ਆਰ.ਬੀ.ਏ ਵੱਲੋਂ ਵਿਆਜ਼ ਦਰਾਂ ਵਿੱਚ 0.50 ਆਧਾਰ ਅੰਕ ਦਾ ਵਾਧਾ ਕੀਤੇ ਜਾਣ ਤੋਂ ਬਾਅਦ ਮਹਿੰਗਾਈ ਦੀ ਮਾਰ ਝੱਲ ਰਹੇ ਪ੍ਰਾਪਰਟੀ-ਮਾਲਕਾਂ ਦੀ ਪ੍ਰੇਸ਼ਾਨੀ ਹੋਰ ਵੀ ਵੱਧ ਗਈ ਹੈ।
ਐਸ ਬੀ ਐਸ ਪੰਜਾਬੀ ਵੱਲੋਂ ਇੱਕ ਅਜਿਹੇ ਹੀ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਜੋ ਇਸ ਵਾਧੇ ਕਾਰਨ ਸੰਘਰਸ਼ ਕਰ ਰਿਹਾ ਹੈ।
ਮੈਲਬੌਰਨ ਦੇ ਅੰਮ੍ਰਿਤ ਭੰਗਲ ਦੋ ਬੱਚਿਆਂ ਦੇ ਪਿਤਾ ਹਨ ਅਤੇ ਉਨ੍ਹਾਂ ਨੇ 2017 ਵਿੱਚ ਆਪਣਾ ਘਰ ਖਰੀਦਿਆ ਸੀ।
ਕੋਵਿਡ-ਕਾਲ ਤੋਂ ਪਹਿਲਾਂ ਉਨ੍ਹਾਂ ਦੇ ਘਰ ਦਾ ਬਜਟ ਬਿਲਕੁੱਲ ਠੀਕ ਚੱਲ ਰਿਹਾ ਸੀ ਪਰ ਉਸਤੋਂ ਬਾਅਦ ਮਹਿੰਗਾਈ ਅਤੇ ਮੌਰਟਗੇਜ ਵੱਧਣ ਕਾਰਨ ਉਹ ਪਰੇਸ਼ਾਨ ਹਨ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵਿਆਜ਼ ਦਰਾਂ ‘ਚ ਇੰਝ ਹੀ ਵਾਧਾ ਹੁੰਦਾ ਰਿਹਾ ਤਾਂ ਉਹ ਗੁਜ਼ਾਰਾ ਕਿਵੇਂ ਕਰਨਗੇ।
ਅੰਮ੍ਰਿਤ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦਾ ਪਰਿਵਾਰ ਇੱਕੋ ਕਮਾਈ ‘ਤੇ ਨਿਰਭਰ ਹੈ ਅਤੇ ਅਜਿਹੇ ਵਿੱਚ ਉਨ੍ਹਾਂ ਨੂੰ ਆਪਣੀ ਸਾਢੇ ਤਿੰਨ ਸਾਲ ਦੀ ਬੇਟੀ ਦਾ ਚਾਈਲਡਕੇਅਰ ਇੱਕ ਦਿਨ ਲਈ ਘਟਾਉਣਾ ਪਿਆ ਹੈ।
ਦੱਸ ਦਈਏ ਕਿ ਆਰ.ਬੀ.ਏ ਵੱਲੋਂ ਇਹ ਇਸ ਸਾਲ ਦਾ ਦੂਜਾ ਵਾਧਾ ਹੈ ਅਤੇ ਪਿਛਲੇ ਦੋ ਦਹਾਕਿਆਂ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ। ਕੁੱਲ ਮਿਲਾ ਕੇ ਵਿਆਜ਼ ਦਰਾਂ ਵਿੱਚ 0.85 ਆਧਾਰ ਅੰਕ ਦਾ ਵਾਧਾ ਹੋਇਆ ਹੈ।
ਅੰਮ੍ਰਿਤ ਪਿੱਛਲੇ 16 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਿਹ ਰਹੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇੰਨ੍ਹੇ ਸਮੇਂ ਦੌਰਾਨ ਉਨ੍ਹਾਂ ਵਿਆਜ਼ ਦਰਾਂ ‘ਚ ਇੰਨ੍ਹਾਂ ਵਾਧਾ ਅਤੇ ਮਹਿੰਗਾਈ ਪਹਿਲਾਂ ਕਦੇ ਨਹੀਂ ਦੇਖੀ।
ਜਿਥੇ ਅੰਮ੍ਰਿਤ ਭੰਗਲ ਇਸ ਮਹਿੰਗਾਈ ਅਤੇ ਵਿਆਜ਼ ਦਰਾਂ ਦੇ ਵਾਧੇ ਤੋਂ ਕਾਫੀ ਪਰੇਸ਼ਾਨ ਹਨ, ਉਥੇ ਹੀ ਦੂਜੇ ਪਾਸੇ ਕੁੱਝ ਲੋਕਾਂ ਲਈ ਇਸ ਵਿੱਚ ਰਾਹਤ ਦੀ ਖ਼ਬਰ ਵੀ ਹੈ।
ਬਰੋਕਰ ਮਨਿੰਦਰ ਕੌਰ ਪਿਛਲੇ 10 ਸਾਲਾਂ ਤੋਂ ਲੋਨ ਫਾਇਨੈਂਸਿੰਗ ਦੇ ਪੇਸ਼ੇ ਵਿੱਚ ਹਨ।
Maninder Kaur is a Mortgage Expert Source: Supplied
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮਨਿੰਦਰ ਕੌਰ ਨੇ ਦੱਸਿਆ ਕਿ ਇਸ ਵਾਧੇ ਦੇ ਨਵੇਂ ਘਰ ਮਾਲਕਾਂ ਲਈ ਜਾਂ ਨਵੀਂ ਪ੍ਰਾਪਰਟੀ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਕੀ ਮਾਇਨੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਆਜ਼ ਦਰਾਂ ਵੱਧਣ ਨਾਲ ਪ੍ਰਾਪਰਟੀ ਦੇ ਰੇਟਾਂ ਵਿੱਚ ਵੀ ਕੁੱਝ ਕਮੀ ਆਈ ਹੈ ਜਿਸ ਨਾਲ ਨਵਾਂ ਘਰ ਖਰੀਦਣ ਦੀ ਸੋਚਣ ਵਾਲਿਆਂ ਨੂੰ ਕੁੱਝ ਰਾਹਤ ਮਿਲੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਧੇ ਨਾਲ ਮੌਰਟਗੇਜ ਦਰਾਂ ਵਿੱਚ ਕਿੰਨਾਂ ਕੁ ਫ਼ਰਕ ਆਇਆ ਹੈ ਅਤੇ ਨਵੀਂ ਪ੍ਰਾਪਰਟੀ ਖਰੀਦਣ ਵਾਲੇ ਕਿੰਨ੍ਹਾਂ ਗੱਲਾਂ ਦਾ ਧਿਆਨ ਰੱਖਣ।
ਵਿਸਥਾਰਿਤ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ:
LISTEN TO
ਵਿਆਜ਼ ਦਰਾਂ ‘ਚ ਵਾਧੇ ਕਾਰਨ ਲੋਕ ਪਰੇਸ਼ਾਨ, ਜਾਣੋਂ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਉੱਤੇ ਕੀ ਹੋਵੇਗਾ ਇਸਦਾ ਅਸਰ
SBS Punjabi
17/06/202214:53