ਪਿਛਲੇ ਦਿਨੀਂ ਇਮਰਾਨ ਖਾਨ ਦੇ ਕੋਰਟ ਸਾਹਮਣੇ ਪੇਸ਼ ਨਾ ਹੋਣ ਕਾਰਨ ਇੱਕ ਅਦਾਲਤ ਵਲੋਂ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ।
ਪਰ ਪੁਲਿਸ ਵੱਲੋਂ ਇਮਰਾਨ ਖਾਨ ਦੇ ਘਰ 'ਤੇ ਛਾਪੇਮਾਰੀ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਖਾਨ ਦਾ ਗ੍ਰਿਫਤਾਰੀ ਵਾਰੰਟ ਰੱਦ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਆਪਣੇ ਖਿਲਾਫ ਦਾਇਰ ਨਵੇਂ ਮਾਮਲਿਆਂ ਵਿੱਚ ਸੁਰੱਖਿਆਤਮਕ ਜ਼ਮਾਨਤ ਲਈ ਅਰਜ਼ੀ ਦੇਣ ਲਈ, ਮੰਗਲਵਾਰ ਨੂੰ ਬੁਲੇਟਪਰੂਫ ਜੈਕਟਾਂ ਦੀ ਸੁਰੱਖਿਆ ਦੇ ਨਾਲ ਉਹ ਲਾਹੌਰ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅੱਤਾ ਬੰਦਿਆਲ ਨੂੰ ਵੀਡੀਓ ਲਿੰਕ ਰਾਹੀਂ ਅਦਾਲਤੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ ।
ਇੱਕ ਵੀਡੀਓ ਲਾਈਵ ਸਟ੍ਰੀਮ ਰਾਹੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਵੀਡੀਓ ਰਾਹੀਂ ਦਿੱਤੇ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ,"ਇਸ ਦੇਸ਼ ਦੀ ਇਸ ਹਾਲਤ ਵਿੱਚ ਚੋਣ ਨਤੀਜੇ ਸਪੱਸ਼ਟ ਹਨ। ਮੌਜੂਦਾ ਸਰਕਾਰ ਜੋ ਮਰਜ਼ੀ ਕਰ ਲਵੇ, ਉਹ ਚੋਣਾਂ ਨਹੀਂ ਜਿੱਤ ਸਕਦੀ, ਇਸੇ ਲਈ ਉਹ ਮੈਨੂੰ ਮਾਰਨਾ ਚਾਹੁੰਦੇ ਹਨ। ਮੈਂ ਇਹ ਵਾਰ-ਵਾਰ ਕਹਿ ਰਿਹਾ ਹਾਂ ਕਿਉਂਕਿ ਮੇਰੀ ਜਾਨ ਖਤਰੇ ਵਿੱਚ ਹੈ, ਇਸੇ ਖਤਰੇ ਕਾਰਨ ਮੈਂ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।"
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਅੱਜ ਬੁੱਧਵਾਰ ਨੂੰ ਲਾਹੌਰ ਵਿੱਚ ਇੱਕ ਰੈਲੀ ਲਈ ਤਿਆਰ ਹੈ।
ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...