ਸਕਿਲਡ ਖੇਤਰੀ ਵੀਜ਼ਾ ਧਾਰਕ ਮੀਨੂੰ ਰਾਣੀ ਫਰਵਰੀ 2020 ਵਿਚ ਆਪਣੇ ਪਤੀ ਅਤੇ ਬੱਚਿਆਂ ਸਮੇਤ ਪੰਜਾਬ ਦੇ ਫਗਵਾੜਾ ਨੇੜੇ ਆਪਣੇ ਜੱਦੀ ਪਿੰਡ ਗਈ ਸੀ।
ਪਰ ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਛੇ ਹਫ਼ਤਿਆਂ ਦਾ ਥੋੜਾ ਸਮਾਂ ਉਨ੍ਹਾਂ ਨੂੰ ਇੱਕ ਅਜਿਹੀ ਮੁਸ਼ਕਿਲ ਪੈਦਾ ਕਰੇਗਾ ਜਿਸ ਤਹਿਤ ਉਹ ਆਸਟ੍ਰੇਲੀਆ ਮੁੜ ਆਉਣ ਲਈ ਤਰਸਣਗੇ।
ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਸਥਾਪਿਤ ਹੋਣ ਲਈ ਉਹ ਹੁਣ ਤੱਕ ਹਜ਼ਾਰਾਂ ਡਾਲਰ ਖਰਚ ਚੁਕੇ ਹਨ।
“ਸਾਡੇ ਲਈ ਇਹ ਇੱਕ ਬਹੁਤ ਔਖਾ ਸਮਾਂ ਹੈ। ਪਿਛਲੇ ਡੇਢ ਸਾਲ ਤੋਂ ਅਸੀਂ ਆਪਣਾ ਕਿਰਾਇਆ, ਕਾਰ ਬੀਮਾ ਅਤੇ ਹੋਰ ਵੀ ਬਹੁਤ ਸਾਰੇ ਖਰਚੇ ਇਸ ਆਸ ਨਾਲ ਜਾਰੀ ਰੱਖ ਰਹੇ ਹਾਂ ਕਿ ਅਸੀਂ ਆਸਟ੍ਰੇਲੀਆ ਵਿਚ ਆਪਣੀ ਜ਼ਿੰਦਗੀ ਵਿੱਚ ਵਾਪਸ ਸਥਾਪਿਤ ਹੋਣ ਦੇ ਯੋਗ ਹੋਵਾਂਗੇ।
"ਮੇਰਾ ਪੁੱਤਰ ਪਿਛਲੇ ਇਕ ਸਾਲ ਤੋਂ ਸਕੂਲ ਨਹੀਂ ਗਿਆ ਹੈ, ਅਤੇ ਮੈਨੂੰ ਚਿੰਤਾ ਹੈ ਕਿ ਉਹ ਸਿੱਖਣ ਦਾ ਮਹੱਤਵਪੂਰਣ ਸਮਾਂ ਗੁਆ ਰਿਹਾ ਹੈ, ਜਿਸਦਾ ਉਸਦੀ ਜ਼ਿੰਦਗੀ ਉੱਤੇ ਲੰਮੇ ਸਮੇਂ ਲਈ ਪ੍ਰਭਾਵ ਪੈ ਸਕਦਾ ਹੈ," ਸ੍ਰੀਮਤੀ ਰਾਣੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਪਰਿਵਾਰ ਨੂੰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਉਹ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਆਪਣਾ ਉਹ ਮੌਕਾ ਗੁਆ ਸਕਦੇ ਹਨ, ਜਿਸਦੇ ਲਈ ਉਨ੍ਹਾਂ ਅਕਤੂਬਰ ਵਿੱਚ ਯੋਗ ਹੋ ਜਾਣਾ ਸੀ।
“ਅਸੀਂ 489 ਵੀਜ਼ਾ ਉੱਤੇ ਹਾਂ ਅਤੇ ਆਮ ਹਾਲਤਾਂ ਵਿੱਚ ਸਾਡੀ ਇਸ ਸਾਲ ਦੇ ਅਖੀਰ ਵਿੱਚ ਪੀ ਆਰ ਹੋ ਜਾਣੀ ਸੀ। ਪਰ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਬਾਹਰ ਡੇਢ ਸਾਲ ਬਿਤਾਏ ਹਨ, ਇਸ ਲਈ ਮੈਨੂੰ ਡਰ ਹੈ ਕਿ ਅਸੀਂ ਹੁਣ 12 ਸਾਲ ਦੇ ਇਸ ਲੰਬੇ ਸੰਘਰਸ਼ ਤੋਂ ਬਾਅਦ ਵੀ ਇਸ ਲਈ ਯੋਗ ਨਹੀਂ ਹੋ ਸਕਦੇ।
ਮੀਨੂੰ ਇਕੱਲੀ ਨਹੀਂ ਹੈ। ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, 29 ਮਾਰਚ ਤੱਕ ਸਕਿੱਲਡ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ ਸਬ-ਕਲਾਸ 489 ਅਤੇ ਸਕਿਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ ਸਬਕਲਾਸ 491 ਦੇ ਕੁੱਲ 6,230 ਧਾਰਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਇਹਨਾਂ ਅੰਕੜਿਆਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਬਿਨੈਕਾਰ ਸ਼ਾਮਲ ਹਨ।
