ਨਿਊ ਸਾਊਥ ਵੇਲਜ਼ ਦੇ ਇੱਕ ਪੁਲਿਸ ਅਫਸਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇੱਕ ਆਦਿਵਾਸੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਸਮੇਂ ਜਬਰਦਸਤੀ ਕਿਉਂ ਕੀਤੀ ਸੀ, ਅਤੇ ਉਸ ਨੂੰ ਜਮੀਨ ਉੱਤੇ ਕਿਉਂ ਸੁੱਟਿਆ ਸੀ?
ਪ੍ਰਾਪਤ ਹੋਈ ਇੱਕ ਵੀਡੀਓ ਤੋਂ ਪਤਾ ਚੱਲਿਆ ਹੈ ਕਿ 17 ਸਾਲਾਂ ਦੇ ਆਦਿਵਾਸੀ ਨੌਜਵਾਨ ਅਤੇ ਨਿਊ ਸਾਊਥ ਵੇਲਜ਼ ਦੇ ਪੁਲਿਸ ਅਧਿਕਾਰੀ ਵਿੱਚਕਾਰ ਗਰਮਾ ਗਰਮ ਬਹਿਸ ਤੋਂ ਬਾਅਦ ਨੌਬਤ ਸ਼ਰੀਰਕ ਝੜਪ ਤੱਕ ਪਹੁੰਚ ਗਈ ਸੀ।
ਨੌਜਵਾਨ ਵਲੋਂ ਪੁਲਿਸ ਅਫਸਰ ਦਾ ਜਬਾੜਾ ਭੰਨ ਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਅਫਸਰ ਨੇ ਉਸ ਨੌਜਵਾਨ ਨੂੰ ਪਿੱਠ ਪਿੱਛੇ ਹੱਥ ਕਰਨ ਲਈ ਕਿਹਾ ਸੀ। ਉਸ ਤੋਂ ਬਾਅਦ ਇਸ ਨੌਜਵਾਨ ਦੀਆਂ ਲੱਤਾਂ ਨੂੰ ਹੋਰ ਚੌੜਾ ਕਰਦੇ ਹੋਏ ਉਸ ਨੂੰ ਜਮੀਨ ਤੇ ਸੁੱਟਦੇ ਹੋਏ ਹਥਕੜੀ ਲਗਾਈ ਗਈ ਸੀ।
ਇਸ ਪੁਲਿਸ ਅਫਸਰ ਨੂੰ ਸੀਮਤ ਸੇਵਾਵਾਂ ਵਿੱਚ ਲਗਾ ਦਿੱਤਾ ਗਿਆ ਹੈ ਅਤੇ ਪਰੋਫੈਸ਼ਨਲ ਸਟੈਂਡਰਡਸ ਕਮਾਂਡ ਵਲੋਂ ਇਸ ਮਾਮਲੇ ਉੱਤੇ ਜਾਂਚ ਅਰੰਭੀ ਗਈ ਹੈ। ਉਕਤ ਨੌਜਵਾਨ ਉੱਤੇ ਕੋਈ ਪਰਚਾ ਨਹੀਂ ਕੀਤਾ ਗਿਆ ਹੈ ਅਤੇ ਉਸ ਨੂੰ ਲੱਗੀਆਂ ਮਾਮੂਲੀ ਸੱਟਾਂ ਦੇ ਇਲਾਜ ਤੋਂ ਬਾਅਦ ਉਸ ਨੂੰ ਸੇਂਟ ਵਿਨਸੇਂਟ ਹਸਪਤਾਲ ਵਿੱਚੋਂ ਘਰ ਭੇਜ ਦਿੱਤਾ ਗਿਆ ਹੈ। ਐਨ ਐਸ ਡਬਲਿਊ ਅਸਿਸਟੈਂਟ ਪੁਲਿਸ ਕਮਿਸ਼ਨਰ ਮਿੱਕ ਵਿਲਿੰਗ ਦਾ ਕਹਿਣਾ ਹੈ ਕਿ ਜਾਂਚ ਤੋਂ ਸਭ ਸਾਫ ਹੋ ਜਾਵੇਗਾ।
ਇਸ ਸਮੇਂ ਜਦੋਂ ਯੂਨਾਇਟੇਡ ਸਟੇਟਸ ਵਿੱਚ ਵੀ ਵਿਆਪਕ ਪ੍ਰਦਰਸ਼ਨ ਇਸ ਲਈ ਹੋ ਰਹੇ ਹਨ ਕਿਉਂਕਿ ਉੱਥੋਂ ਦੇ ਇੱਕ ਅਫਰੀਕੀ-ਅਮਰੀਕੀ ਮੂਲ ਦੇ ਨੌਜਵਾਨ ਦੀ ਮਿਨਿਆਪੋਲਿਸ ਦੇ ਅਫਸਰ ਹੱਥੋਂ ਮੌਤ ਹੋ ਗਈ ਸੀ। 40 ਤੋਂ ਜਿਆਦਾ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਸੁਤੰਤਰ ਤੌਰ ਤੇ ਕਰਵਾਈ ਇੱਕ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ 46 ਸਾਲਾਂ ਦੇ ਜਾਰਜ ਫਲੋਇਡ ਦੀ ਮੌਤ ਸਾਹ ਘੁਟਣ ਕਾਰਨ ਹੋਈ ਸੀ, ਕਿਉਂਕਿ ਇਸ ਪੁਲਿਸ ਅਧਿਕਾਰੀ ਨੇ ਉਸ ਦੇ ਗਰਦਨ ਅਤੇ ਪਿੱਠ ਉੱਤੇ ਗੋਡੇ ਨਾਲ ਦਬਾਅ ਪਾਇਆ ਸੀ।
