ਹੰਗਾਮੀ ਹਾਲਤ ਵਿੱਚ ਬਿਠਾਈ ਸੰਸਦ ਨੇ ਦੂਜੇ ਉਸ ਪੈਕੇਜ ਨੂੰ ਪਾਸ ਕਰ ਦਿੱਤਾ ਹੈ ਜਿਸ ਨਾਲ ਕਾਮਿਆਂ ਅਤੇ ਛੋਟੇ ਅਦਾਰਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇਗੀ।
ਅਜਿਹਾ ਉਦੋਂ ਦੇਖਿਆ ਜਾ ਰਿਹਾ ਹੈ ਜਦੋਂ ਫੈਡਰਲ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਮਾਜਕ ਇਕੱਠਾਂ ਅਤੇ ਕਈ ਜਨਤਕ ਥਾਵਾਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਸਮੇਂ ਪੱਬ, ਕਲੱਬ ਅਤੇ ਰੈਸਟੋਰੈਂਟਾਂ ਦੇ ਬੰਦ ਹੋਣ ਕਾਰਨ ਆਮ ਕਾਮੇਂ ਅਤੇ ਕਾਰੋਬਾਰੀ ਮਾਲਕ ਸੰਘਰਸ਼ ਵਿੱਚੋਂ ਦੀ ਲੰਘ ਰਹੇ ਹਨ।
ਸੰਸਦ ਵਿੱਚ 10 ਨਵੇਂ ਕਾਨੂੰਨਾਂ ਅਤੇ 24 ਸਟਿਮੁਲਸ ਸਾਧਨਾਂ ਉੱਤੇ ਬਹਿਸ ਕੀਤੀ ਗਈ। ਦੋਵੇਂ ਪੈਕੇਜਾਂ ਦੁਆਰਾ ਕੁੱਲ 83 ਬਿਲਿਅਨ ਡਾਲਰਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਹੈ।
ਨਵੇਂ ਉਪਾਵਾਂ ਤਹਿਤ ਜੋਬਸੀਕਰਸ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦੁਗਣੀ ਕੀਤੀ ਜਾਵੇਗੀ, ਅਤੇ ਬੇਰੁਜ਼ਗਾਰ ਹੋਏ ਕਾਮਿਆਂ ਅਤੇ ਛੋਟੇ ਅਦਾਰਿਆਂ ਨੂੰ 500 ਡਾਲਰ ਹਰ ਪੰਦਰਵਾੜੇ ਦੌਰਾਨ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਛੋਟੇ ਕਾਰੋਬਾਰਾਂ ਨੂੰ 10 ਹਜਾਰ ਡਾਲਰ ਦੀ ਅਦਾਇਗੀ ਅਤੇ ਜਿਹੜੇ ਆਸਟ੍ਰੇਲੀਅਨ ਕੋਰੋਨਾਵਾਇਰਸ ਦੀ ਮੱਦ ਹੇਠ ਨਹੀਂ ਆਉਂਦੇ, ਨੂੰ 750 ਡਾਲਰਾਂ ਦੀ ਅਦਾਇਗੀ ਕੀਤੀ ਜਾ ਸਕਦੀ ਹੈ।
ਸੰਸਦ ਵਿੱਚ ਉਸ ਸਮੇਂ ਤਣਾਅ ਵੱਧ ਗਿਆ ਜਦੋਂ ਇਹ ਖੁਲਾਸਾ ਹੋਇਆ ਕਿ 750 ਡਾਲਰਾਂ ਵਾਲਾ ਭਲਾਈ-ਭੱਤਾ ਪ੍ਰਾਪਤ ਕਰਨ ਵਾਲਿਆਂ ਨੂੰ ਜੂਲਾਈ ਤੱਕ ਇਸ ਦਾ ਇੰਤਜਾਰ ਕਰਨਾ ਪਵੇਗਾ।
ਵਿਰੋਧੀ ਧਿਰ ਨੇ ਇਸ ਮਸਲੇ ਦੀ ਗੰਭੀਰਤਾ ਉੱਤੇ ਚਾਨਣਾ ਪਾਇਆ ਅਤੇ ਸ਼ੈਡੋ ਖਜਾਨਚੀ ਜਿਮ ਚਾਲਮਰਸ ਨੇ ਕਿਹਾ ਕਿ ਲੋਕਾਂ ਨੂੰ ਜਲਦੀ ਹੀ ਇਹ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਵਿਰੋਧੀ ਧਿਰ ਨੇ ਆਰਜ਼ੀ ਕਾਮਿਆਂ ਉੱਤੇ ਵਧ ਰਹੇ ਪ੍ਰਭਾਵਾਂ ਦੇ ਸਿੱਟਿਆਂ ਉੱਤੇ ਵੀ ਬਹਿਸ ਕੀਤੀ।
ਇਸ ਦੌਰਾਨ ਦੇਸ਼ ਭਰ ਵਿੱਚ ਸੈਂਟਰਲਿੰਕ ਦਫਤਰਾਂ ਦੇ ਬਾਹਰ ਸਰਕਾਰ ਤੋਂ ਆਰਥਿਕ ਮਦਦ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਸੈਂਟਰਲਿੰਕ ਦੀਆਂ ਸੇਵਾਵਾਂ ਤੇ ਪਏ ਵਾਧੂ ਬੋਝ ਦਾ ਮੁਕਾਬਲਾ ਕਰਨ ਲਈ 5000 ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।