ਸੁਰਜੀਤ ਪਾਂਗਲੀ ਪਿਛਲੇ 33-ਸਾਲ ਤੋਂ ਯਾਰਾ-ਟਰੈਮ ਮੈਲਬੌਰਨ ਲਈ ਇੱਕ ਡਰਾਈਵਰ ਵਜੋਂ ਕੰਮ ਕਰ ਰਹੇ ਹਨ।
ਪਰ ਇਸਦੇ ਨਾਲ਼ ਉਹਨਾਂ ਨੂੰ ਇੱਕ ਹੋਰ ਸ਼ੌਕ ਵੀ ਹੈ - ਅਤੇ ਉਹ ਹੈ ਪੁਰਾਣੇ ਪੰਜਾਬੀ ਗੀਤ ਸੰਭਾਲਣ ਦਾ ਅਤੇ ਉਨ੍ਹਾਂ ਨੂੰ ਦੂਜੇ ਲੋਕਾਂ ਤੱਕ ਪਹੁੰਚਦੇ ਕਰਨ ਦਾ।
ਲੰਘੇ ਕਰੀਬ 40-45 ਸਾਲਾਂ ਦੌਰਾਨ ਉਨ੍ਹਾਂ ਤਕਰੀਬਨ 150 ਦੇ ਕਰੀਬ ਪੁਰਾਣੇ ਤਵੇ ਅਤੇ 1500 ਦੇ ਕਰੀਬ ਕੈਸੇਟਾਂ ਜਾਂ ਰੀਲਾਂ ਇਕੱਠੀਆਂ ਕੀਤੀਆਂ ਹਨ।
ਇਸਤੋਂ ਇਲਾਵਾ ਜਲੰਧਰ ਦੂਰਦਰਸ਼ਨ ਉੱਤੇ ਆਓਂਦੇ ਰੰਗਾ-ਰੰਗ ਪ੍ਰੋਗਰਾਮ ਲਿਸ਼ਕਾਰਾ ਅਤੇ ਸੰਦਲੀ ਪੈੜ੍ਹਾਂ ਦੇ ਅਣਗਿਣਤ ਐਪੀਸੋਡ ਵੀ ਉਨ੍ਹਾਂ ਰਿਕਾਰਡਿੰਗ ਵਜੋਂ ਸਾਂਭੇ ਹੋਏ ਹਨ।
ਇਹਨਾਂ ਵਿਚਲੇ ਗੀਤ ਉਹ ਅਕਸਰ ਆਪਣੇ ਯੂਟਿਊਬ ਚੈਨਲ ਉੱਤੇ ਲੋਡ ਕਰਦੇ ਹਨ।
ਸ਼੍ਰੀ ਪਾਂਗਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗੀਤ ਪ੍ਰਤੀ ਸ਼ੌਕ ਆਪਣੇ ਪਿਤਾ ਜੀ ਕੋਲੋਂ ਪਿਆ ਜੋ ਧਾਰਮਿਕ ਗੀਤ ਅਤੇ ਢਾਡੀ ਵਾਰਾਂ ਪ੍ਰਤੀ ਖਾਸ ਲਗਾਅ ਰੱਖਦੇ ਸਨ।
"ਮੈਂ ਹੁਣ ਤਕ ਜੋ ਰਿਕਾਰਡ (ਤਵੇ) ਇਕੱਠੇ ਕੀਤੇ ਹਨ ਉਨ੍ਹਾਂ ਵਿੱਚ ਸਾਡੀ ਪੁਰਾਣੀ ਪੰਜਾਬੀ ਲੋਕ ਗਾਇਕੀ ਦੇ ਚੇਹਰਾ-ਮੋਹਰਾ ਦਾ ਪਤਾ ਲੱਗਦਾ ਹੈ ਜਦਕਿ ਇਸਤੋਂ ਇਲਾਵਾ ਰੀਲਾਂ ਜ਼ਰੀਏ ਮੈਂ ਅੱਜ ਦੇ ਕਈ ਮਕਬੂਲ ਗਾਇਕਾਂ ਦੇ ਗੀਤ ਸਾਂਭੇ ਹੋਏ ਹਨ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਸੰਗੀਤ ਲਾਇਬ੍ਰੇਰੀ ਵਿੱਚ ਮਕਬੂਲ ਲੋਕ ਗਾਇਕ ਕੁਲਦੀਪ ਮਾਣਕ, ਗੁਰਦਾਸ ਮਾਨ, ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ, ਹਜ਼ਾਰਾ ਸਿੰਘ, ਸਨੇਹ ਲਤਾ, ਆਸਾ ਸਿੰਘ ਮਸਤਾਨਾ, ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕਰਤਾਰ ਰਮਲਾ, ਅਮਰ ਸਿੰਘ ਚਮਕੀਲਾ, ਲਾਲ ਚੰਦ ਯਮਲਾ ਜੱਟ, ਕੇ.ਦੀਪ ਜਗਮੋਹਨ, ਸੁਰਿੰਦਰ ਛਿੰਦਾ ਸਮੇਤ ਹੋਰਨਾਂ ਸੈਂਕੜੇ ਗਾਇਕਾਂ ਦੇ ਗੀਤ ਵੀ ਸ਼ਾਮਲ ਹਨ।

Surjit Pangli (R) at SBS Studios, Melbourne - with SBS Punjabi host Preetinder Singh Grewal. Credit: Supplied
ਮੈਲਬੌਰਨ ਰਹਿੰਦਿਆਂ ਛੁੱਟੀ ਵਾਲ਼ੇ ਦਿਨ ਉਨ੍ਹਾਂ ਘਰ ਮਹਿਮਾਨਾਂ ਦਾ ਵੀ ਤਾਂਤਾ ਲੱਗਿਆ ਰਹਿੰਦਾ ਹੈ ਜੋ ਉਨ੍ਹਾਂ ਦੇ ਸਾਂਭੇ ਤਵਿਆਂ ਅਤੇ ਰੀਲਾਂ ਦੇ ਖ਼ਜ਼ਾਨੇ ਨੂੰ ਵੇਖਣ ਤੇ ਪੁਰਾਣੇ ਗੀਤ ਸੁਣਨ ਲਈ ਅਕਸਰ ਆਓਂਦੇ-ਜਾਂਦੇ ਰਹਿੰਦੇ ਹਨ।
"ਇਸ ਸਿਲਸਿਲੇ 'ਚ ਸਾਡਾ ਪਰਿਵਾਰ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਅਸੀਂ ਲੋਕਾਂ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਗੀਤ-ਸੰਗੀਤ ਜ਼ਰੀਏ ਕੁਝ ਰੰਗ ਭਰ ਸਕੀਏ, ਕਿਸੇ ਨੂੰ ਖੁਸ਼ ਕਰ ਸਕੀਏ," ਉਨਾਂ ਕਿਹਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ…..
LISTEN TO

ਹਜ਼ਾਰਾਂ ਪੁਰਾਣੇ ਪੰਜਾਬੀ ਗੀਤਾਂ ਦੇ ਤਵੇ ਅਤੇ ਕੈਸੇਟਾਂ ਦਾ ਖ਼ਜ਼ਾਨਾ ਸਾਂਭੀ ਬੈਠਾ ਹੈ ਮੈਲਬੌਰਨ ਦਾ ਸੁਰਜੀਤ ਪਾਂਗਲੀ
SBS Punjabi
17:24