ਇਸ ਘਟਨਾ ਦੀ ਫਿਲਮ ਬਣਾਈ ਗਈ ਸੀ ਜਿਸ ਦੇ ਜਵਾਬ ਵਿੱਚ ‘ਮੇਰਾ ਵੀ ਸਾਹ ਘੁੱਟਦਾ ਹੈ’ ਨਾਮੀ ਪ੍ਰਦਰਸ਼ਨਾਂ ਨੇ ਜੋਰ ਫੜਿਆ ਹੋਇਆ ਹੈ। ਅਜਿਹੇ ਹਾਲਾਤ ਸਾਲ 2014 ਵਿੱਚ ਵੀ ਬਣੇ ਸਨ ਜਦੋਂ 43 ਸਾਲਾਂ ਦੇ ਇੱਕ ਹੋਰ ਅਫਰੀਕੀ-ਅਮਰੀਕੀ ਮੂਲ ਦੇ ਐਰਿਕ ਗਾਰਨਰ ਦੀ ਮੌਤ ਵੀ ਪੁਲਿਸ ਹੱਥੋਂ ਹੋ ਗਈ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਪਰਥ ਵਿੱਚ ਵੀ ਆਦਿਵਾਸੀ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤੇ ਗਏ ਸਨ।
ਇਹਨਾਂ ਪ੍ਰਦਰਸ਼ਨਾਂ ਵਿੱਚ ਜਿੱਥੇ ਯੂਨਾਇਟੇਡ ਸਟੇਟਸ ਦੇ ਪ੍ਰਦਰਸ਼ਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ, ਉੱਥੇ ਨਾਲ ਹੀ ਇੱਥੋਂ ਦੇ ਆਦਿਵਾਸੀ ਭਾਈਚਾਰੇ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਵੀ ਉਜਾਗਰ ਕੀਤਾ ਗਿਆ ਸੀ।
ਪਾਲ ਸਿਲਵਾ ਦਾ ਕਹਿਣਾ ਹੈ ਕਿ ਉਸ ਨੁੰ ਇਹਨਾਂ ਘਟਨਾਵਾਂ ਤੋਂ ਬਹੁਤ ਸਦਮਾ ਪਹੁੰਚਿਆ ਹੈ ਅਤੇ ਉਹ ਫੈਡਰਲ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਹਿਰਾਸਤਾਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਬੰਦ ਕਰੇ।
ਸਾਲ 1991 ਵਿੱਚ ਇੱਕ ਰਾਇਲ ਕਮਿਸ਼ਨ ਵੀ ਬਣਾਇਆ ਗਿਆ ਸੀ। ਅਤੇ ਉਸ ਸਮੇਂ ਤੋਂ ਲੈ ਕਿ ਹੁਣ ਤੱਕ 432 ਐਬਰੋਜੀਨਲ ਲੋਕਾਂ ਦੀ ਹਿਰਾਸਤ ਵਿੱਚ ਹੀ ਮੌਤ ਹੋ ਚੁੱਕੀ ਹੈ। ਪਿਛਲ ਸਾਲ ਨਾਰਦਰਨ ਟੈਰੀਟੋਰੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਦੋ ਨੌਜਵਾਨਾਂ ਨੂੰ ਵਿਕਟੋਰੀਆ ਵਿੱਚ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਕਮਿਸ਼ਨ ਵਲੋਂ ਜਾਰੀ ਕੀਤੀਆਂ 339 ਸਿਫਾਰਸ਼ਾਂ ਵਿੱਚੋਂ ਸਿਰਫ ਕੁੱਝ ਇੱਕ ਨੂੰ ਹੀ ਲਾਗੂ ਕੀਤਾ ਗਿਆ ਹੈ। ਫੈਡਰਲ ਲੇਬਰ ਪਾਰਟੀ ਵਲੋਂ ਇੰਡੀਜਿਨਸ ਮਾਮਲਿਆਂ ਦੀ ਵਕਤਾ ਲਿੰਡਾ ਬਰਨੀ ਨੇ ਏਬੀਸੀ ਨੂੰ ਕਿਹਾ ਕਿ ਆਦਿਵਾਸੀ ਭਾਈਚਾਰੇ ਦਾ ਇਤਨੀ ਜਿਆਦਾ ਮਾਤਰਾ ਵਿੱਚ ਜੇਲ੍ਹਾਂ ਵਿੱਚ ਬੰਦ ਹੋਣਾ ਬਹੁਤ ਹੀ ਫਿਕਰ ਕਰਨ ਵਾਲਾ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸ ਜਤਾਈ ਹੈ ਕਿ ਯੂਨਾਇਟੇਡ ਸਟੇਟਸ ਦੇ ਰਾਸ਼ਟਰਪਤੀ ਉੱਥੋਂ ਦੀ ਸਥਿਤੀ ਉੱਤੇ ਜਲਦ ਹੀ ਕਾਬੂ ਪਾ ਲੈਣਗੇ॥ ਪਰ ਨਾਲ ਹੀ ਉਹਨਾਂ ਨੇ ਸਿਡਨੀ ਦੇ 2ਜੀਬੀ ਰੇਡਿਓ ਸਟੇਸ਼ਨ ਉੱਤੇ ਬੋਲਦੇ ਹੋਏ ਉਹਨਾਂ ਆਸਟ੍ਰੇਲੀਅਨ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਜੋ ਕਿ ਪ੍ਰਦਰਸ਼ਨਾਂ ਨੂੰ ਵਧਾਉਣ ਦੀ ਗੱਲ ਕਰ ਰਹੇ ਹਨ। ਅੱਜ 3 ਜੂਨ ਸਿਡਨੀ ਵਿੱਚ ਵੀ ਕੁੱਝ ਪ੍ਰਦਰਸ਼ਨ ਉਲੀਕੇ ਗਏ ਸਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।