ਘਰੇਲੂ ਹਿੰਸਾ ਸਬੰਧੀ ਵੱਡੀ ਕਾਰਵਾਈ ਤਹਿਤ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਰਫ 4 ਦਿਨਾਂ 'ਚ ਕੀਤੀਆਂ ਲਗਭੱਗ 600 ਗ੍ਰਿਫਤਾਰੀਆਂ

police nsw.png

A major NSW Police operation has resulted in 1107 domestic violence charges being laid against 592 people. Credit: SBS News

ਘਰੇਲੂ ਹਿੰਸਾ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਦੇ ਜਵਾਬ ਵਜੋਂ ਨਿਊ ਸਾਊਥ ਵੇਲਜ਼ ਪੁਲਿਸ ਨੇ 'ਐਮਾਰੋਕ' ਨਾਮਕ ਚਾਰ ਦਿਨਾਂ ਦੀ ਕਾਰਵਾਈ ਕਰਦੇ ਹੋਏ ਘਰੇਲੂ ਹਿੰਸਾ ਦੇ ਅਪਰਾਧਾਂ ਲਈ 592 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅੰਕੜਿਆਂ ਮੁਤਾਬਿਕ ਅਸਥਾਈ ਵੀਜ਼ਾ ਧਾਰਕਾਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਉੱਚ ਪੱਧਰ ਸਾਹਮਣੇ ਆਉਂਦੇ ਹਨ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...


ਆਸਟ੍ਰੇਲੀਆ ਵਿੱਚ ਪਰਿਵਾਰਕ ਹਿੰਸਾ ਲਈ ਪਿਛਲਾ ਹਫਤਾ ਕਾਫੀ ਭਿਆਨਕ ਰਿਹਾ ਹੈ। ਦੇਸ਼ ਭਰ ਵਿੱਚ ਪਿਛਲੇ ਦਸ ਦਿਨਾਂ ਵਿਚ ਪੰਜ ਔਰਤਾਂ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਾਰ ਦਿੱਤਾ ਗਿਆ।

ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਕੈਰਨ ਵੈਬ ਨੇ ਇਸ ਮੁੱਦੇ ਨੂੰ 'ਘਰੇਲੂ ਹਿੰਸਾ ਦੀ ਮਹਾਂਮਾਰੀ' ਦਾ ਲੇਬਲ ਦਿੱਤਾ ਹੈ - ਉਨ੍ਹਾਂ ਕਿਹਾ ਕਿ ਰਾਜ ਵਿੱਚ ਪੁਲਿਸ ਨੇ ਪਿਛਲੇ 12 ਮਹੀਨਿਆਂ ਦੌਰਾਨ ਇੱਕ ਦਿਨ ਵਿੱਚ ਲਗਭਗ 400 ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਉੱਤੇ ਕਾਰਵਾਈ ਕੀਤੀ ਹੈ।

ਘਰੇਲੂ ਹਿੰਸਾ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਦੇ ਜਵਾਬ ਵਜੋਂ ਨਿਊ ਸਾਊਥ ਵੇਲਜ਼ ਪੁਲਿਸ ਨੇ ਹਾਲ ਹੀ ਵਿੱਚ 'ਐਮਾਰੋਕ' ਨਾਮਕ ਚਾਰ ਦਿਨਾਂ ਦੀ ਕਾਰਵਾਈ ਦੌਰਾਨ ਘਰੇਲੂ ਹਿੰਸਾ ਦੇ ਅਪਰਾਧਾਂ ਲਈ 592 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਨਿਊ ਸਾਊਥ ਵੇਲਜ਼ ਪੁਲਿਸ ਦੇ ਡਿਪਟੀ ਕਮਿਸ਼ਨਰ ਮੈਲ ਲੈਨੀਅਨ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਇੱਕ ਅਜਿਹਾ ਅਪਰਾਧ ਹੈ ਜੋ ਚੁੱਪਚਾਪ ਵਾਪਰਦਾ ਹੈ ਅਤੇ ਇਸ ਕਿਸਮ ਦੇ ਅਪਰਾਧ ਨਾਲ ਨਜਿੱਠਣ ਵਿੱਚ ਰਿਪੋਰਟਿੰਗ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਇਸ ਸਾਲ ਹੁਣ ਤੱਕ ਘਰੇਲੂ ਅਤੇ ਪਰਿਵਾਰਕ ਹਿੰਸਾ ਨਾਲ 32 ਔਰਤਾਂ ਦੀ ਮੌਤ ਹੋ ਚੁੱਕੀ ਹੈ।

