ਗ੍ਰਹਿ ਵਿਭਾਗ ਨਾਲ ਸੰਪਰਕ ਪਿਆ ਮਹਿੰਗਾ, ਭਾਰਤੀ ਆਰਜ਼ੀ ਪ੍ਰਵਾਸੀ ਦਾ ਵੀਜ਼ਾ ਹੋਇਆ ਰੱਦ

Temp visa holder

Indian migrant stripped of his Australian visa is now looking to migrate to Canada. Source: Supplied by Akshdeep Singh

ਆਸਟ੍ਰੇਲੀਆ ਵਾਪਸ ਨਾ ਪਰਤ ਸਕਣ ਤੋਂ ਨਿਰਾਸ਼ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਅਕਾਸ਼ਦੀਪ ਸਿੰਘ ਨੇ ਗ੍ਰਹਿ ਵਿਭਾਗ ਨੂੰ ਈਮੇਲ ਰਾਹੀਂ ਆਪਣਾ ਵੀਜ਼ਾ ਵਧਾਉਣ ਦੀ ਦਰਖ਼ਾਸਤ ਕੀਤੀ; ਗ੍ਰਹਿ ਵਿਭਾਗ ਨੇ ਉਸਦਾ ਵੀਜ਼ਾ ਕੀਤਾ ਰੱਦ।


ਅਕਾਸ਼ਦੀਪ ਸਿੰਘ ਫਰਵਰੀ 2020 ਵਿੱਚ ਪੋਸਟ-ਸਟੱਡੀ ਵਰਕ ਸਟ੍ਰੀਮ ਦੇ ਅਧੀਨ ਆਪਣਾ ਸਕਿਲਡ ਗ੍ਰੈਜੂਏਟ ਵੀਜ਼ਾ ਪ੍ਰਾਪਤ ਕਰਨ ਦੇ ਕੁਝ ਦਿਨਾਂ ਬਾਅਦ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਗਏ ਸੀ ਪਰ ਸਰਹਦਾਂ ਬੰਦ ਹੋਣ ਕਰਕੇ ਹਜ਼ਾਰਾਂ ਹੋਰ ਅਸਥਾਈ ਗ੍ਰੈਜੂਏਟਾਂ ਦੀ ਤਰ੍ਹਾਂ ਆਸਟ੍ਰੇਲੀਆ ਵਾਪਸ ਨਹੀਂ ਪਰਤ ਸਕੇ।

ਹਲਾਤਾਂ ਤੋਂ ਪ੍ਰੇਸ਼ਾਨ ਆਕਾਸ਼ਦੀਪ ਨੇ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ (ਡੀ ਓ ਐਚ ਏ) ਨੂੰ ਚਿੱਠੀ ਲਿਖ ਕੇ ਆਪਣੇ ਪੋਸਟ-ਸਟੱਡੀ ਵਰਕ ਵੀਜ਼ੇ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਪਰ ਜਦੋਂ ਵਿਭਾਗ ਤੋਂ ਕੋਈ ਜਵਾਬ ਨਹੀਂ ਮਿਲਿਆ ਤਾਂ 29 ਅਪ੍ਰੈਲ ਨੂੰ ਉਸਨੇ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਨੂੰ ਇੱਕ ਈਮੇਲ ਰਾਹੀਂ ਆਪਣੇ ਵੀਜ਼ੇ ਨੂੰ ਵਧਾਉਣ ਦੀ ਮੰਗ ਕੀਤੀ।

ਇਸ ਦੇ ਜਵਾਬ ਵਿੱਚ ਵਿਭਾਗ ਦੇ ਅਧਿਕਾਰੀ ਨੇ ਲਿਖਿਆ ਕਿ ਉਹ ਸਬਕਲਾਸ 485 ਵੀਜ਼ਾ ਧਾਰਕਾਂ ਲਈ ਵੀਜ਼ਾ ਵਧਾਉਣ ਬਾਰੇ ਫ਼ਿਲਹਾਲ ਵਿਚਾਰ ਨਹੀਂ ਕਰ ਰਹੇ।

ਆਪਣੀ ਵੀਜ਼ਾ ਮਿਆਦ ਖ਼ਤਮ ਹੁੰਦੀ ਵੇਖ ਕੇ ਬੇਚੈਨ ਹੋਏ ਅਕਾਸ਼ਦੀਪ ਨੇ ਮੁੜ ਵਿਭਾਗ ਨੂੰ ਵਾਪਸ ਲਿਖਿਆ ਕਿ ਜੇ ਉਹ ਵੀਜ਼ਾ ਵਧਾ ਜਾਂ ਫ੍ਰੀਜ਼ ਨਹੀਂ ਕਰ ਸਕਦੇ ਤਾਂ ਉਹ ਵੀਜ਼ਾ ਰੱਦ ਵੀ ਕਰ ਦੇਣ ਤਾਂ ਕੋਈ ਫ਼ਰਕ ਨਹੀਂ ਹੋਵੇਗਾ ਕਿਓਂਕਿ ਵੀਜ਼ਾ ਖ਼ਤਮ ਹੋਣ ਉੱਤੇ ਇਹ ਆਪਣੇ-ਆਪ ਹੀ ਰੱਦ ਹੋ ਜਾਵੇਗਾ।

ਇਸਦੇ ਜਵਾਬ ਵਿੱਚ ਉਸਨੂੰ ਪਹਿਲਾਂ 5 ਅਗਸਤ ਨੂੰ ਡੀ ਓ ਐਚ ਏ ਤੋਂ ਇੱਕ ਨੋਟਿਸ ਮਿਲਿਆ ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਉਸਨੇ ਆਪਣਾ ਵੀਜ਼ਾ ਸਵੈ-ਇੱਛਤ ਤੌਰ ਉੱਤੇ ਰੱਦ ਕਰਨ ਦੀ ਬੇਨਤੀ ਕੀਤੀ ਹੈ।

ਇੱਕ ਹਫ਼ਤੇ ਬਾਅਦ ਉਸਨੂੰ ਵਿਭਾਗ ਵੱਲੋਂ ਇੱਕ ਹੋਰ ਨੋਟਿਸ ਮਿਲਿਆ ਜਿਸ ਵਿੱਚ ਉਸਨੂੰ ਦੱਸਿਆ ਗਿਆ ਕਿ ਉਸਦਾ ਵੀਜ਼ਾ 12 ਅਗਸਤ ਨੂੰ ਮਾਈਗ੍ਰੇਸ਼ਨ ਐਕਟ ਦੀ ਧਾਰਾ 128 ਦੇ ਤਹਿਤ ਬਿਨਾਂ ਨੋਟਿਸ ਦੇ ਰੱਦ ਕਰ ਦਿੱਤਾ ਗਿਆ ਹੈ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share