, “ਸਾਨੂੰ ਇਸ 'ਤੇ ਡਟੇ ਰਹਿਣ ਦੀ ਜ਼ਰੂਰਤ ਹੈ 'ਕਲੋਜ਼ਿੰਗ ਦ ਗੈਪ' ਅੰਕੜਿਆਂ ਬਾਰੇ ਨਹੀਂ ਹੈ। ਇਹ ਅਸਲ ਜ਼ਿੰਦਗੀ ਅਤੇ ਮਜ਼ਬੂਤ ਪਰਿਵਾਰਾਂ ਅਤੇ ਚਮਕਦਾਰ ਭਵਿੱਖ ਬਾਰੇ ਹੈ। ਇਹ ਭਰੋਸਾ ਦਿਵਾਉਣ ਬਾਰੇ ਹੈ ਕਿ ਸਾਡੇ ਬੱਚੇ ਸਿਹਤਮੰਦ ਅਤੇ ਮਾਣ ਵਾਲੇ ਅਤੇ ਉਨ੍ਹਾਂ ਦੇ ਸਭਿਆਚਾਰ ਨਾਲ ਜੁੜੇ ਹੋਏ ਜਵਾਨ ਹੁੰਦੇ ਹਨ।”
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ? ਸਾਨੂੰ [email protected] ਤੇ ਇੱਕ ਈਮੇਲ ਭੇਜੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।