ਮੋਨਾਸ਼ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਐਂਡ ਇਨਕਲੂਜ਼ਨ ਸੈਂਟਰ ਤੋਂ 2021 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਇੱਕ ਤਿਹਾਈ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੇ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ।

ਮੈਲਬੌਰਨ ਅਧਾਰਿਤ ਵਕੀਲ ਮੈਨੀ ਕੌਰ ਵਰਮਾ ਘਰੇਲੂ ਹਿੰਸਾ ਖੇਤਰ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਭਾਈਚਾਰੇ ਬਾਬਤ ਇਸ ਸਬੰਧੀ ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਮੈਨੀ ਵਰਮਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਘਰੇਲੂ ਹਿੰਸਾ ਖਿਲਾਫ ਲੜਦੀਆਂ ਭਾਰਤੀ ਮੂਲ ਦੀਆਂ ਔਰਤਾਂ ਨੂੰ ਅਕਸਰ ਕਿਸੇ ਕਾਨੂੰਨੀ ਮਾਹਰ ਤੋਂ ਬਗੈਰ ਹੀ ਅਦਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਿਊਰੋ ਆਫ਼ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆਈ ਔਰਤਾਂ, ਮਰਦਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਘਰੇਲੂ ਹਿੰਸਾ ਦਾ ਅਨੁਭਵ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਇੱਕ ਦਿਨ ਵਿੱਚ ਲਗਭਗ 10 ਔਰਤਾਂ ਆਪਣੇ ਸਾਥੀ ਹੱਥੋਂ ਖਾਧੀਆਂ ਸੱਟਾਂ ਲਈ ਹਸਪਤਾਲ ਵਿੱਚ ਦਾਖਲ ਹੁੰਦੀਆਂ ਹਨ। ਘਰੇਲੂ ਅਤੇ ਪਰਿਵਾਰਕ ਹਿੰਸਾ ਪੁਲਿਸ ਦੇ ਸਾਰੇ ਕੇਸਾਂ ਦਾ 60 ਪ੍ਰਤੀਸ਼ਤ ਹਿੱਸਾ ਬਣਦੀ ਹੈ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਜਾਂ ਘਰੇਲੂ ਹਿੰਸਾ ਬਾਰੇ ਗੱਲ ਕਰਨਾ ਚਾਹੁੰਦਾ ਹੈ, ਤਾਂ 1800RESPECT ਨੂੰ 1800 737 732 'ਤੇ ਕਾਲ ਕਰੋ ਜਾਂ ਲਾਈਫਲਾਈਨ ਨੂੰ 13 11 14 'ਤੇ ਕਾਲ ਕਰੋ। ਕਿਸੇ ਐਮਰਜੈਂਸੀ ਵਿੱਚ, 000 'ਤੇ ਕਾਲ ਕਰੋ।

ਵਿਸਥਾਰਿਤ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...
LISTEN TO
punjabi_18july_ExplainerDomesticviolence.mp3 image

ਘਰੇਲੂ ਹਿੰਸਾ ਸਬੰਧੀ ਵੱਡੀ ਕਾਰਵਾਈ ਤਹਿਤ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਰਫ 4 ਦਿਨਾਂ 'ਚ ਕੀਤੀਆਂ ਲਗਭੱਗ 600 ਗ੍ਰਿਫਤਾਰੀਆਂ

SBS Punjabi

18/07/202307:08

Share