ਭਾਰਤ ਦੇ ਦੱਖਣੀ ਸੂਬੇ ਤੋਂ 24,000 ਕਿਲੋਮੀਟਰ ਤੋਂ ਵੀ ਲੰਬਾ ਪੈੜਾ ਤੈਅ ਕਰਕੇ ਪ੍ਰੋਫੈਸਰ ਰਾਓ ਜਦੋਂ ਉੱਤਰੀ ਭਾਰਤ ਦੇ 'ਸਿਟੀ ਬਿਊਟੀਫੁਲ' 'ਚ ਆਕੇ ਲੱਗੇ ਤਾ ਓਹਨਾ ਸੋਚਿਆ ਵੀ ਨਹੀਂ ਸੀ, ਕਿ ਪੰਜਾਬ ਨਾਲ ਓਹਨਾ ਦਾ ਨਾਤਾ ਇੰਨਾ ਗਹਿਰਾ ਹੋ ਜਾਏਗਾ।
ਸਾਦਾ ਜਿਹਾ ਜੀਵਨ ਵਤੀਤ ਕਰਨ ਵਾਲੇ ਪ੍ਰੋਫੈਸਰ ਰਾਓ ਆਪਣੇ ਸਾਈਕਲ ਦੇ ਅੱਗੇ ਇਕ ਤਖ਼ਤੀ ਲੈਕੇ ਘੁੰਮਦੇ ਹਨ, ਜਿਸ 'ਤੇ "ਪੈਂਤੀ" ਲਿਖੀ ਹੁੰਦੀ ਹੈ. ਮਕਸਦ ਹੈ, ਲੋਕਾਂ ਨੂੰ ਭਾਸ਼ਾ ਨਾਲ ਜੋੜਣ ਦਾ. ਪਰ ਪ੍ਰੋਫੈਸਰ ਰਾਓ ਖੁਦ ਪੰਜਾਬੀ ਨਾਲ ਕਿਵੇਂ ਜੁੜੇ, ਇਸ ਬਾਰੇ ਉਹ ਚਾਅ ਨਾਲ ਦੱਸਦੇ ਨੇ, "ਜਦੋਂ ਮੈਂ ਚੰਡੀਗੜ੍ਹ ਦੇ ਕਾਲਜ 'ਚ ਸਮਾਜ ਸ਼ਾਸਤਰ ਪੜਾਉਣਾ ਸ਼ੁਰੂ ਕੀਤਾ, ਤਾਂ ਮੈਂ ਵੇਖਿਆ ਕਿ ਜਿਆਦਾਤਰ ਵਿਦਿਆਰਥੀ ਪੇਂਡੂ ਪਿਛੋਕੜ ਤੋਂ ਹਨ, ਅਤੇ ਅੰਗਰੇਜ਼ੀ ਨਹੀਂ ਸਮਝ ਪਾਉਂਦੇ। ਉਹਨਾਂ ਨੂੰ ਸਮਝਾਉਣ ਖਾਤਿਰ ਮੈਂ ਪੰਜਾਬੀ ਸਿੱਖ ਲਈ".
ਪਿੱਛੇ ਜਿਹੇ ਜਦੋਂ ਪੰਜਾਬੀ ਦੀ ਬੇਕਦਰੀ ਨੂੰ ਲੈਕੇ ਲੋਕਾਂ ਨੇ ਸੜਕਾਂ ਕਿਨਾਰੇ ਲੱਗੇ ਦਿਸ਼ਾ-ਨਿਰਦੇਸ਼ ਬੋਰਡਾਂ 'ਤੇ ਕੂਚੀ ਫੇਰਨਾ ਸ਼ੁਰੂ ਕੀਤਾ, ਤਾ ਪ੍ਰੋਫੈਸਰ ਰਾਓ ਨੇ ਵੀ ਮੁਹਿੰਮ ਚਲਾਈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵੀ ਭਰਵਾਂ ਹੁੰਗਾਰਾ ਮਿਲਿਆ।
Source: YouTube
ਪੰਜਾਬੀ ਲਈ ਸ਼ੁਰੂ ਹੋਇਆ ਪ੍ਰੇਮ ਪ੍ਰੋਫੈਸਰ ਰਾਓ ਨੂੰ ਇਸ ਕਦਰ ਦੀਵਾਨਾ ਕਰ ਗਿਆ,ਕਿ ਓਹਨਾ ਜਪੁਜੀ ਸਾਹਿਬ ਦਾ ਪੰਜਾਬੀ ਭਾਸ਼ਾ ਤੋਂ ਅਨੁਵਾਦ ਤੋਂ ਆਪਣੀ ਮਾਂ-ਬੋਲੀ ਕੰਨ੍ਹੜ 'ਚ ਕੀਤਾ। ਇਸ ਮਗਰੋਂ ਇਕ ਤੋਂ ਬਾਅਦ ਇਕ ਪੰਜਾਬੀ ਸਾਹਿਤ, ਸਿੱਖ ਧਰਮ ਤੇ ਇਤਿਹਾਸ ਨਾਲ ਜੁੜੇ ਦਸਤਾਵੇਜ਼ ਅਤੇ ਧਾਰਮਿਕ ਸਮੱਗਰੀ ਦਾ ਕੰਨ੍ਹੜ ਅਨੁਵਾਦ ਕਰਦੇ ਰਹੇ.
ਸਮਾਜ ਸ਼ਾਸਤਰ ਨਾਲ ਜੁੜੇ ਹੋਣ ਕਰਕੇ ਪ੍ਰੋਫੈਸਰ ਰਾਓ ਨੇ ਪੰਜਾਬ ਸੂਬੇ 'ਚ ਹੀ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਦਸ਼ਾ 'ਤੇ ਕੁਝ ਕਰਨ ਦੀ ਸੋਚੀ। ਅਤੇ ਸਿੱਟਾ ਕੱਢਿਆ ਕਿ ਸਭ ਤੋਂ ਪਹਿਲਾਂ ਤਾ ਪੰਜਾਬੀ 'ਚ ਬਣ ਰਹੇ ਗੀਤਾਂ 'ਚੋ ਲੱਚਰਤਾ ਅਤੇ ਹਿੰਸਾ ਨੂੰ ਕੱਢਿਆ ਜਾਵੇ ਅਤੇ ਭਾਸ਼ਾ ਦੇ ਸਨਮਾਨ ਲਈ ਉਹਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਪਾਈ।
ਪੰਜਾਬੀ ਭਾਸ਼ਾ ਨੂੰ ਬਣਦੇ ਦਰਜੇ ਦੀ ਮੁੜ ਮੰਗ ਨੂੰ ਲੈਕੇ ਜਿਹੜੀ ਲੜਾਈ ਪ੍ਰੋਫੈਸਰ ਰਾਓ ਨੇ ਛੇੜੀ ਹੈ, ਉਸ ਨੂੰ ਦੇਸ਼ਾਂ- ਵਿਦੇਸ਼ਾਂ 'ਚੋ ਚੰਗਾ ਹੁਲਾਰਾ ਮਿਲ ਰਿਹਾ।