489 ਵੀਜ਼ਾ ਧਾਰਕ ਅਲੀ ਰਿਆਦ ਅਬਦੁੱਲਾ ਇੱਕ ਟੈਲੀਗ੍ਰਾਮ ਸਮੂਹ ‘ਸਟ੍ਰੈਂਡਡ ਸਕਿਲਡ ਮਾਈਗ੍ਰਾਂਟ ਆਫ ਰੀਜਨਲ ਆਸਟ੍ਰੇਲੀਆ (ਐਸ ਐਸ ਐਮ ਓ ਆਰ ਏ) ਚਲਾ ਰਿਹਾ ਹੈ।
ਇਸ ਸਮੂਹ ਵਿੱਚ ਦੁਨੀਆ ਭਰ ਤੋਂ ਇੱਕ ਹਜ਼ਾਰ ਤੋਂ ਵੀ ਵੱਧ 489 ਅਤੇ 491 ਵੀਜ਼ਾ ਧਾਰਕ ਸ਼ਾਮਲ ਹਨ।
ਸ਼੍ਰੀ ਅਬਦੁੱਲਾ ਨੂੰ ਇੱਕ ਬਿਜਨਸ ਡਿਵੈਲਪਮੈਂਟ ਮੈਨੇਜਰ ਵਜੋਂ ਦਸੰਬਰ 2018 ਵਿੱਚ ਉੱਤਰੀ ਪ੍ਰਦੇਸ਼ ਵਿੱਚ ਮਾਈਗਰੇਟ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਪਰ ਹੁਣ ਉਸਨੂੰ ਡਰ ਹੈ ਕਿ ਜੇ ਅੰਤਰਰਾਸ਼ਟਰੀ ਸਰਹੱਦ ਇਕ ਹੋਰ ਸਾਲ ਬੰਦ ਰਹਿੰਦੀ ਹੈ ਤਾਂ ਉਹ ਆਪਣੇ ਸਥਾਈ ਨਿਵਾਸ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ।
ਟੈਲੀਗ੍ਰਾਮ ਸਮੂਹ ਦੀ ਤਰਫੋਂ ਬੋਲਦਿਆਂ ਸ੍ਰੀ ਅਬਦੱਲਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਪ੍ਰਵਾਸੀ ਮੋਰਿਸਨ ਸਰਕਾਰ ਨੂੰ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨਾਲੋਂ ਵਾਪਸੀ ਲਈ ਤਰਜੀਹ ਦੀ ਅਪੀਲ ਨਹੀਂ ਕਰ ਰਹੇ ਹਨ।
ਸਗੋਂ ਉਹ ਤਾਂ ਇਸ ਗੱਲ ਦਾ ਭਰੋਸਾ ਚਾਹੁੰਦੇ ਹਨ ਕਿ ਹਾਲਤ ਸੁਧਰਨ ਉੱਤੇ ਇਹਨਾਂ ਹੁਨਰਮੰਦ ਪ੍ਰਵਾਸੀਆਂ ਲਈ ਵੀਜ਼ਾ ਵਧਾਕੇ, ਸ਼ਰਤਾਂ ਵਿੱਚ ਨਰਮਾਈ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਸਥਾਈ ਨਿਵਾਸ ਲਈ ਪਹਿਲਾਂ ਵਾਂਗ ਯੋਗਤਾ ਪੂਰੀ ਕਰ ਸਕਣ।
ਸਕਿਲਡ ਖੇਤਰੀ ਵੀਜ਼ਾ ਧਾਰਕ ਮੀਨੂੰ ਰਾਣੀ ਨੇ ਵੀ ਸਰਕਾਰ ਤੋਂ ਇਹੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਉਨ੍ਹਾਂ ਲੋਕਾਂ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਹੈ ਜੋ ਇਥੇ ਸਥਾਪਿਤ ਹੋਣ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਹਨ।

Ali Riad Abdallah. Source: Supplied by Ali Riad Abdallah
ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ:
LISTEN TO

ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ
SBS Punjabi
04:24
Read this story in English

Skilled migrants stuck outside Australia seek visa extensions to continue pathway to permanent residency
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।