ਕਾਮਨਵੈਲਥ ਬੈਂਕ ਅਤੇ ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੀ ਇੱਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ, ਸ਼ਹਿਰਾਂ ਦੀ ਭੀੜ ਭਾੜ ਤੋਂ ਦੂਰ ਖੇਤਰੀ ਇਲਾਕਿਆਂ ਵੱਲ ਜਾਣ ਵਾਲੇ ਲੋਕਾਂ ਵਿੱਚ ਜ਼ਿਆਦਾਤਰ ਬਹੁਤਾਤ ਨੌਜਵਾਨਾਂ ਦੀ ਹੈ।
ਸ਼ਹਿਰਾਂ ਤੋਂ ਬਾਹਰ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਨੰਬਰਾਂ ਤੋਂ ਘੱਟ ਹੀ ਚੱਲ ਰਹੀ ਹੈ ਅਤੇ ਬੇਸ਼ਕ ਇਹ ਪ੍ਰਵਾਸ ਅਜੇ ਕੁੱਝ ਮੱਠੀ ਹੈ, ਪਰ ਖੇਤਰੀ ਇਲਾਕਿਆਂ ਵਿੱਚ ਰਿਹਾਇਸ਼ਾਂ ਦੀ ਘਾਟ ਅਤੇ ਕਿਰਾਇਆਂ ਵਿੱਚ ਹੋਣ ਵਾਲੇ ਵਾਧਿਆਂ ਨੇ ਫੈਡਰਲ ਸਰਕਾਰ ਉੱਤੇ ਇਸ ਮਸਲੇ ‘ਤੇ ਗੌਰ ਕਰਨ ਲਈ ਦਬਾਅ ਹੋਰ ਵਧਾ ਦਿੱਤਾ ਹੈ।
ਕਾਮਨਵੈਲਥ ਬੈਂਕ ਅਤੇ ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਵਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਇਸ ਰਿਪੋਰਟ ਦਾ ਨਾਮ 'ਦਾ ਰੀਜਨਲ ਮੂਵਰਸ ਇੰਡੈਕਸ' ਹੈ।
ਇਸ ਰਿਪੋਰਟ ਅਨੁਸਾਰ ਵੱਡੀ ਮਾਤਰਾ ਵਿੱਚ ਪ੍ਰਵਾਸ ਕੀਤੇ ਜਾਣ ਵਾਲੇ ਇਲਾਕਿਆਂ ਵਿੱਚ ਗੋਲਡ ਕੋਸਟ, ਦਾ ਸਨਸ਼ਾਈਨ ਕੋਸਟ, ਗਰੇਟਰ ਜੀਲੋਂਗ, ਵੂਲੋਨਗੋਂਗ ਅਤੇ ਲੇਕ ਮੈਕੂਆਰੀ ਹਨ।
ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਖੇਤਰੀ ਇਲਾਕਿਆਂ ਵੱਲ ਹੋਣ ਵਾਲੀ ਪ੍ਰਵਾਸ ਜੋ ਕਿ ਵਿਦੇਸ਼ਾਂ ਤੋਂ ਆਉਣ ਵਾਲਿਆਂ ਅਤੇ ਦੂਜੇ ਖੇਤਰਾਂ ਨੂੰ ਮਿਲਾ ਕੇ ਤੈਅ ਕੀਤੀ ਜਾਂਦੀ ਹੈ, ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਅਜੇ ਵੀ 35% ਦੀ ਘਾਟ ਹੈ। ਪਰ ਇਹ ਸ਼ਹਿਰਾਂ ਵੱਲ ਹੋਣ ਵਾਲੇ ਪ੍ਰਵਾਸ ਦੇ ਮੁਕਾਬਲੇ ਕਿਤੇ ਜਿਆਦਾ ਹੈ।
ਮਾਈਲੇਨਿਅਲਸ, ਜੋ ਕਿ 24 ਤੋਂ 40 ਸਾਲ ਦੀ ਉਮਰ ਵਰਗ ਦੇ ਵਿਅਕਤੀ ਹਨ, ਮਹਾਂਮਾਰੀ ਤੋਂ ਪਹਿਲਾਂ ਸ਼ਹਿਰਾਂ ਤੋਂ ਖੇਤਰੀ ਇਲਾਕਿਆਂ ਵੱਲ ਜਾਣ ਵਾਲੇ ਸਭ ਤੋਂ ਜ਼ਿਆਦਾ ਲੋਕ ਸਨ। ਪਰ ਇਹ ਚਲਨ 2020 ਤੋਂ ਬਾਅਦ ਹੀ ਵਧਿਆ ਸੀ।
ਨਿਊ ਸਾਊਥ ਵੇਲਜ਼ ਵਿੱਚ ਖੇਤਰੀ ਇਲਾਕਿਆਂ ਵੱਲ ਜਾਣ ਵਾਲੇ ਲੋਕਾਂ ਦੀ ਔਸਤ ਉਮਰ 37 ਤੋਂ ਘੱਟ ਕੇ 33 ਹੋ ਗਈ ਹੈ।
ਇਸੇ ਤਰਾਂ ਸਾਊਥ ਆਸਟ੍ਰੇਲੀਆ ਵਿੱਚ ਵੀ ਇਹ ਔਸਤ ਉਮਰ 38 ਤੋਂ 34 ਅਤੇ ਕੂਈਨਜ਼ਲੈਂਡ ਵਿੱਚ 35 ਤੋਂ 33 ਹੋ ਗਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ‘ਤੇ ਉੱਤੇ ਵੀ ਫਾਲੋ ਕਰੋ।